ਤਾਪਮਾਨ ’ਚ ਵਾਧੇ ਨੇ ਕਿਸਾਨਾਂ ਦੀ ਚਿੰਤਾ ਵਧਾਈ
ਤਾਪਮਾਨ ’ਚ ਵਾਧੇ ਨੇ ਕਿਸਾਨਾਂ ਦੀ ਚਿੰਤਾ ਵਧਾਈ
Publish Date: Mon, 16 Feb 2026 06:27 PM (IST)
Updated Date: Tue, 17 Feb 2026 04:06 AM (IST)

ਫਰਵਰੀ ਦੇ ਅੱਧ ਵਿੱਚ ਦੁਪਹਿਰ ਸਮੇ ਗਰਮੀ ਮਹਿਸੂਸ ਹੋਣ ਲੱਗੀ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਫਰਵਰੀ ਮਹੀਨੇ ਦਾ ਅੱਧਾ ਸਮਾਂ ਲੰਘ ਚੁੱਕਾ ਹੈ ਅਤੇ ਦਿਨ ਦਾ ਤਾਪਮਾਨ ਵੀ ਲਗਾਤਾਰ ਵਧਦਾ ਰਿਹਾ ਹੈ। ਵਧਦੇ ਤਾਪਮਾਨ ਨਾਲ ਕਿਸਾਨਾਂ ਦੀ ਚਿੰਤਾ ਵੀ ਵਧ ਗਈ ਹੈ ਅਤੇ ਉਨ੍ਹਾਂ ਨੂੰ ਡਰ ਸਤ੍ਹਾ ਰਿਹਾ ਹੈ ਕਿ ਵਧਦਾ ਤਾਪਮਾਨ ਕਣਕ ਦੇ ਝਾੜ ਨੂੰ ਪ੍ਰਭਾਵਿਤ ਨਾ ਕਰ ਦੇਵੇ। ਕਿਉਂਕਿ ਕਣਕ ਦੀ ਫ਼ਸਲ ਨੂੰ ਵਧਣ ਅਤੇ ਪੱਕਣ ਲਈ ਹਾਲੇ ਵੀ ਠੰਢੇ ਮੌਸਮ ਦੀ ਲੋੜ ਹੁੰਦੀ ਹੈ। ਪਿਛਲੇ ਦੋ ਸਾਲ ਪਹਿਲਾਂ ਮਾਰਚ ਮਹੀਨੇ ਵਿਚ ਗਰਮੀ ਪੈਣ ਕਾਰਨ ਪੈਦਾਵਾਰ ਕਾਫੀ ਘੱਟ ਹੋ ਗਈ ਸੀ। ਹੁਣ ਫਰਵਰੀ ਵਿਚ ਹੀ ਮੌਸਮ ਕਾਫੀ ਗਰਮ ਹੋਣਾ ਸ਼ੁਰੂ ਹੋ ਗਿਆ ਹੈ। ਦੂਜੇ ਪਾਸੇ, ਦੁਪਹਿਰ ਸਮੇਂ ਲੋਕਾਂ ਨੂੰ ਗਰਮੀ ਮਹਿਸੂਸ ਹੋਣ ਲੱਗ ਪਈ ਹੈ ਅਤੇ ਧੁੱਪ ਵਿਚ ਬੈਠਣਾ ਔਖਾ ਹੋ ਜਾਂਦਾ ਹੈ। ਇਸ ਸਬੰਧੀ ਪਿੰਡ ਬਡਰੂੱਖਾਂ ਦੇ ਕਿਸਾਨ ਲੀਲਾ ਸਿੰਘ, ਸ਼ਿੰਗਾਰਾ ਸਿੰਘ ਅਤੇ ਜੀਤ ਸਿੰਘ ਨੇ ਦੱਸਿਆ ਕਿ ਕਣਕ ਦੀ ਫਸਲ ਨੂੰ ਤਿੰਨ ਵਾਰ ਪਾਣੀ ਲਾਇਆ ਜਾ ਚੁੱਕਾ ਹੈ। ਮੌਜੂਦਾ ਤਾਪਮਾਨ ਕਾਰਨ ਹੁਣ ਸਿੰਚਾਈ ਜਲਦੀ ਕਰਨੀ ਪੈ ਰਹੀ ਹੈ। ਦਿਨ ਅਤੇ ਰਾਤ ਦੇ ਤਾਪਮਾਨ ਦਾ ਔਸਤ 22 ਡਿਗਰੀ ਸੈਲਸੀਅਸ ਕਣਕ ਦੀ ਪੈਦਾਵਾਰ ਲਈ ਸਭ ਤੋਂ ਉਤਮ ਮੰਨਿਆ ਜਾਂਦਾ ਹੈ। ਫਸਲ 24 ਡਿਗਰੀ ਤੱਕ ਦਾ ਤਾਪਮਾਨ ਸਹਿ ਸਕਦੀ ਹੈ, ਪਰ ਜਦੋਂ ਦਿਨ ਦਾ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਉੱਪਰ ਚਲਾ ਜਾਂਦਾ ਹੈ ਤਾਂ ਕਣਕ ਦੇ ਦਾਣਿਆਂ ’ਤੇ ਬੁਰਾ ਅਸਰ ਪੈਂਦਾ ਹੈ। ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਅਤੇ ਘੱਟ ਤੋਂ ਘੱਟ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਿਸਾਨਾਂ ਨੇ ਦੱਸਿਆ ਕਿ ਇਸ ਸਮੇਂ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਲਗਭਗ 15 ਤੋਂ 16 ਡਿਗਰੀ ਦਾ ਫਰਕ ਹੈ। ਦਿਨ ਵਿੱਚ ਗਰਮੀ ਅਤੇ ਰਾਤ ਨੂੰ ਠੰਢ ਰਹਿੰਦੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਕਰੇਲਾ, ਕੱਕੜੀ, ਪੇਠਾ ਅਤੇ ਖੀਰਾ ਵੀ ਲਾਇਆ ਹੋਇਆ ਹੈ। ਗਰਮੀ ਕਾਰਨ ਸਬਜ਼ੀਆਂ ਦੇ ਫੁੱਲ ਝੜ ਸਕਦੇ ਹਨ, ਜਿਸ ਨਾਲ ਪੈਦਾਵਾਰ ਘੱਟ ਹੋ ਸਕਦੀ ਹੈ। ਕਿਸਾਨਾਂ ਨੂੰ ਪੈਦਾਵਾਰ ਘਟਣ ਦਾ ਡਰ ਕਿਸਾਨ ਗਮਦੂਰ ਸਿੰਘ ਅਤੇ ਸੁਖਦੇਵ ਸਿੰਘ ਦੇ ਮੁਤਾਬਕ ਇਸ ਸਮੇਂ ਕਣਕ ਦੀ ਫਸਲ ਡੰਡੀ ਦੇ ਰੂਪ ਵਿੱਚ ਆ ਰਹੀ ਹੈ ਅਤੇ ਫਸਲ ’ਤੇ ਛਿੱਟੇ ਵੀ ਆਉਣ ਲੱਗੇ ਹਨ। ਇਹ ਸਮਾਂ ਕਣਕ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਇਸ ਵੇਲੇ ਦਾਣੇ ਦੁੱਧ ਵਰਗੇ ਤਰਲ ਪਦਾਰਥ ਨਾਲ ਭਰੇ ਹੁੰਦੇ ਹਨ, ਜੋ ਬਾਅਦ ਵਿੱਚ ਸਖ਼ਤ ਹੋ ਕੇ ਕਣਕ ਦਾ ਦਾਣਾ ਬਣਦੇ ਹਨ। ਜੇਕਰ ਤਾਪਮਾਨ ਵਧਦਾ ਰਿਹਾ ਤਾਂ ਇਹ ਦੁੱਧ ਸੁੱਕ ਸਕਦਾ ਹੈ, ਜਿਸ ਨਾਲ ਦਾਣਾ ਪਿਚਕ ਜਾਵੇਗਾ ਅਤੇ ਪੈਦਾਵਾਰ ਘੱਟ ਹੋ ਸਕਦੀ ਹੈ। ਪੋਟਾਸੀਅਮ ਨਾਈਟ੍ਰੇਟ ਦੇ ਸਪਰੇ ਦੀ ਸਿਫਾਰਸ਼ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਵਧਦੇ ਤਾਪਮਾਨ ਦੇ ਮੱਦੇਨਜ਼ਰ ਕਣਕ ਦੀ ਫਸਲ ’ਤੇ ਪੋਟਾਸੀਅਮ ਨਾਈਟ੍ਰੇਟ ਦੇ ਸਪਰੇ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਨਾਲ ਤਾਪਮਾਨ ਦਾ ਅਸਰ ਪੌਦੇ ’ਤੇ ਘੱਟ ਹੁੰਦਾ ਹੈ ਅਤੇ ਪੌਦੇ ਦਾ ਵਾਧਾ ਅਤੇ ਮਜ਼ਬੂਤੀ ਵਿੱਚ ਸੁਧਾਰ ਹੁੰਦਾ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਸਮੇਂ-ਸਮੇਂ ’ਤੇ ਆਪਣੇ ਖੇਤਾਂ ਦਾ ਨਿਰੀਖਣ ਕਰਨ ਅਤੇ ਖੇਤੀਬਾੜੀ ਮਾਹਿਰਾਂ ਦੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਸਮੇਂ ਸਿਰ ਠੀਕ ਉਪਾਅ ਕੀਤੇ ਜਾ ਸਕਣ।