- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਾ ਝੋਨਾ ਲਗਾਉਣ ਲਈ ਨਹੀਂ ਹੈ ਸ਼ੈਲਰਾਂ ’ਚ ਥਾਂ- ਸੂਬਾ ਪ੍ਰਧਾਨ ਗੁਰਦੀਪ ਸਿੰਘ ਚੀਮਾ

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, •ਪਟਿਆਲਾ : ਝੋਨੇ ਦੇ ਆ ਰਹੇ ਸੀਜਨ ਤੋਂ ਪਹਿਲਾਂ ਹੀ ਸੂਬੇ ਦੇ ਸ਼ੈਲਰ ਮਾਲਕਾਂ ਸਾਹਮਣੇ ਝੋਨਾ ਸ਼ੈਲਰਾਂ ’ਚ ਸਟੋਰ ਕਰਨ ਨੂੰ ਲੈ ਕੇ ਨਵੀਂ ਸਮੱਸਿਆ ਖੜ੍ਹੀ ਹੋਣ ਕਾਰਨ ਦੁਚਿੱਤੀ ਬਣੀ ਹੋਈ ਹੈ ਕਿਉਂਕਿ 8.80 ਲੱਖ ਮੀਟ੍ਰਿਕ ਟਨ ਦੇ ਕਰੀਬ ਚਾਵਲ ਹਾਲੇ ਵੀ ਸੂਬੇ ਦੇ ਸ਼ੈਲਰਾਂ ’ਚ ਪਏ ਹਨ ਤੇ ਸਰਕਾਰ ਕੋਲ ਸਪੇਸ ਦੀ ਘਾਟ ਹੈ, ਜਿਸ ਕਾਰਨ ਸੀਜਨ ਦੌਰਾਨ ਝੋਨੇ ਦੀ ਖਰੀਦ ਦੌਰਾਨ ਲਿਫਟਿੰਗ ਦੀ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ। ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਦੀ ਮੀਟਿੰਗ ਕਾਰਜਕਾਰੀ ਸੂਬਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਸਾਰੇ ਮਿਲਰਾਂ ਨੇ ਇਕ ਸੁਰ ਵਿਚ ਸਰਕਾਰ ਤੋਂ ਮੰਗ ਕੀਤੀ ਕਿ ਇੰਪਰੂਵਡ ਰਾਈਸ ਦੀ ਥਾਂ ’ਤੇ ਸੀਐਮਆਰ ਰਾਈਸ ਲਗਾਇਆ ਜਾਵੇ ਤੇ ਜਲਦ ਹੀ ਨਵੇ ਝੋਨੇ ਲਈ ਥਾਂ ਬਣਾਈ ਜਾਵੇ। ਇਸ ਸਬੰਧੀ ਸੂਬਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਦੇ ਸ਼ੈਲਰ ਮਾਲਕਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਉਣ ਲਈ ਸਰਕਾਰ ਇੰਪਰੂਵਡ ਰਾਈਸ ਦੀ ਥਾਂ ’ਤੇ ਸੀਐੱਮਆਰ ਰਾਈਸ ਲਗਵਾਏ। ਉਨ੍ਹਾਂ ਆਖਿਆਆ ਕਿ ਸਾਰੇ ਸ਼ੈਲਰਾਂ ਵਿਚ ਝੋਨਾ ਲਗਾਇਆ ਜਾਵੇ ਤੇ ਅਲਾਟਮੈਂਟ ਦੇ ਲਈ ਮਿਲਿੰਗ ਦੀ ਜ਼ਰੂਰੀ ਸ਼ਰਤ ਵੀ ਖਤਮ ਕੀਤਾ ਜਾਵੇ, ਕਿਉਂਕਿ ਸਾਲ 2025-26 ਦੇ ਸੀਜਨ ਦਾ ਚੌਲ ਲਗਵਾਉਣ ਲਈ ਐਫਸੀਆਈ ਦੇ ਕੋਲ ਉਚਿਤ ਸਪੇਸ ਨਹੀਂ ਹੈ। ਚੀਮਾ ਨੇ ਕਿਹਾ ਕਿ ਐਫਸੀਆਈ ਕੋਲ ਜਗ੍ਹਾਂ ਨਾ ਹੋਣ ਕਾਰਣ 85 ਫੀਸਦੀ ਤੱਕ ਮਾਲ ਨਹੀਂ ਭੁਗਤਿਆ। ਉਨ੍ਹਾਂ ਕਿਹਾ ਕਿ ਹਰ ਇਕ ਮਿੱਲਰ ਨੂੰ ਸਾਲ 2026-27 ’ਚ ਪੈਡੀ ਅਲਾਟ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਝੋਨਾ ਵੇਚਣ ਵਿਚ ਕੋਈ ਪਰੇਸ਼ਾਨੀ ਨਾ ਆਵੇ। ਸੂਬਾ ਪ੍ਰਧਾਨ ਨੇ ਕਿਹਾ ਕਿ ਐੱਫਸੀਆਈ ਵਿਚ ਚੱਕਿਆਂ ਦੀ ਵੰਡ ਨੂੰ ਲੈ ਕੇ 7000 ਟਨ ਪੈਡੀ ਤੱਕ ਇੱਕ ਚੱਕਾ ਦੇਣ ਦਾ ਨਿਯਮ ਬਣਾਇਆ ਜਾਵੇ। ਸੂਬਾ ਪ੍ਰਧਾਨ ਚੀਮਾ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ, ’ਚ 100 ਪ੍ਰਤੀਸ਼ਤ ਇੰਪਰੂਵਡ ਚਾਵਲ ਮੰਗਿਆ ਗਿਆ ਸੀ ਜਿਸ ਵਿਚ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਵੱਲੋਂ ਰਾਸ਼ਟਰੀ ਪ੍ਰਧਾਨ ਤਰਸੇਮ ਸ਼ੈਣੀ ਦੀ ਹਾਜ਼ਰੀ ’ਚ ਮੀਟਿੰਗ ਵਿਚ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਮਿਲਿੰਗ ਕੀ ਕੀਮਤ ਘੱਟ ਹੋਣ ਦੇ ਕਾਰਨ ਇਹ ਕਾਫੀ ਜਿਆਦਾ ਮੁਸ਼ਕਲ ਹੈ। ਇਸ ਲਈ ਮੀਲਿੰਗ ’ਚ ਵਾਧਾ ਕਰਨਾ ਚਾਹੀਦਾ ਹੈ ਅਤੇ ਬਰੋਕਨ ਦੇ ਸਟੋਰੇਜ਼ ਚਾਰਜਿਜ ਵੀ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ 2025-26 ਦਾ ਰਹਿੰਦਾ ਬਕਾਇਆ 8.80 ਲੱਖ ਮੀਟ੍ਰਿਕ ਟਨ ਚਾਵਲ ਜੋ ਕਿ ਸਪੇਸ ਦੀ ਘਾਟ ਕਾਰਨ ਰਹਿ ਗਿਆ ਹੈ ਉਹ 30-11-26 ਤੱਕ ਮੁਸ਼ਕਿਲ ਨਾਲ ਹੀ ਲੱਗ ਪਾਏਗਾ । ਇਸ ਲਈ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਇਨਾਂ ਸਾਰੀਆਂ ਔਕੜਾਂ ਦਾ ਹੱਲ ਕੱਢਿਆ ਜਾਵੇ। ਇਸ ਮੌਕੇ ਦਿਲਬਾਗ ਸਿੰਘ, ਇੰਦਰਜੀਤ ਸਿੰਘ ਸੰਧੂ, ਨਰੇਸ਼ ਬਾਂਸਲ, ਹਰਦੀਪ ਸਿੰਘ ਬੁੱਟਰ, ਰੋਸ਼ਨ ਲਾਲ ਅਮਲੋਹ, ਸਤੀਸ਼ ਕੁਮਾਰ ਨਾਭਾ, ਅਸ਼ੋਕ ਗੋਇਲ, ਦਵਿੰਦਰ ਬੱਗਾ, ਸੁਰੇਸ਼ ਕੁਮਾਰ ਸਿੰਗਲਾ, ਹਨੀਸ਼ ਗੋਇਲ, ਰਿੰਕੂ ਬਾਂਸਲ, ਅਨਿਲ ਮਿੱਤਲ, ਰਜਿੰਦਰ ਪੱਪੂ, ਵਿੱਕੀ ਮਿੱਤਲ, ਪ੍ਰੇਮ ਬਾਂਸਲ, ਗਗਨ ਬਦਵਾਰ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ।