- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬੇ ’ਚ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀ ਸਮੱਸਿਆ ਇੱਕ ਵਾਰ ਫਿਰ ਗੰਭੀਰ ਰੂਪ ਧਾਰਨ ਕਰਦੀ ਨਜ਼ਰ ਆ ਰਹੀ ਹੈ। ਸੈਟੇਲਾਈਟ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਇਸ ਸਾਲ 31 ਅਕਤੂਬਰ ਦੇ ਇੱਕੋ ਦਿਨ ਦੌਰਾਨ ਸੂਬੇ ਭਰ ਵਿੱਚ ਅੱਗ ਲੱਗਣ ਦੀਆਂ 292 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਸੂਬੇ ’ਚ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀ ਸਮੱਸਿਆ ਇੱਕ ਵਾਰ ਫਿਰ ਗੰਭੀਰ ਰੂਪ ਧਾਰਨ ਕਰਦੀ ਨਜ਼ਰ ਆ ਰਹੀ ਹੈ। ਸੈਟੇਲਾਈਟ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਇਸ ਸਾਲ 31 ਅਕਤੂਬਰ ਦੇ ਇੱਕੋ ਦਿਨ ਦੌਰਾਨ ਸੂਬੇ ਭਰ ਵਿੱਚ ਅੱਗ ਲੱਗਣ ਦੀਆਂ 292 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇਹ ਗਿਣਤੀ ਪਿਛਲੇ ਸਾਲ 2025 ਦੇ ਇਸੇ ਦਿਨ ਦਰਜ ਹੋਏ 224 ਮਾਮਲਿਆਂ ਨਾਲੋਂ ਲਗਭਗ 30 ਫ਼ੀਸਦੀ ਵੱਧ ਹੈ, ਜਿਸ ਨੇ ਵਾਤਾਵਰਨ ਪ੍ਰੇਮੀਆਂ ਅਤੇ ਪ੍ਰਸ਼ਾਸਨ ਲਈ ਚਿੰਤਾ ਵਧਾ ਦਿੱਤੀ ਹੈ।
31 ਅਕਤੂਬਰ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ 'ਤੇ ਸਾਹਮਣੇ ਆਇਆ ਹੈ ਕਿ ਸਰਹੱਦੀ ਅਤੇ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਧੂੰਆਂ ਉੱਠਿਆ। ਤਰਨਤਾਰਨ ਜ਼ਿਲ੍ਹਾ 50 ਸਰਗਰਮ ਮਾਮਲਿਆਂ ਨਾਲ ਸੂਚੀ ਵਿੱਚ ਸਭ ਤੋਂ ਉੱਪਰ ਰਿਹਾ, ਜਦਕਿ ਪਿਛਲੇ ਸਾਲ ਇਸ ਦਿਨ ਇੱਥੇ 44 ਘਟਨਾਵਾਂ ਸਨ। ਦੂਜੇ ਨੰਬਰ 'ਤੇ ਫ਼ਿਰੋਜ਼ਪੁਰ ਰਿਹਾ, ਜਿੱਥੇ ਬੀਤੇ ਸਾਲ ਦਰਜ ਹੋਏ 12
ਮਾਮਲਿਆਂ ਦੇ ਮੁਕਾਬਲੇ ਇਸ ਵਾਰ ਤਿੰਨ ਗੁਣਾ ਵਾਧੇ ਨਾਲ 36 ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਸੰਗਰੂਰ ਵਿੱਚ 32, ਬਰਨਾਲਾ ਵਿੱਚ 19, ਬਠਿੰਡਾ ਤੇ ਕਪੂਰਥਲਾ ਵਿੱਚ 18-18, ਫ਼ਰੀਦਕੋਟ ਵਿੱਚ 16 ਅਤੇ ਜਲੰਧਰ ਵਿੱਚ 14 ਥਾਵਾਂ 'ਤੇ ਅੱਗ ਲੱਗਣ ਦੀ ਪੁਸ਼ਟੀ ਹੋਈ ਹੈ। ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਵੀ ਕ੍ਰਮਵਾਰ 12 ਅਤੇ 13 ਮਾਮਲੇ ਦਰਜ ਕੀਤੇ ਗਏ।
ਦੂਜੇ ਪਾਸੇ, ਜੇਕਰ ਪੂਰੇ ਸੀਜ਼ਨ 15 ਸਤੰਬਰ ਤੋਂ 31 ਅਕਤੂਬਰ ਦੇ ਸਮੁੱਚੇ ਅੰਕੜੇ ਦੇਖੇ ਜਾਣ ਤਾਂ ਸੂਬੇ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ। ਇਸ ਸਮੇਂ ਦੌਰਾਨ ਸਾਲ 2024 ਵਿੱਚ 2,950 ਅਤੇ ਸਾਲ 2025 ਵਿੱਚ 1,642 ਘਟਨਾਵਾਂ ਦੇ ਮੁਕਾਬਲੇ ਇਸ ਸਾਲ ਕੁੱਲ 1,339 ਮਾਮਲੇ ਦਰਜ ਹੋਏ ਹਨ। ਹਾਲਾਂਕਿ, ਅਕਤੂਬਰ ਦੇ ਆਖ਼ਰੀ ਦਿਨ ਅਚਾਨਕ ਵਧੇ ਇਨ੍ਹਾਂ ਮਾਮਲਿਆਂ ਨੇ ਸਾਫ਼ ਕਰ ਦਿੱਤਾ ਹੈ ਕਿ ਵਾਢੀ ਦੇ ਜ਼ੋਰ ਫੜਨ ਨਾਲ ਆਉਣ ਵਾਲੇ ਦਿਨਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਹੋਰ ਵਿਗੜ ਸਕਦਾ ਹੈ। ਪ੍ਰਸ਼ਾਸਨ ਵੱਲੋਂ ਲਗਾਤਾਰ ਸਖ਼ਤੀ ਅਤੇ ਜਾਗਰੂਕਤਾ ਮੁਹਿੰਮਾਂ ਦੇ ਬਾਵਜੂਦ ਜ਼ਮੀਨੀ ਪੱਧਰ 'ਤੇ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਪੂਰੀ ਤਰ੍ਹਾਂ ਰੁਕ ਨਹੀਂ ਸਕਿਆ ਹੈ।
17.65 ਲੱਖ ਰੁਪਏ ਦਾ ਵਾਤਾਵਰਣੀ ਮੁਆਵਜ਼ਾ ਲਾਇਆ ਗਿਆ
ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ 349 ਮਾਮਲਿਆਂ ਵਿੱਚ ਕੁੱਲ 17.65 ਲੱਖ ਰੁਪਏ ਦਾ ਵਾਤਾਵਰਣੀ ਮੁਆਵਜ਼ਾ ਲਗਾਇਆ ਗਿਆ ਹੈ, ਜਿਸ ਵਿੱਚੋਂ 13.15 ਲੱਖ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ 'ਤੇ ਵੀ ਕਾਰਵਾਈ ਡਿਊਟੀ ਦੌਰਾਨ ਢਿੱਲਮੱਠ ਵਰਤਣ ਵਾਲੇ ਨੋਡਲ ਅਤੇ ਸੁਪਰਵਾਈਜ਼ਰੀ ਅਫ਼ਸਰਾਂ ਖ਼ਿਲਾਫ਼ ਵੀ ਪ੍ਰਸ਼ਾਸਨ ਨੇ ਸ਼ਿਕੰਜਾ ਕੱਸਿਆ ਹੈ। ਸੂਬੇ ਭਰ ਵਿੱਚ ਅਜਿਹੇ ਅਧਿਕਾਰੀਆਂ ਨੂੰ ਕੁੱਲ 424 ਕਾਰਨ ਦੱਸੋ ਜਾਂ ਚਿਤਾਵਨੀ ਨੋਟਿਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ 224 ਅਤੇ ਤਰਨਤਾਰਨ ਵਿੱਚ 100 ਨੋਟਿਸ ਜਾਰੀ ਕੀਤੇ ਗਏ ਹਨ। ਸੂਬੇ ਭਰ ਵਿੱਚ ਹੁਣ ਤੱਕ ਲਗਭਗ 65 ਪ੍ਰਤੀਸ਼ਤ ਰਕਬੇ ਵਿੱਚ ਝੋਨੇ ਦੀ ਕਟਾਈ ਮੁਕੰਮਲ ਹੋ ਚੁੱਕੀ ਹੈ।