
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਲਾਕਾ ਵਾਸੀਆਂ ਨੂੰ ਮਿਲੇਗਾ ਸਾਫ਼ ਪਾਣੀ: ਮੇਅਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਨਜ਼ਦੀਕ ਇਲਾਕਾ ਵਾਸੀਆਂ ਤੇ ਸ਼ਰਧਾਲੂਆਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਨਗਰ ਨਿਗਮ ਵੱਲੋਂ ਨਵਾਂ ਟਿਊਬਵੈੱਲ ਲਗਵਾਇਆ ਗਿਆ। ਇਸ ਨਵੇਂ ਟਿਊਬਵੈੱਲ ਦਾ ਸ਼ੁਭ ਆਰੰਭ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਵੱਲੋਂ ਨਿਗਮ ਦੇ ਐਸਈ (ਨਿਗਰਾਨ ਇੰਜੀਨੀਅਰ) ਰਜਿੰਦਰ ਚੋਪੜਾ ਤੇ ਜੇਈ (ਜੂਨੀਅਰ ਇੰਜੀਨੀਅਰ) ਤੇ ਹੋਰ ਅਧਿਕਾਰੀਆਂ ਤੋਂ ਇਲਾਵਾ ਇਲਾਕਾ ਵਾਸੀਆਂ ਦੀ ਮੌਜੂਦਗੀ ਵਿਚ ਕੀਤਾ। ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਨਗਰ ਨਿਗਮ ਦੀ ਮੁੱਖ ਤਰਜੀਹ ਹੈ। ਸ਼੍ਰੀ ਕਾਲੀ ਮਾਤਾ ਮੰਦਿਰ ਦੇ ਆਸ-ਪਾਸ ਦੇ ਖੇਤਰ ’ਚ ਪਾਣੀ ਦੇ ਪ੍ਰੈਸ਼ਰ ਤੇ ਸਪਲਾਈ ਨੂੰ ਦਰੁਸਤ ਕਰਨ ਲਈ ਲੰਬੇ ਸਮੇਂ ਤੋਂ ਨਵੇਂ ਟਿਊਬਵੈੱਲ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਇਸ ਟਿਊਬਵੈੱਲ ਦੇ ਚਾਲੂ ਹੋਣ ਨਾਲ ਆਸ-ਪਾਸ ਦੇ ਰਿਹਾਇਸ਼ੀ ਤੇ ਵਪਾਰਕ ਖੇਤਰਾਂ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਜਾਵੇਗੀ। ਮੇਅਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਵਾਟਰ ਸਪਲਾਈ ਲਾਈਨਾਂ ਦੀ ਨਿਯਮਿਤ ਦੇਖਭਾਲ ਯਕੀਨੀ ਬਣਾਈ ਜਾਵੇ ਤਾਂ ਜੋ ਗਰਮੀ ਅਤੇ ਬਰਸਾਤ ਦੇ ਮੌਸਮ ਵਿਚ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵਿਕਾਸ ਅਤੇ ਸੁੰਦਰੀਕਰਨ ਦੇ ਨਾਲ-ਨਾਲ ਹਰ ਨਾਗਰਿਕ ਤੱਕ ਸਾਫ਼ ਪਾਣੀ ਪਹੁੰਚਾਉਣ ਲਈ ਨਿਗਮ ਲਗਾਤਾਰ ਯਤਨਸ਼ੀਲ ਹੈ।