ਫੈਕਟਰੀ ਦੇ ਪ੍ਰਦੂਸ਼ਣ ਖ਼ਿਲਾਫ਼ ਘਨੌਰੀ ਕਲਾਂ ਵਾਸੀਆਂ ਨੇ ਰੋਸ ਰੈਲੀ ਕੀਤੀ ਫੈਕਟਰੀ ਦੇ ਪ੍ਰਦੂਸ਼ਣ ਖ਼ਿਲਾਫ਼ ਘਨੌਰੀ ਕਲਾਂ ਵਾਸੀਆਂ ਨੇ ਰੋਸ ਰੈਲੀ ਕੀਤੀ
Publish Date: Sun, 16 Aug 2026 04:21 PM (IST)
Updated Date: Mon, 17 Aug 2026 04:00 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਜਹਾਂਗੀਰ ਵਿਖੇ ਸਥਿਤ ਈਥਾਨੌਲ ਦੀ ਫੈਕਟਰੀ ਕਾਰਨ ਹਵਾ ਅਤੇ ਪਾਣੀ ਦੇ ਪ੍ਰਦੂਸ਼ਿਤ ਹੋਣ ਦੇ ਜਤਾਏ ਜਾ ਰਹੇ ਖਦਸ਼ੇ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿੱਚ ਰੋਸ ਦੀ ਲਹਿਰ ਦਿਨੋ ਦਿਨ ਵਧਦੀ ਜਾ ਰਹੀ ਹੈ। ਪਿੰਡ ਘਨੌਰੀ ਕਲਾਂ ਦੇ ਨੌਜਵਾਨਾਂ ਵੱਲੋਂ ਇੱਕ ਰੋਸ ਰੈਲੀ ਵਿੱਚ ਵੱਡੀ ਗਿਣਤੀ ਸ਼ਮੂਲੀਅਤ ਕਰਦਿਆਂ ਪਿੰਡ ਦੇ ਆਲੇ- ਦੁਆਲੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਵਾਤਾਵਰਨ ਦੀ ਸੁਰੱਖਿਆ ਅਤੇ ਲੋਕਾਂ ਦੀ ਸਿਹਤ ਨੂੰ ਲੈ ਕੇ ਆਪਣਾ ਗੁੱਸਾ ਜਾਹਿਰ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਫੈਕਟਰੀ ਕਾਰਨ ਸੰਭਾਵਿਤ ਪ੍ਰਦੂਸ਼ਣ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿੱਚ ਚਿੰਤਾ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਾਫ਼ ਹਵਾ, ਸ਼ੁੱਧ ਪਾਣੀ ਅਤੇ ਸਿਹਤਮੰਦ ਵਾਤਾਵਰਨ ਹਰ ਨਾਗਰਿਕ ਦਾ ਹੱਕ ਹੈ। ਇਸ ਲਈ ਸਰਕਾਰ ਅਤੇ ਸਬੰਧਤ ਵਿਭਾਗਾਂ ਨੂੰ ਲੋਕਾਂ ਦੇ ਖਦਸ਼ਿਆਂ ਨੂੰ ਅਣਗੌਲਿਆ ਕਰਨ ਦੀ ਬਜਾਏ ਮਾਮਲੇ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ। ਲੋਕਾਂ ਨੇ ਮੰਗ ਕੀਤੀ ਕਿ ਇਲਾਕੇ ਵਿੱਚ ਹਵਾ ਅਤੇ ਪਾਣੀ ਦੇ ਨਮੂਨੇ ਲੈ ਕੇ ਉਨ੍ਹਾਂ ਦੀ ਵਿਗਿਆਨਕ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ। ਜੇਕਰ ਜਾਂਚ ਦੌਰਾਨ ਪ੍ਰਦੂਸ਼ਣ ਜਾਂ ਵਾਤਾਵਰਨ ਸਬੰਧੀ ਨਿਯਮਾਂ ਦੀ ਕੋਈ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਜਾਂ ਸੰਸਥਾਵਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਨੌਜਵਾਨਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਰੋਸ ਕਿਸੇ ਵਿਅਕਤੀ ਜਾਂ ਸੰਸਥਾ ਵਿਰੁੱਧ ਨਹੀਂ, ਸਗੋਂ ਇਲਾਕੇ ਦੇ ਵਾਤਾਵਰਨ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਾਮਲੇ ਦੀ ਤੁਰੰਤ ਜਾਂਚ ਕਰਵਾ ਕੇ ਤੱਥ ਲੋਕਾਂ ਸਾਹਮਣੇ ਲਿਆਂਦੇ ਜਾਣ ਅਤੇ ਜਾਂਚ ਰਿਪੋਰਟ ਜਨਤਕ ਕੀਤੀ ਜਾਵੇ, ਤਾਂ ਜੋ ਇਲਾਕਾ ਵਾਸੀਆਂ ਵਿੱਚ ਪੈਦਾ ਹੋ ਰਹੇ ਖਦਸ਼ਿਆਂ ਦਾ ਨਿਪਟਾਰਾ ਹੋ ਸਕੇ। ਇਸ ਮੌਕੇ ਡਾ. ਕਰਨਵੀਰ ਸਿੰਘ, ਪਵਨ ਚਹਿਲ, ਪੰਚਾਇਤ ਮੈਂਬਰ ਅਮਨ ਖਾਨ, ਪੰਚਾਇਤ ਮੈਂਬਰ ਕੇਵਲ ਸਿੰਘ, ਪ੍ਰਗਟ ਸਿੰਘ, ਸਾਬਕਾ ਸਰਪੰਚ ਹੈਪੀ ਸਿੰਘ, ਪੰਚਾਇਤ ਮੈਂਬਰ ਪੰਡਿਤ ਸਾਧੂ ਰਾਮ, ਸ਼ੈਰੀ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਗਾ ਸਿੰਘ ਹਾਜ਼ਰ ਸਨ।