- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੋਜਾਰਥੀ ਇੰਦਰਜੀਤ ਸਿੰਘ ਨੂੰ ਫਿਜ਼ਿਕਸ ’ਚ ਮਿਲੀ ਪੀ.ਐੱਚ.ਡੀ. ਦੀ ਡਿਗਰੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਖਾਲਸਾ ਕਾਲਜ ਪਟਿਆਲਾ ਦੇ ਫਿਜ਼ਿਕਸ ਵਿਭਾਗ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਸਾਬਕਾ ਵਿਦਿਆਰਥੀ ਤੇ ਖੋਜਾਰਥੀ ਇੰਦਰਜੀਤ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਫਿਜ਼ਿਕਸ ਵਿਸ਼ੇ ਵਿਚ ਆਪਣੀ ਪੀਐੱਚਡੀ ਦੀ ਡਿਗਰੀ ਸਫਲਤਾਪੂਰਵਕ ਮੁਕੰਮਲ ਕਰ ਲਈ ਹੈ। ਉਨ੍ਹਾਂ ਨੇ 9 ਸਤੰਬਰ ਨੂੰ ਆਪਣੀ ਡਾਕਟਰੇਟ ਦੀ ਪੜ੍ਹਾਈ ਪੂਰੀ ਕੀਤੀ। ਇੰਦਰਜੀਤ ਸਿੰਘ ਨੇ ਸਾਲ 2012–2014 ਦੌਰਾਨ ਖਾਲਸਾ ਕਾਲਜ ਪਟਿਆਲਾ ਤੋਂ ਐੱਮਐੱਸਸੀ ਫਿਜ਼ਿਕਸ ਦੀ ਪੜ੍ਹਾਈ ਕੀਤੀ ਸੀ। ਇਸ ਤੋਂ ਬਾਅਦ ਉਹ ਯੂਜੀਸੀ ਦੀ ’ਕਾਲਜ ਵਿਦ ਪੋਟੈਂਸ਼ੀਅਲ ਫਾਰ ਐਕਸੀਲੈਂਸ’ (3P5) ਸਕੀਮ ਤਹਿਤ ਕਾਲਜ ਦੇ ਇਕ ਖੋਜ ਪ੍ਰੋਜੈਕਟ ਨਾਲ ਜੁੜੇ, ਜਿੱਥੇ ਉਨ੍ਹਾਂ ਨੇ ਫਿਜ਼ਿਕਸ ਵਿਭਾਗ ਦੇ ਮੁਖੀ ਡਾ. ਅਰਵਿੰਦ ਸਭਰਵਾਲ ਦੀ ਦੇਖ-ਰੇਖ ਹੇਠ ਕੰਮ ਕੀਤਾ। ਇਸ ਤੋਂ ਬਾਅਦ 16 ਨਵੰਬਰ 2016 ਨੂੰ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਵਿਚ ਪੀਐੱਚਡੀ ਲਈ ਰਜਿਸਟ੍ਰੇਸ਼ਨ ਕਰਵਾਈ। ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਖਾਲਸਾ ਕਾਲਜ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡਾ ਵਿਦਿਆਰਥੀ ਉੱਚ ਪੱਧਰੀ ਖੋਜ ਤੱਕ ਪਹੁੰਚ ਕੇ ਡਾਕਟਰੇਟ ਦੀ ਡਿਗਰੀ ਹਾਸਲ ਕਰ ਰਿਹਾ ਹੈ। ਡਾ. ਇੰਦਰਜੀਤ ਸਿੰਘ ਦਾ ਇਹ ਸਫ਼ਰ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹੈ। ਪੋਸਟ ਗ੍ਰੈਜੂਏਟ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਤੇ ਖੋਜ ਨਿਗਰਾਨ ਡਾ. ਅਰਵਿੰਦ ਸਭਰਵਾਲ ਨੇ ਕਿਹਾ ਕਿ ਇੱਕ ਅਧਿਆਪਕ ਲਈ ਆਪਣੇ ਵਿਦਿਆਰਥੀ ਨੂੰ ਸਫਲ ਹੁੰਦੇ ਦੇਖਣਾ ਸਭ ਤੋਂ ਵੱਡੀ ਸੰਤੁਸ਼ਟੀ ਹੁੰਦੀ ਹੈ। ਉਨ੍ਹਾਂ ਇੰਦਰਜੀਤ ਸਿੰਘ ਦੀ ਮਿਹਨਤ ਅਤੇ ਲਗਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਫਿਜ਼ਿਕਸ ਵਿਭਾਗ ਨੇ ਡਾ. ਇੰਦਰਜੀਤ ਸਿੰਘ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਇਹ ਪ੍ਰਾਪਤੀ ਹੋਰਨਾਂ ਨੌਜਵਾਨਾਂ ਨੂੰ ਵੀ ਵਿਗਿਆਨਕ ਖੋਜਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰੇਗੀ।