ਨਿਗਮ ਦੀਆਂ 30 ਵਾਰਡਾਂ ’ਚ ਮੁੜ ਚੋਣਾਂ ਅੱਜ, ਪੋਲਿੰਗ ਪਾਰਟੀਆਂ ਰਵਾਨਾ ਨਗਰ ਨਿਗਮ ਦੀਆਂ 30 ਵਾਰਡਾਂ ਵਿੱਚ ਮੁੜ ਚੋਣਾਂ ਅੱਜ, ਪੋਲਿੰਗ ਪਾਰਟੀਆਂ ਰਵਾਨਾ
Publish Date: Fri, 27 Nov 2026 06:30 PM (IST)
Updated Date: Fri, 27 Nov 2026 06:31 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਨਗਰ ਨਿਗਮ ਪਟਿਆਲਾ ਦੀਆਂ 30 ਵਾਰਡਾਂ ’ਚ ਭਲਕੇ 28 ਨਵੰਬਰ ਨੂੰ ਹੋਣ ਵਾਲੀਆਂ ਮੁੜ ਚੋਣਾਂ ਨੂੰ ਸੁਤੰਤਰ, ਨਿਰਪੱਖ ਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਚੋਣ ਆਬਜ਼ਰਵਰ ਅਤੇ ਸੀਨੀਅਰ ਆਈ.ਏ.ਐੱਸ. ਅਧਿਕਾਰੀ ਡਾ. ਸੇਨੂੰ ਦੁੱਗਲ ਦੀ ਸਿੱਧੀ ਨਿਗਰਾਨੀ ਹੇਠ ਅੱਜ ਵੱਖ-ਵੱਖ ਕੇਂਦਰਾਂ ਤੋਂ ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ ਸਮੇਤ ਸਬੰਧਤ ਬੂਥਾਂ ਲਈ ਰਵਾਨਾ ਕੀਤਾ ਗਿਆ। ਵੋਟਾਂ ਪੈਣ ਦਾ ਅਮਲ ਭਲਕੇ ਸਵੇਰੇ ਅੱਠ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਚੱਲੇਗਾ। ਜ਼ਿਕਰਯੋਗ ਹੈ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸ਼ਹਿਰ ਦੀਆਂ ਇਨ੍ਹਾਂ 30 ਵਾਰਡਾਂ ਵਿੱਚ ਦੁਬਾਰਾ ਚੋਣ ਕਰਵਾਈ ਜਾ ਰਹੀ ਹੈ, ਜਿਸ ਦੀ ਸਮੁੱਚੀ ਪ੍ਰਕਿਰਿਆ ਦੀ ਨਿਗਰਾਨੀ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਵਿਸ਼ੇਸ਼ ਨਿਗਰਾਨ ਕਮੇਟੀ ਵੀ ਬਣਾਈ ਗਈ ਹੈ। ਪ੍ਰਸ਼ਾਸਨ ਵੱਲੋਂ ਇਨ੍ਹਾਂ ਵਾਰਡਾਂ ਵਿੱਚ ਵੋਟਾਂ ਪਵਾਉਣ ਲਈ ਕੁੱਲ 123 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਭਲਕੇ ਵਾਰਡ ਨੰਬਰ 1, 4, 6, 12, 14, 15, 16, 22, 26, 29, 32, 33, 34, 36, 37, 38, 40, 41, 43, 44, 45, 46, 48, 50, 51, 52, 53, 55, 57 ਅਤੇ 58 ਦੇ ਵਸਨੀਕ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ। ਇਨ੍ਹਾਂ 30 ਵਾਰਡਾਂ ਵਿੱਚ ਕੁੱਲ 1,49,768 ਵੋਟਰ ਦਰਜ ਹਨ, ਜਿਨ੍ਹਾਂ ਵਿਚ 77,419 ਮਰਦ, 72,338 ਔਰਤਾਂ ਅਤੇ 11 ਥਰਡ ਜੈਂਡਰ ਦੇ ਵੋਟਰ ਸ਼ਾਮਲ ਹਨ। -ਬਾਹਰੀ ਵਿਅਕਤੀਆਂ ਦੇ ਦਾਖਲੇ ਤੇ ਪਾਬੰਦੀ ਚੋਣਾਂ ਨੂੰ ਸ਼ਾਂਤਮਈ, ਨਿਰਪੱਖ ਅਤੇ ਭੈਅ-ਮੁਕਤ ਮਾਹੌਲ ਵਿਚ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕੇ ਹਨ। 28 ਨਵੰਬਰ 2026 ਨੂੰ ਹੋਣ ਜਾ ਰਹੀਆਂ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਪਟਿਆਲਾ ਅਨੁਪ੍ਰਿਤਾ ਜੌਹਲ ਜ਼ਿਲ੍ਹੇ ਵਿਚ ਬਾਹਰੀ ਵਿਅਕਤੀਆਂ ਦੇ ਬੇਲੋੜੇ ਘੁੰਮਣ-ਫਿਰਨ ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਚੋਣ ਪ੍ਰਚਾਰ ਦੌਰਾਨ ਉਮੀਦਵਾਰਾਂ ਨਾਲ ਸਬੰਧ ਰੱਖਣ ਵਾਲੇ ਸਮਰਥਕ, ਨਜ਼ਦੀਕੀ ਰਿਸ਼ਤੇਦਾਰ, ਹਮਦਰਦ ਜਾਂ ਵਾਰਡ ਦੀ ਸੀਮਾ ਤੋਂ ਬਾਹਰ ਦੇ ਹੋਰ ਪ੍ਰਮੁੱਖ ਵਿਅਕਤੀ, ਜੋ ਪਟਿਆਲਾ ਜ਼ਿਲ੍ਹੇ ਦੇ ਵਸਨੀਕ ਨਹੀਂ ਹਨ ਅਤੇ ਨਾ ਹੀ ਜਿਨ੍ਹਾਂ ਦਾ ਚੋਣ ਡਿਊਟੀ ਨਾਲ ਕੋਈ ਸਬੰਧ ਹੈ, ਉਹ ਪੋਲਿੰਗ ਸਟੇਸ਼ਨਾਂ ਦੇ ਆਸ-ਪਾਸ ਅਣਅਧਿਕਾਰਤ ਢੰਗ ਨਾਲ ਨਹੀਂ ਘੁੰਮ ਸਕਣਗੇ। ਪ੍ਰਸ਼ਾਸਨ ਵੱਲੋਂ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਅਜਿਹੇ ਸਾਰੇ ਬਾਹਰੀ ਵਿਅਕਤੀ 28 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ 48 ਘੰਟੇ ਪਹਿਲਾਂ ਪਟਿਆਲਾ ਜ਼ਿਲ੍ਹੇ ਦੀ ਹੱਦ ਤੋਂ ਬਾਹਰ ਚਲੇ ਜਾਣਾ ਯਕੀਨੀ ਬਣਾਉਣ। -800 ਪੁਲਿਸ ਮੁਲਾਜ਼ਮ ਸੰਭਾਲਣਗੇ ਸੁਰੱਖਿਆ ਦਾ ਜ਼ਿੰਮਾ ਚੋਣਾਂ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਕਰੀਬ 800 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਪੁਲਿਸ ਨੇ ਸਾਰੇ 30 ਵਾਰਡਾਂ ਨੂੰ ਅਤਿ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਰੱਖਿਆ ਹੈ। ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਐੱਸਐੱਸਪੀ ਹਰਮਨਦੀਪ ਹੰਸ ਨੇ ਪੁਲਿਸ ਲਾਈਨ ਵਿਖੇ ਪੁਲਿਸ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਚੋਣ ਡਿਊਟੀ ਦੌਰਾਨ ਪੂਰੀ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ। ਐੱਸਐੱਸਪੀ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਲਈ ਪਟਿਆਲਾ ਤੋਂ ਇਲਾਵਾ ਹੋਰਨਾਂ ਜ਼ਿਲ੍ਹਿਆਂ ਤੋਂ ਵੀ ਪੁਲਿਸ ਫੋਰਸ ਬੁਲਾਈ ਗਈ ਹੈ। ਉਹ ਖ਼ੁਦ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ। ਇਸ ਦੇ ਨਾਲ ਹੀ ਫੀਲਡ ਵਿੱਚ ਐਸ.ਪੀ. ਸਿਟੀ, ਐਸ.ਪੀ. ਡੀ., ਡੀ.ਐਸ.ਪੀ. ਟਰੈਫਿਕ ਸਮੇਤ ਹੋਰ ਪੁਲਿਸ ਅਧਿਕਾਰੀ ਸੁਰੱਖਿਆ ਵਿਵਸਥਾ ਦੀ ਕਮਾਨ ਸੰਭਾਲਣਗੇ। ਸਾਰੇ ਅਧਿਕਾਰੀਆਂ ਨੂੰ ਆਪਣੇ-ਆਪਣੇ ਇਲਾਕਿਆਂ ’ਚ ਲਗਾਤਾਰ ਗਸ਼ਤ ਅਤੇ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। -ਬਿਨਾਂ ਡਰ ਜਾਂ ਲਾਲਚ ਤੋਂ ਪਾਓ ਵੋਟ ਐਸ.ਐਸ.ਪੀ. ਨੇ ਸਾਰੇ ਉਮੀਦਵਾਰਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਦੌਰਾਨ ਸ਼ਾਂਤੀ ਤੇ ਭਾਈਚਾਰਾ ਬਣਾਈ ਰੱਖਣ ਅਤੇ ਸ਼ਾਂਤਮਈ ਵੋਟਿੰਗ ’ਚ ਪੁਲਿਸ ਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ। ਚੋਣ ਆਬਜ਼ਰਵਰ ਡਾ. ਸੇਨੂੰ ਦੁੱਗਲ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਵੱਧ-ਚੜ੍ਹ ਕੇ ਆਪਣੀ ਵੋਟ ਪਾਉਣ। ਵੋਟਰਾਂ ਅਤੇ ਉਮੀਦਵਾਰਾਂ ਦੀ ਸਹੂਲਤ ਲਈ ਸ਼ਿਕਾਇਤ ਨਿਵਾਰਣ ਨੋਡਲ ਅਫ਼ਸਰ ਦਾ ਮੋਬਾਈਲ ਨੰਬਰ 96460-06027 ਅਤੇ ਈ-ਮੇਲ ਆਈ.ਡੀ. patialazp@gmail.com ਵੀ ਜਾਰੀ ਕੀਤੀ ਗਈ ਹੈ, ਜਿੱਥੇ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ।