ਲੰਘੇ ਜ਼ਮਾਨੇ ਦੀ ਯਾਦ ਬਣ ਕੇ ਰਹਿ ਗਏ ਲਾਲ ਰੰਗ ਦੇ ਲੈਟਰ ਬਾਕਸ
ਲੰਘੇ ਜ਼ਮਾਨੇ ਦੀ ਯਾਦ ਬਣ ਕੇ ਰਹਿ ਗਏ ਲਾਲ ਰੰਗ ਦੇ ਲੈਟਰ ਬਾਕਸ
Publish Date: Mon, 23 Mar 2026 05:28 PM (IST)
Updated Date: Tue, 24 Mar 2026 04:04 AM (IST)

ਅਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ... ਚਿੱਠੀਆਂ ਭਾਵਨਾਵਾਂ ਦਾ ਖ਼ਜਾਨਾ ਹੁੰਦੀਆਂ ਸਨ ਮੋਬਾਈਲ ਤੇ ਇੰਟਰਨੈਟ ਦੀ ਦੁਨੀਆਂ ਨੇ ਜੀਵਨ ਨੂੰ ਕੀਤਾ ਤੇਜ਼ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਕਦੇ ਇੱਕ ਸਮਾਂ ਸੀ ਜਦੋ ਲੋਕਾਂ ਦੇ ਦਿਲਾਂ ਦੀਆਂ ਭਾਵਨਾਵਾਂ ਕਾਗਜ਼ ਦੇ ਸਫਿਆਂ ’ਤੇ ਉਤਾਰੀਆਂ ਜਾਂਦੀਆਂ ਸਨ ਤੇ ਉਹ ਚਿੱਠੀਆਂ ਰਾਹੀਂ ਦੂਰ ਬੇਠੇ ਆਪਣੇ ਪਿਆਰਿਆਂ ਤੱਕ ਪਹੁੰਚਦੀਆਂ ਸਨ। ਉਸ ਦੌਰ ਵਿਚ ਨਾ ਮੋਬਾਈਲ ਫੋਨ ਸਨ ਤੇ ਨਾ ਹੀ ਇੰਟਰਨੈਟ ਦੀ ਤੇਜ਼ ਦੁਨੀਆਂ। ਲੋਕ ਇਕ-ਦੂਜੇ ਨਾਲ ਸੰਪਰਕ ਬਣਾਈ ਰੱਖਣ ਲਈ ਚਿੱਠੀਆਂ ਦਾ ਸਹਾਰਾ ਲੈਂਦੇ ਸਨ। ਪਿੰਡਾਂ ਦੇ ਡਾਕਖਾਨਿਆਂ ਦੇ ਬਾਹਰ ਲੱਗੇ ਲਾਲ ਰੰਗ ਦੇ ਲੈਟਰ ਬਾਕਸ ਉਸ ਸਮੇਂ ਦੀ ਇਕ ਵੱਖਰੀ ਹੀ ਪਹਿਚਾਣ ਹੁੰਦੇ ਸਨ। ਹਰ ਪਿੰਡ ਵਿਚ ਕਿਤੇ ਨਾ ਕਿਤੇ ਇਕ ਛੋਟਾ ਜਿਹਾ ਲੈਟਰ ਬਾਕਸ ਲੱਗਿਆ ਹੁੰਦਾ ਸੀ, ਜਿੱਥੇ ਲੋਕ ਆਪਣੀਆਂ ਚਿੱਠੀਆਂ ਪਾ ਕੇ ਉਨ੍ਹਾਂ ਦੇ ਮੰਜ਼ਿਲ ਤੱਕ ਪਹੁੰਚਣ ਦੀ ਉਡੀਕ ਕਰਦੇ ਸਨ। ਉਸ ਸਮੇਂ ਚਿੱਠੀ ਆਉਣ ਦਾ ਇੰਤਜ਼ਾਰ ਵੀ ਇਕ ਵੱਖਰੀ ਹੀ ਖੁਸ਼ੀ ਦਿੰਦਾ ਸੀ। ਜਦੋਂ ਡਾਕੀਆ ਪਿੰਡ ਵਿਚ ਦਾਖ਼ਲ ਹੁੰਦਾ ਸੀ ਤਾਂ ਕਈ ਲੋਕ ਉਸ ਵੱਲ ਉਮੀਦ ਨਾਲ ਤੱਕਦੇ ਸਨ ਕਿ ਸ਼ਾਇਦ ਅੱਜ ਉਨ੍ਹਾਂ ਲਈ ਵੀ ਕੋਈ ਚਿੱਠੀ ਆਈ ਹੋਵੇ। ਜਿਵੇਂ ਹੀ ਡਾਕੀਆ ਕਿਸੇ ਦਾ ਨਾਮ ਲੈਂਦਾ, ਘਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਪੈਂਦੀ ਸੀ। ਚਿੱਠੀਆਂ ਸਿਰਫ ਕਾਗਜ਼ ਦੇ ਟੁਕੜੇ ਨਹੀਂ ਹੁੰਦੀਆਂ ਸਨ, ਉਹ ਭਾਵਨਾਵਾਂ ਦਾ ਖਜ਼ਾਨਾ ਹੁੰਦੀਆਂ ਸਨ। ਕਈ ਘਰਾਂ ਵਿਚ ਪੁਰਾਣੀਆਂ ਚਿੱਠੀਆਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਸੀ, ਜਿਵੇਂ ਉਹ ਕੋਈ ਕੀਮਤੀ ਧਰੋਹਰ ਹੋਣ। ਪਰ ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ, ਟੈਲੀਫੋਨ, ਮੋਬਾਈਲ ਤੇ ਇੰਟਰਨੈਟ ਦੀ ਦੁਨੀਆਂ ਨੇ ਜੀਵਨ ਨੂੰ ਬਹੁਤ ਤੇਜ਼ ਕਰ ਦਿੱਤਾ। ਹੁਣ ਲੋਕ ਸਕਿੰਟਾ ਵਿਚ ਇੱਕ ਦੂਜੇ ਨਾਲ ਗਲ ਕਰ ਸਕਦੇ ਹਨ, ਸੁਨੇਹੇ ਭੇਜ ਸਕਦੇ ਹਨ ਅਤੇ ਵੀਡੀਓ ਕਾਲ ਕਰ ਸਕਦੇ ਹਨ। ਤਕਨੀਕ ਨੇ ਸਾਨੂੰ ਸਹੂਲਤਾਂ ਤਾਂ ਬਹੁਤ ਦਿੱਤੀਆਂ ਹਨ, ਪਰ ਇਸ ਦੌਰ ਵਿੱਚ ਉਹ ਸਾਦਗੀ ਅਤੇ ਜਜਬਾਤ ਕਿਤੇ ਪਿੱਛੇ ਰਹਿ ਗਏ ਹਨ ਜੋ ਚਿੱਠੀਆਂ ਵਿਚ ਮਹਿਸੂਸ ਹੁੰਦੇ ਸਨ। ਅੱਜ ਭਾਵੇਂ ਸਮਾਰਟਫੋਨ ਨੇ ਲੋਕਾਂ ਨੂੰ ਤੁਰੰਤ ਜੋੜ ਦਿੱਤਾ ਹੈ, ਪਰ ਇਹ ਵੀ ਸੱਚ ਹੈ ਕਿ ਲੋਕ ਦਿਲਾਂ ਤੋਂ ਇੱਕ ਦੂਜੇ ਤੋਂ ਕੋਹਾ ਦੂਰ ਹੋ ਗਏ ਹਨ। ਅੱਜ ਵੀ ਕਈ ਪੁਰਾਣੇ ਡਾਕਖਾਨਿਆਂ ਦੇ ਬਾਹਰ ਲੱਗੇ ਲੇਟਰ ਬਾਕਸ ਸਾਨੂੰ ਉਸ ਸੁਹਾਵਣੇ ਦੇਰ ਦੀ ਯਾਦ ਦਿਵਾਉਂਦੇ ਹਨ, ਜਦੋਂ ਚਿੱਠੀਆਂ ਰਾਹੀ ਪਿਆਰ, ਸਨੇਹ ਅਤੇ ਜਜ਼ਬਾਤ ਭੇਜੇ ਜਾਂਦੇ ਸਨ। ਇਹ ਸਾਡਾ ਪੁਰਾਣਾ ਵਿਰਸਾ ਹੈ, ਜਿਸਨੂੰ ਯਾਦ ਰੱਖਣਾ ਅਤੇ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣਾ ਬਹੁਤ ਜਰੂਰੀ ਹੈ। ਸਮਾਂ ਭਾਵੇਂ ਕਿੰਨਾ ਵੀ ਬਦਲ ਜਾਵੇ, ਪਰ ਚਿੱਠੀਆਂ ਵਾਲਾ ਉਹ ਦੌਰ ਸਾਡੀਆਂ ਯਾਦਾਂ ਵਿਚ ਹਮੇਸ਼ਾਂ ਜ਼ਿੰਦਾ ਰਹੇਗਾ।