ਰੀਸਾਈਕਲਿੰਗ ਕੁਦਰਤੀ ਸਰੋਤਾਂ ਦੀ ਬਚਤ ਕਰਦੀ ਹੈ
ਰੀਸਾਈਕਲਿੰਗ ਕੁਦਰਤੀ ਸਰੋਤਾਂ ਦੀ ਬਚਤ ਕਰਦੀ ਹੈ
Publish Date: Fri, 27 Mar 2026 04:02 PM (IST)
Updated Date: Sat, 28 Mar 2026 04:00 AM (IST)

ਰੀਸਾਈਕਲਿੰਗ ਦਾ ਵਾਤਾਵਰਨ ਨੂੰ ਸਾਫ ਸੁਥਰਾ ਬਣਾਉਣ ’ਚ ਵੱਡਾ ਯੋਗਦਾਨ ਵਿਦਿਆਰਥੀਆਂ ਨੂੰ ਕੂੜੇ ਦੀ ਸੰਭਾਲ, ਪਲਾਸਟਿਕ ਘਾਟ ਸਬੰਧੀ ਜਾਗਰੂਕ ਕਰਨ ਦੀ ਲੋੜ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਅੱਜ ਦੇ ਦੌਰ ਵਿਚ ਵਾਤਾਵਰਣ ਦੀ ਸੰਭਾਲ ਇੱਕ ਵੱਡੀ ਚੁਣੌਤੀ ਬਣ ਚੁੱਕੀ ਹੈ। ਰੋਜ਼ਾਨਾ ਜੀਵਨ ਵਿਚ ਪੈਦਾ ਹੋ ਰਹੇ ਕੂੜੇ-ਕਰਕਟ ਅਤੇ ਪ੍ਰਦੂਸ਼ਟ ਕਾਰਨ ਕੁਦਰਤ ਨੂੰ ਨੁਕਸਾਨ ਪਹੁੰਚ ਰਿਹਾ ਹੈ। ਅਜਿਹੇ ਵਿਚ ਰੀਸਾਈਕਲਿੰਗ ਇੱਕ ਅਹਿਮ ਹੱਲ ਵਜੋਂ ਸਾਹਮਣੇ ਆਉਂਦੀ ਹੈ, ਜੋ ਨਾ ਸਿਰਫ਼ ਕੁਦਰਤੀ ਸਰੋਤਾਂ ਦੀ ਬਚਤ ਕਰਦੀ ਹੈ, ਸਗੋਂ ਵਾਤਾਵਰਣ ਨੂੰ ਵੀ ਸਾਫ਼ ਸੁਥਰਾ ਬਣਾਉਂਦੀ ਹੈ। ਇਸ ਮੁੱਦੇ ਤੇ ਸਮਾਜ ਦੇ ਵੱਖ-ਵੱਖ ਵਰਗਾਂ ਦੀ ਸੱਚ ਜਾਣਨ ਲਈ ਪੰਜਾਬੀ ਜਾਗਰਣ ਵਲੋਂ ਵਿਅਕਤੀਆਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਵਾਤਾਵਰਨ ਦੀ ਸੰਭਾਲ ਸਬੰਧੀ ਜਾਗਰੂਕਤਾ ਜ਼ਰੂਰੀ : ਮਨਦੀਪ ਸਿੰਘ ਟਿੱਬਾ ਸਰਕਾਰੀ ਮੈਡਲ ਸਕੂਲ ਗੁਰਬਖਸ਼ਪੁਰਾ ਦੇ ਮੁਖੀ ਮਨਦੀਪ ਸਿੰਘ ਟਿੱਬਾ ਨੇ ਕਿਹਾ ਕਿ ਬੱਚਿਆਂ ਵਿਚ ਛੋਟੀ ਉਮਰ ਤੋਂ ਹੀ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਬਹੁਤ ਜ਼ਰੂਰੀ ਹੈ। ਉਹਨਾਂ ਨੇ ਦੱਸਿਆ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕੂੜੇ ਦੀ ਵੰਡ, ਪਲਾਸਟਿਕ ਦੀ ਘੱਟ ਵਰਤੋਂ ਅਤੇ ਦੁਬਾਰਾ ਵਰਤੋਂ ਯੋਗ ਚੀਜ਼ਾਂ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ। ਉਹਨਾਂ ਅਨੁਸਾਰ ਜੇਕਰ ਅਸੀਂ ਬਚਪਨ ਤੋਂ ਹੀ ਇਹ ਆਦਤ ਪੈਦਾ ਕਰੀਏ ਤਾਂ ਭਵਿੱਖ ਵਿੱਚ ਵਾਤਾਵਰਣ ਸੰਭਾਲਟ ਵਿੱਚ ਵੱਡਾ ਯੋਗਦਾਨ ਪੇ ਸਕਦਾ ਹੈ। ਬੱਚਿਆਂ ਨੂੰ ਰਿਸਾਈਕਲਿੰਗ ਬਾਰੇ ਜਾਗਰੂਕ ਕਰਨਾ ਜ਼ਰੂਰੀ : ਕਰਨਵੀਰ ਸਿੰਘ ਸਮਾਜ ਸੇਵੀ ਡਾ. ਕਰਨਵੀਰ ਸਿੰਘ ਘਨੌਰੀ ਨੇ ਕਿਹਾ ਕਿ ਰੀਸਾਈਕਲਿੰਗ ਸਿਰਫ਼ ਇਕ ਦਿਨ ਮਨਾਉਣ ਨਾਲ ਹੀ ਸੀਮਿਤ ਨਹੀਂ ਰਹਿਣੀ ਚਾਹੀਦੀ। ਇਹ ਸਾਡੀ ਰੋਜਾਨਾ ਜ਼ਿੰਦਗੀ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਘਰਾਂ ਵਿਚ ਵੀ ਬੱਚਿਆਂ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ ਕਿਵੇਂ ਕਾਗਜ਼, ਪਲਾਸਟਿਕ ਤੇ ਹੋਰ ਸਮੱਗਰੀ ਨੂੰ ਵੱਖਰਾ ਕਰ ਕੇ ਦੁਬਾਰਾ ਵਰਤਿਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸਰਕਾਰ ਤੇ ਸਮਾਜਕ ਸੰਸਥਾਵਾਂ ਨੂੰ ਮਿਲ ਕੇ ਲੋਕਾਂ ’ਚ ਜਾਗਰੂਕਤਾ ਮੁਹਿੰਮ ਚਲਾਉਣੀ ਚਾਹੀਦੀ ਹੈ। ਵਪਾਰਕ ਖੇਤਰ ਵਿਚ ਵੀ ਰਿਸਾਈਕਲਿੰਗ ਦੀ ਵੱਡੀ ਭੂਮਿਕਾ : ਯਾਦਵਿੰਦਰ ਸਿੰਘ ਮਾਹੀ ਫਤਿਹ ਐਮੀਗ੍ਰੇਸ਼ਨ ਸ਼ੇਰਪੁਰ ਦੇ ਐੱਮਡੀ ਯਾਦਵਿੰਦਰ ਸਿੰਘ ਮਾਹੀ ਸ਼ੇਰਗਿੱਲ ਨੇ ਕਿਹਾ ਕਿ ਵਪਾਰਕ ਖੇਤਰ ’ਚ ਵੀ ਰੀਸਾਈਕਲਿੰਗ ਦੀ ਵੱਡੀ ਭੂਮਿਕਾ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ-ਕੱਲ੍ਹ ਕਈ ਕੰਪਨੀਆ ਪੁਰਾਣੇ ਉਪਕਰਣ ਨੂੰ ਦੁਬਰਾ ਤਿਆਰ ਕਰ ਕੇ ਵਰਤ ਰਹੀਆਂ ਹਨ, ਜਿਸ ਨਾਲ ਖਰਚੇ ਵਿਚ ਕਮੀ ਆਉਂਦੀ ਹੈ ਤੇ ਵਾਤਾਵਰਣ ਨੂੰ ਵੀ ਫ਼ਾਇਦਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਉਦਯੋਗਪਤੀ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਦਿਸ਼ਾ ਵਿਚ ਕਦਮ ਚੁੱਕਣੇ ਚਾਹੀਦੇ ਹਨ। ਕੂੜੇ ਨੂੰ ਸਹੀ ਢੰਗ ਨਾਲ ਸੰਭਾਲੀਏ : ਕੁਲਵਿੰਦਰ ਸਿੰਘ ਖੇੜੀ ਮਾਸਟਰ ਕੁਲਵਿੰਦਰ ਸਿੰਘ ਖੇੜੀ ਨੇ ਕਿਹਾ ਕਿ ਰੀਸਾਈਕਲਿੰਗ ਨਾਲ ਨਾ ਸਿਰਫ਼ ਪ੍ਰਦੂਸ਼ਣ ਘਟਦਾ ਹੈ, ਸਗੋਂ ਇਹ ਆਰਥਿਕ ਤੌਰ ਤੇ ਵੀ ਲਾਭਕਾਰੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਅਸੀ ਕੂੜੇ ਨੂੰ ਸਹੀ ਢੰਗ ਨਾਲ ਸੰਭਾਲੀਏ ਤਾਂ ਇਸ ਤੋਂ ਨਵੇਂ ਉਤਪਾਦ ਤਿਆਰ ਕੀਤੇ ਜਾ ਸਕਦੇ ਹਨ, ਜੇ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰਦੇ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਸ-ਪਾਸ ਸਫ਼ਾਈ ਰੱਖਣ ਅਤੇ ਰੀਸਾਈਕਲਿੰਗ ਨੂੰ ਅਪਣਾਉਣ ਅਖੀਰ ਵਿਚ ਇਹ ਨਿਸ਼ਚਿਤ ਹੈ ਕਿ ਰੀਸਾਈਕਲਿੰਗ ਸਿਰਫ਼ ਇੱਕ ਵਿਕਲਪ ਨਹੀਂ, ਸਗੋਂ ਸਮੇਂ ਦੀ ਲੋੜ ਹੈ।