ਜਾਅਲੀ ਸਰਟੀਫਿਕੇਟ ਦੇ ਅਧਾਰ 'ਤੇ ਕਮਾਂਡੋ 'ਚ ਹੋਇਆ ਭਰਤੀ: ਪੁਲਿਸ ਵੱਲੋਂ ਸਿਪਾਹੀ ਅਤੇ ਇੰਸਟੀਚਿਊਟ ਡਾਇਰੈਕਟਰ 'ਤੇ ਮਾਮਲਾ ਦਰਜ
ਮਿਲੀ ਜਾਣਕਾਰੀ ਅਨੁਸਾਰ, ਗੁਰਦੀਪ ਸਿੰਘ ਨੇ ਕਮਾਂਡੋ ਵਿੰਗ ’ਚ ਭਰਤੀ ਹੋਣ ਲਈ ਕੁਝ ਵਿੱਦਿਅਕ ਅਤੇ ਤਕਨੀਕੀ ਸਰਟੀਫਿਕੇਟ ਜਮ੍ਹਾਂ ਕਰਵਾਏ ਸਨ। ਭਰਤੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਜਦੋਂ ਵਿਭਾਗੀ ਨਿਯਮਾਂ ਅਨੁਸਾਰ ਤੈਨਾਤ ਮੁਲਾਜ਼ਮਾਂ ਦੇ ਦਸਤਾਵੇਜ਼ਾਂ ਦੀ ਵਿਸ਼ੇਸ਼ ਜਾਂਚ ਅਤੇ ਤਸਦੀਕ ਸ਼ੁਰੂ ਕੀਤੀ ਗਈ ਤਾਂ ਗੁਰਦੀਪ ਸਿੰਘ ਵੱਲੋਂ ਪੇਸ਼ ਕੀਤੇ ਗਏ ਸਰਟੀਫਿਕੇਟ ਸ਼ੱਕੀ ਪਾਏ ਗਏ। ਸਬੰਧਤ ਅਦਾਰਿਆਂ ਤੋਂ ਰਿਕਾਰਡ ਦੀ ਮੁੜ ਪੜਤਾਲ ਕਰਵਾਉਣ ’ਤੇ ਇਹ ਗੱਲ ਸਾਹਮਣੇ ਆਈ ਕਿ ਇਹ ਸਰਟੀਫਿਕੇਟ ਪੂਰੀ ਤਰ੍ਹਾਂ ਜਾਅਲੀ ਅਤੇ ਮਨਘੜਤ ਸਨ।
Publish Date: Thu, 03 Sep 2026 04:04 PM (IST)
Updated Date: Thu, 03 Sep 2026 04:20 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ। ਕਮਾਂਡੋ ਭਰਤੀ ਪ੍ਰਕਿਰਿਆ ਦੌਰਾਨ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਨੌਕਰੀ ਹਾਸਲ ਕਰਨ ਦੇ ਇੱਕ ਗੰਭੀਰ ਮਾਮਲੇ ’ਚ ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਿਆਣਾ ਵਾਸੀ ਸਾਬਕਾ ਸਿਪਾਹੀ ਗੁਰਦੀਪ ਸਿੰਘ ਅਤੇ ਸਾਈਂ ਇੰਸਟੀਚਿਊਟ ਦੇ ਡਾਇਰੈਕਟਰ ਸੀਤਾ ਰਾਮ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ, ਗੁਰਦੀਪ ਸਿੰਘ ਨੇ ਕਮਾਂਡੋ ਵਿੰਗ ’ਚ ਭਰਤੀ ਹੋਣ ਲਈ ਕੁਝ ਵਿੱਦਿਅਕ ਅਤੇ ਤਕਨੀਕੀ ਸਰਟੀਫਿਕੇਟ ਜਮ੍ਹਾਂ ਕਰਵਾਏ ਸਨ। ਭਰਤੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਜਦੋਂ ਵਿਭਾਗੀ ਨਿਯਮਾਂ ਅਨੁਸਾਰ ਤੈਨਾਤ ਮੁਲਾਜ਼ਮਾਂ ਦੇ ਦਸਤਾਵੇਜ਼ਾਂ ਦੀ ਵਿਸ਼ੇਸ਼ ਜਾਂਚ ਅਤੇ ਤਸਦੀਕ ਸ਼ੁਰੂ ਕੀਤੀ ਗਈ ਤਾਂ ਗੁਰਦੀਪ ਸਿੰਘ ਵੱਲੋਂ ਪੇਸ਼ ਕੀਤੇ ਗਏ ਸਰਟੀਫਿਕੇਟ ਸ਼ੱਕੀ ਪਾਏ ਗਏ। ਸਬੰਧਤ ਅਦਾਰਿਆਂ ਤੋਂ ਰਿਕਾਰਡ ਦੀ ਮੁੜ ਪੜਤਾਲ ਕਰਵਾਉਣ ’ਤੇ ਇਹ ਗੱਲ ਸਾਹਮਣੇ ਆਈ ਕਿ ਇਹ ਸਰਟੀਫਿਕੇਟ ਪੂਰੀ ਤਰ੍ਹਾਂ ਜਾਅਲੀ ਅਤੇ ਮਨਘੜਤ ਸਨ।
ਵਿਭਾਗੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ ਫਰਜ਼ੀ ਸਰਟੀਫਿਕੇਟ ਸਾਈਂ ਇੰਸਟੀਚਿਊਟ ਦੇ ਡਾਇਰੈਕਟਰ ਸੀਤਾ ਰਾਮ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਤਿਆਰ ਕਰਕੇ ਮੁਹੱਈਆ ਕਰਵਾਏ ਗਏ ਸਨ। ਨੌਕਰੀ ਲੈਣ ਲਈ ਅਜਿਹੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਨਾ ਸਰਕਾਰੀ ਨਿਯਮਾਂ ਦੀ ਘੋਰ ਉਲੰਘਣਾ ਅਤੇ ਸਿੱਧੀ ਧੋਖਾਧੜੀ ਹੈ।
ਇਸ ਮਾਮਲੇ ’ਚ ਵਿਭਾਗ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ, ਜਾਅਲਸਾਜ਼ੀ ਅਤੇ ਜਾਅਲੀ ਦਸਤਾਵੇਜ਼ਾਂ ਨੂੰ ਅਸਲੀ ਵਜੋਂ ਵਰਤਣ ਦੀਆਂ ਸੰਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਭਰਤੀ ਪ੍ਰਕਿਰਿਆ ਨਾਲ ਸਬੰਧਤ ਸਾਰਾ ਸਰਕਾਰੀ ਰਿਕਾਰਡ ਅਤੇ ਕਥਿਤ ਜਾਅਲੀ ਸਰਟੀਫਿਕੇਟ ਜ਼ਬਤ ਕਰ ਲਏ ਗਏ ਹਨ। ਪੁਲਿਸ ਇਸ ਪਹਿਲੂ ਦੀ ਵੀ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ ਕਿ ਕੀ ਉਕਤ ਇੰਸਟੀਚਿਊਟ ਵੱਲੋਂ ਹੋਰਨਾਂ ਉਮੀਦਵਾਰਾਂ ਨੂੰ ਵੀ ਅਜਿਹੇ ਫਰਜ਼ੀ ਸਰਟੀਫਿਕੇਟ ਜਾਰੀ ਕੀਤੇ ਗਏ ਹਨ ਜਾਂ ਇਸ ਪਿੱਛੇ ਕੋਈ ਵੱਡਾ ਗਿਰੋਹ ਸਰਗਰਮ ਹੈ। ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ।