- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਯੂਨੀਵਰਸਿਟੀ ਵਿਖੇ 'ਰੌਣਕ ਤੀਆਂ ਦੀ 2026' ਪ੍ਰੋਗਰਾਮ ਸ਼ੁਰੂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਜੀਵ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਦੋ ਰੋਜ਼ਾ ਪ੍ਰੋਗਰਾਮ 'ਰੌਣਕ ਤੀਆਂ ਦੀ 2026' ਸ਼ੁਰੂ ਹੋ ਗਿਆ ਹੈ। ਪ੍ਰੋਗਰਾਮ ਦਾ ਉਦਘਾਟਨ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤਾ ਗਿਆ। ਉਨ੍ਹਾਂ ਦੇ ਹਮਸਫ਼ਰ ਡਾ. ਸੁਖਜੀਤ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥਣਾਂ ਨੇ ਗਿੱਧਾ, ਬੋਲੀਆਂ, ਲੋਕ ਗੀਤ ਤੇ ਹੋਰ ਰਵਾਇਤੀ ਸੱਭਿਆਚਾਰਕ ਵਨੰਗੀਆਂ ਪੇਸ਼ ਕਰਦਿਆਂ ਪੂਰੇ ਕੈਂਪਸ ਦੇ ਮਾਹੌਲ ਨੂੰ ਰੰਗਲਾ ਅਤੇ ਉਤਸ਼ਾਹਪੂਰਨ ਬਣਾ ਦਿੱਤਾ। ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਅਮੀਰ ਪੰਜਾਬੀ ਸੱਭਿਆਚਾਰ ਦਾ ਅਟੁੱਟ ਅੰਗ ਹੈ, ਜੋ ਧੀਆਂ-ਭੈਣਾਂ ਲਈ ਖੁਸ਼ੀਆਂ, ਭਾਈਚਾਰਕ ਸਾਂਝ ਅਤੇ ਆਪਣੀ ਮਾਂ-ਬੋਲੀ ਤੇ ਵਿਰਸੇ ਨਾਲ ਜੁੜਨ ਦਾ ਸੁਨੇਹਾ ਲੈ ਕੇ ਆਉਂਦਾ ਹੈ। ਉਨ੍ਹਾਂ ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੇ ਮਾਣਮੱਤੇ ਪੰਜਾਬੀ ਵਿਰਸੇ ਅਤੇ ਲੋਕ-ਕਲਾਵਾਂ ਨਾਲ ਜੋੜੀ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਪ ਕੁਲਪਤੀ ਨੇ ਵਿਦਿਆਰਥਣਾਂ ਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਸਮੁੱਚੇ ਵਿਭਾਗ ਨੂੰ ਇਸ ਸਫ਼ਲਤਾ ਲਈ ਵਧਾਈ ਦਿੱਤੀ। ਇਸ ਦੋ ਰੋਜ਼ਾ ਸਮਾਗਮ ਦੌਰਾਨ ਗਿੱਧਾ, ਬੋਲੀਆਂ, ਲੋਕ ਗੀਤ, ਮਹਿੰਦੀ ਅਤੇ ਹੋਰ ਰਵਾਇਤੀ ਮੁਕਾਬਲੇ ਕਰਵਾਏ ਜਾ ਰਹੇ ਹਨ। ਉਦਘਾਟਨੀ ਸੈਸ਼ਨ ਮੌਕੇ ਰਜਿਸਟਰਾਰ ਪ੍ਰੋ. ਅਜੀਤਾ, ਕੰਟਰੋਲਰ ਪ੍ਰੀਖਿਆਵਾਂ ਡਾ. ਹਿਮੇਂਦਰ ਭਾਰਤੀ, ਮੁਖੀ, ਜੀਵ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਡਾ. ਉਂਕਾਰ ਸਿੰਘ ਬੜੈਚ ਆਦਿ ਹਾਜ਼ਰ ਰਹੇ।