- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਇੰਸਟੀਚਿਊਟ ‘ਰਤਨ ਪੰਜਾਬ ਦੇ’ ਅਵਾਰਡ ਨਾਲ ਸਨਮਾਨਿਤ

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਅਦਾਰਾ ‘ਪੰਜਾਬੀ ਜਾਗਰਣ’ ਵੱਲੋਂ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਨੂੰ ਸਨਮਾਨਿਤ ਕਰਨ ਲਈ ਇਕ ਸੂਬਾ ਪੱਧਰੀ ਸਮਾਗਮ ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਸਮਾਗਮ ’ਚ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੈਡੀਕਲ ਸਿੱਖਿਆ ਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਪਾਏ ਗਏ ਵਡਮੁੱਲੇ ਯੋਗਦਾਨ ਲਈ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਡੀਕਲ ਟੈਕਨਾਲੋਜੀ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਡਾ. ਸੁਭਾਸ਼ ਡਾਵਰ ਨੂੰ ਵਿਸ਼ੇਸ਼ ਸਮਾਗਮ ਦੌਰਾਨ ਵੱਕਾਰੀ 'ਰਤਨ ਪੰਜਾਬ ਦੇ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਦੈਨਿਕ ਜਾਗਰਣ ਗ੍ਰੇਟਰ ਪੰਜਾਬ ਦੇ ਸੀਜੀਐੱਮ ਮੋਹਿੰਦਰ ਕੁਮਾਰ ਤੇ ਪੰਜਾਬੀ ਜਾਗਰਣ ਸੰਪਾਦਕ ਇੰਦਰਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਹ ਸਨਮਾਨ ਉਨ੍ਹਾਂ ਵੱਲੋਂ ਪੈਰਾਮੈਡੀਕਲ ਸਿੱਖਿਆ ਦੇ ਖੇਤਰ ਵਿਚ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਤੇ ਸਮਾਜ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨਾਲੋਜੀ ਡਾਇਰੈਕਝਟਰ ਡਾ. ਸੁਭਾਸ਼ ਦਾਵਰ ਨੇ ਮਹਿਜ਼ 24 ਸਾਲ ਦੀ ਛੋਟੀ ਉਮਰ ਵਿਚ ਹੀ ਸਮਾਜ ਸੇਵਾ ਦੇ ਨੇਕ ਮਨੋਰਥ ਨਾਲ ਸਾਲ 1991 ਵਿਚ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਡੀਕਲ ਟੈਕਨਾਲੋਜੀ ਦੀ ਨੀਂਹ ਰੱਖੀ ਸੀ। ਪਿਛਲੇ 35 ਤੋਂ ਵੱਧ ਸਾਲਾਂ ਦੇ ਸ਼ਾਨਦਾਰ ਸਫ਼ਰ ਦੌਰਾਨ ਇਹ ਸੰਸਥਾ ਪੈਰਾਮੈਡੀਕਲ ਅਤੇ ਅਲਾਈਡ ਹੈਲਥ ਸਾਇੰਸਿਜ਼ ਦੀ ਸਿੱਖਿਆ ਵਿਚ ਇਕ ਮੋਹਰੀ ਅਦਾਰੇ ਵਜੋਂ ਉੱਭਰੀ ਹੈ। ਡਾ. ਡਾਵਰ ਦੱਸਦੇ ਹਨ ਕਿ ਇਸ ਸੰਸਥਾ ਨੇ ਹਮੇਸ਼ਾ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ, ਵਿਹਾਰਕ ਸਿਖਲਾਈ ਤੇ ਨੈਤਿਕ ਕਦਰਾਂ-ਕੀਮਤਾਂ ਪ੍ਰਦਾਨ ਕਰਕੇ ਸਿਹਤ ਖੇਤਰ ਲਈ ਹੁਨਰਮੰਦ ਪੇਸ਼ੇਵਰ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਆਧੁਨਿਕ ਪ੍ਰਯੋਗਸ਼ਾਲਾਵਾਂ, ਤਜਰਬੇਕਾਰ ਅਧਿਆਪਕਾਂ ਤੇ ਬਿਹਤਰੀਨ ਕਲੀਨਿਕਲ ਐਕਸਪੋਜ਼ਰ ਨਾਲ ਲੈਸ ਇਹ ਸੰਸਥਾ ਡਿਪਲੋਮਾ ਅਤੇ ਡਿਗਰੀ ਕੋਰਸ ਮੁਹੱਈਆ ਕਰਵਾਉਂਦੀ ਹੈ।
ਇਸ ਮੌਕੇ ਡਾ. ਸੁਭਾਸ਼ ਦਾਵਰ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਦਾ ਮੁੱਖ ਮਕਸਦ ਲੋਕਾਂ ਤੱਕ ਮਿਆਰੀ ਸਿਹਤ ਸੇਵਾਵਾਂ ਦੀ ਪਹੁੰਚ ਆਸਾਨ ਬਣਾਉਣਾ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸਿੱਖਿਆ ਤੇ ਸਿਖਲਾਈ ਰਾਹੀਂ ਆਤਮ-ਨਿਰਭਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਐਵਾਰਡ ਉਨ੍ਹਾਂ ਦੀ ਸਮੁੱਚੀ ਟੀਮ ਦੀ ਅਣਥੱਕ ਮਿਹਨਤ ਅਤੇ ਸਮਾਜ ਸੇਵਾ ਪ੍ਰਤੀ ਵਚਨਬੱਧਤਾ ਦਾ ਸਿੱਟਾ ਹੈ। ਉਨ੍ਹਾਂ ਅੱਗੇ ਵੀ ਸਿਹਤ ਸੇਵਾਵਾਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਅਤੇ ਮਾਨਵਤਾ ਦੀ ਭਲਾਈ ਲਈ ਕਾਰਜਸ਼ੀਲ ਰਹਿਣ ਦਾ ਅਹਿਦ ਦੁਹਰਾਇਆ। ਸਮਾਗਮ ਵਿਚ ਹਾਜ਼ਰ ਸ਼ਖ਼ਸੀਅਤਾਂ ਨੇ ਡਾ. ਦਾਵਰ ਨੂੰ ਇਸ ਵੱਡੀ ਪ੍ਰਾਪਤੀ 'ਤੇ ਵਧਾਈ ਦਿੱਤੀ।