ਵਿਦੇਸ਼ੀ ਨੰਬਰ ਤੋਂ ਆਈ ਫਿਰੌਤੀ ਦੀ ਕਾਲ: ਸੇਵਾਮੁਕਤ ਪ੍ਰੋਫੈਸਰ ਤੋਂ ਮੰਗੇ 1 ਕਰੋੜ ਰੁਪਏ, ਪੁਲਿਸ ਨੇ ਮਾਮਲਾ ਕੀਤਾ ਦਰਜ
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਪ੍ਰੋਫੈਸਰ ਡਾ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਟੀਬੀ ਸਰਕਾਰੀ ਹਸਪਤਾਲ ਤੋਂ ਪ੍ਰੋਫੈਸਰ ਦੇ ਅਹੁਦੇ ਤੋਂ ਸੇਵਾਮੁਕਤ ਹਨ ਅਤੇ ਮੌਜੂਦਾ ਸਮੇਂ ’ਚ ਪੰਜਾਬੀ ਬਾਗ ਸਥਿਤ ਆਪਣੇ ਕਲੀਨਿਕ ’ਚ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ 3 ਅਗਸਤ ਨੂੰ ਉਨ੍ਹਾਂ ਦੇ ਮੋਬਾਈਲ ਫੋਨ ’ਤੇ ਇੱਕ ਵਿਦੇਸ਼ੀ ਨੰਬਰ ਤੋਂ ਧਮਕੀ ਭਰਿਆ ਮੈਸੇਜ ਆਇਆ, ਜਿਸ ਨੂੰ ਉਨ੍ਹਾਂ ਨੇ ਪਹਿਲਾਂ ਫਰਜ਼ੀ ਕਾਲ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ।
Publish Date: Thu, 06 Aug 2026 11:24 AM (IST)
Updated Date: Thu, 06 Aug 2026 11:30 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ। ਸਰਕਾਰੀ ਹਸਪਤਾਲ ਦੇ ਸੇਵਾਮੁਕਤ ਪ੍ਰੋਫੈਸਰ ਨੂੰ ਗੈਂਗਸਟਰ ਦੱਸਣ ਵਾਲੇ ਮੁਲਜ਼ਮਾਂ ਨੇ ਫੋਨ ਕਰਕੇ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਮੁਲਜ਼ਮਾਂ ਨੇ ਪਰਿਵਾਰ ਦੀ ਪੂਰੀ ਜਾਣਕਾਰੀ ਹੋਣ ਦਾ ਦਾਅਵਾ ਕਰਦਿਆਂ ਰਕਮ ਨਾ ਦੇਣ ’ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਵਲ ਲਾਈਨਜ਼ ਪੁਲਿਸ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਦੋ ਨਾਮਜ਼ਦ ਮੁਲਜ਼ਮਾਂ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਪ੍ਰੋਫੈਸਰ ਡਾ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਟੀਬੀ ਸਰਕਾਰੀ ਹਸਪਤਾਲ ਤੋਂ ਪ੍ਰੋਫੈਸਰ ਦੇ ਅਹੁਦੇ ਤੋਂ ਸੇਵਾਮੁਕਤ ਹਨ ਅਤੇ ਮੌਜੂਦਾ ਸਮੇਂ ’ਚ ਪੰਜਾਬੀ ਬਾਗ ਸਥਿਤ ਆਪਣੇ ਕਲੀਨਿਕ ’ਚ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ 3 ਅਗਸਤ ਨੂੰ ਉਨ੍ਹਾਂ ਦੇ ਮੋਬਾਈਲ ਫੋਨ ’ਤੇ ਇੱਕ ਵਿਦੇਸ਼ੀ ਨੰਬਰ ਤੋਂ ਧਮਕੀ ਭਰਿਆ ਮੈਸੇਜ ਆਇਆ, ਜਿਸ ਨੂੰ ਉਨ੍ਹਾਂ ਨੇ ਪਹਿਲਾਂ ਫਰਜ਼ੀ ਕਾਲ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ।
ਇਸ ਤੋਂ ਬਾਅਦ ਦੁਬਾਰਾ ਫੋਨ ਕਰਕੇ ਮੁਲਜ਼ਮ ਨੇ ਖੁਦ ਨੂੰ ਗੈਂਗਸਟਰ ਦੱਸਦਿਆਂ ਕਿਹਾ ਕਿ ਉਸ ਕੋਲ ਉਨ੍ਹਾਂ ਦੇ ਪੂਰੇ ਪਰਿਵਾਰ ਦੀ ਜਾਣਕਾਰੀ ਹੈ ਅਤੇ ਜੇਕਰ ਇੱਕ ਕਰੋੜ ਰੁਪਏ ਨਾ ਦਿੱਤੇ ਗਏ ਤਾਂ ਪਰਿਵਾਰ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ 5 ਅਗਸਤ ਨੂੰ ਮੁਲਜ਼ਮਾਂ ਨੇ ਮੁੜ ਫੋਨ ਕਰਕੇ ਧਮਕੀ ਦਿੱਤੀ ਅਤੇ ਇਸ ਵਾਰ 50 ਲੱਖ ਰੁਪਏ ਦੀ ਮੰਗ ਕਰਦਿਆਂ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ।
ਇਸ ਤੋਂ ਬਾਅਦ ਪੀੜਤ ਨੇ ਪੁਲਿਸ ਨਾਲ ਸੰਪਰਕ ਕੀਤਾ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਅੰਮ੍ਰਿਤਸਰ ਦੇ ਦੋ ਵਿਅਕਤੀਆਂ ਮੁਹੱਬਤਜੀਤ ਸਿੰਘ ਨਿਵਾਸੀ ਪਿੰਡ ਨੱਥ ਦੀ ਖੂਹੀ ਥਾਣਾ ਮਹਿਤਾ ਜ਼ਿਲ੍ਹਾ ਅੰਮ੍ਰਿਤਸਰ ਅਤੇ ਬਲਵਿੰਦਰ ਸਿੰਘ ਨਿਵਾਸੀ ਪੱਤੀ ਬਲੇਲ ਸਾਹਿਲਾ ਅੰਮ੍ਰਿਤਸਰ ਸਮੇਤ ਇੱਕ ਅਣਪਛਾਤੇ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੋਬਾਈਲ ਨੰਬਰਾਂ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।