ਵਰਕਰਾਂ ਦੀ ਮਿਹਨਤ ਵਿਅਰਥ ਨਹੀਂ ਜਾਣ ਦਿਆਂਗਾ, ਚੋਣ ਲੜਾਂਗੇ ਤੇ ਜਿੱਤਾਂਗੇ : ਜਗਦੀਸ਼ ਜੱਗਾ ਵਰਕਰਾਂ ਦੀ ਮਿਹਨਤ ਵਿਅਰਥ ਨਹੀਂ ਜਾਣ ਦਿਆਂਗਾ, ਚੋਣ ਲੜਾਂਗੇ ਤੇ ਜਿੱਤਾਂਗੇ : ਜਗਦੀਸ਼ ਜੱਗਾ
Publish Date: Wed, 25 Nov 2026 07:13 PM (IST)
Updated Date: Wed, 25 Nov 2026 07:16 PM (IST)
ਐੱਚਐੱਸ ਸੈਣੀ, •ਪੰਜਾਬੀ ਜਾਗਰਣ• ਰਾਜਪੁਰਾ : ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੀ ਅਗਵਾਈ ’ਚ ਰਾਜਪੁਰਾ ਵਿਧਾਨ ਸਭਾ ਹਲਕੇ ਵਿੱਚ ਆਪਣੀ ਸਿਆਸੀ ਸਰਗਰਮੀ ਤੇਜ਼ ਕਰਦਿਆਂ ਹਲਕੇ ਦੇ 207 ਬੂਥਾਂ ਦੇ ਬੂਥ ਇੰਚਾਰਜਾਂ ਦਾ ਵਿਸ਼ੇਸ਼ ਇਕੱਠ ਕੀਤਾ ਗਿਆ। ਇਸ ਮੌਕੇ ਜਗਦੀਸ਼ ਕੁਮਾਰ ਜੱਗਾ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਕਿਹਾ ਕਿ ਪਾਰਟੀ ਦੇ ਬੂਥ ਇੰਚਾਰਜ ਉਸ ਦੇ ਪਰਿਵਾਰ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਅੱਜ ਇਕੱਠ ਵਿੱਚ ਹਲਕੇ ਦੇ 207 ਬੂਥਾਂ ਦੇ ਨੁਮਾਇੰਦੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਰਾਜਪੁਰਾ ਹਲਕੇ ਦੇ ਵਰਕਰਾਂ ਵਿੱਚ ਪਾਰਟੀ ਵਿੱਚ ਹੋ ਰਹੀਆਂ ਜੁਆਇਨਿੰਗਾਂ ਨੂੰ ਲੈ ਕੇ ਕਾਫੀ ਨਿਰਾਸ਼ਾ ਸੀ। ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਦਫ਼ਤਰ ਪਹੁੰਚ ਕੇ ਸਵਾਲ ਕਰ ਰਹੇ ਸਨ ਕਿ ਆਖ਼ਰ ਇਹ ਸਭ ਕੀ ਹੋ ਰਿਹਾ ਹੈ। ਇਸੇ ਕਾਰਨ ਬੂਥ ਇੰਚਾਰਜਾਂ ਨੂੰ ਇਕੱਠਾ ਕਰਕੇ ਉਨ੍ਹਾਂ ਦਾ ਮਨੋਬਲ ਵਧਾਉਣ ਅਤੇ ਸਥਿਤੀ ਸਪੱਸ਼ਟ ਕਰਨ ਲਈ ਇਹ ਪ੍ਰੋਗਰਾਮ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਰੀਬ 20 ਸਾਲਾਂ ਤੋਂ ਉਹ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਵਰਕਰਾਂ ਦੀ ਮਿਹਨਤ ਸਦਕਾ ਹੀ ਰਾਜਪੁਰਾ ਵਿੱਚ ਭਾਜਪਾ ਦਾ ਸੰਗਠਨ ਮਜ਼ਬੂਤ ਹੋਇਆ ਹੈ। ਉਨ੍ਹਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ 2017 ਦੀਆਂ ਚੋਣਾਂ ਵਿੱਚ ਭਾਜਪਾ-ਅਕਾਲੀ ਦਲ ਗਠਜੋੜ ਨੂੰ ਰਾਜਪੁਰਾ ਵਿੱਚ ਕਰੀਬ 17 ਹਜ਼ਾਰ ਵੋਟਾਂ ਮਿਲੀਆਂ ਸਨ, ਜਦਕਿ 2022 ਦੀਆਂ ਚੋਣਾਂ ਵਿੱਚ ਭਾਜਪਾ ਨੂੰ 32 ਹਜ਼ਾਰ 341 ਵੋਟਾਂ ਮਿਲੀਆਂ ਅਤੇ ਅਕਾਲੀ ਦਲ ਨੂੰ ਕਰੀਬ 15 ਹਜ਼ਾਰ ਵੋਟਾਂ ਪ੍ਰਾਪਤ ਹੋਈਆਂ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਭਾਜਪਾ ਨੂੰ ਸਭ ਤੋਂ ਵੱਧ ਵੋਟਾਂ ਰਾਜਪੁਰਾ ਹਲਕੇ ਵਿੱਚ ਮਿਲੀਆਂ ਸਨ ਅਤੇ ਇਸ ਦਾ ਸਿਹਰਾ ਹਲਕੇ ਦੇ ਵਰਕਰਾਂ ਅਤੇ ਬੂਥ ਇੰਚਾਰਜਾਂ ਦੀ ਮਿਹਨਤ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਈ ਪਿੰਡਾਂ ਅਤੇ ਸ਼ਹਿਰ ਦੇ ਬੂਥਾਂ ਉੱਤੇ ਭਾਜਪਾ ਦੇ ਬੂਥ ਇੰਚਾਰਜ ਤੱਕ ਨਹੀਂ ਹੁੰਦੇ ਸਨ, ਪਰ ਅੱਜ ਹਲਕੇ ਦੇ 207 ਬੂਥਾਂ ਉੱਤੇ ਪਾਰਟੀ ਦੇ ਬੂਥ ਇੰਚਾਰਜ ਮੌਜੂਦ ਹਨ। ਟਿਕਟ ਦੇ ਦਾਅਵੇਦਾਰਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਵਰਕਰ ਅਤੇ ਆਗੂ ਨੂੰ ਟਿਕਟ ਮੰਗਣ ਦਾ ਪੂਰਾ ਹੱਕ ਹੈ। ਉਨ੍ਹਾਂ ਕੌਂਸਲਰ ਰੁਪਿੰਦਰ ਰੂਪੀ ਸਮੇਤ ਹੋਰ ਆਗੂਆਂ ਅਤੇ ਕੌਂਸਲਰਾਂ ਨੂੰ ਵੀ ਟਿਕਟ ਲਈ ਆਪਣਾ ਦਾਅਵਾ ਪੇਸ਼ ਕਰਨ ਦੀ ਗੱਲ ਕਹੀ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਜਪਾ ਵਿੱਚ ਟਿਕਟਾਂ ਦਾ ਫੈਸਲਾ ਕਿਸੇ ਦੀ ਸਿਫ਼ਾਰਸ਼ ਜਾਂ ਨਿੱਜੀ ਦਾਅਵਿਆਂ ਨਾਲ ਨਹੀਂ, ਸਗੋਂ ਪਾਰਟੀ ਦੀ ਪਾਰਲੀਮੈਂਟਰੀ ਕਮੇਟੀ ਵੱਲੋਂ ਕੀਤਾ ਜਾਂਦਾ ਹੈ। ਉਨ੍ਹਾਂ ਰਾਜਪੁਰਾ ਵਿੱਚ ਲੋਕਲ ਉਮੀਦਵਾਰ ਦੀ ਮੰਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਲਕੇ ਦੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦਾ ਵਿਧਾਇਕ ਰਾਜਪੁਰਾ ਦਾ ਜੰਮਪਲ ਅਤੇ ਇੱਥੋਂ ਦਾ ਸਥਾਨਕ ਵਿਅਕਤੀ ਹੋਵੇ। ਉਨ੍ਹਾਂ ਬੂਥ ਇੰਚਾਰਜਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮਿਹਨਤ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਪੂਰੀ ਤਾਕਤ ਨਾਲ ਲੜੀਆਂ ਜਾਣਗੀਆਂ ਅਤੇ ਜਿੱਤ ਹਾਸਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਜਗਦੀਸ਼ ਜੱਗਾ ਨੂੰ ਜੇਕਰ ਭਾਜਪਾ ਟਿਕਟ ਨਹੀਂ ਦਿੰਦੀ ਤਾਂ ਉਹ ਆਜ਼ਾਦ ਚੋਣ ਲੜਨਗੇ ਸਬੰਧੀ ਪੁੱਛੇ ਜਾਣ ਉਤੇ ਉਹਨਾਂ ਚੁੱਪੀ ਵੱਟ ਲਈ। ਇਸ ਮੌਕੇ ਰੁਪਿੰਦਰ ਸਿੰਘ ਸੰਧੂ, ਦਿਨੇਸ਼ ਮਹਿਤਾ, ਕੌਂਸਲਰ ਹਿਮਾਂਸੂ ਸਪਰਾ, ਜਸਵਿੰਦਰ ਸਿੰਘ ਜੱਸੀ, ਦਲਵੀਰ ਸਿੰਘ ਭੰਗੂ, ਕੌਂਸਲਰ ਪ੍ਰਤੀਕ ਕੁਮਾਰ, ਕੌਂਸਲਰ ਰੰਜਨਾ ਵਰਮਾ, ਕੌਸਲਰ ਨੀਲਮ ਮਹਿਤਾ, ਆਸਾ ਸਹਿਜੜਾ, ਰੁਪਿੰਦਰ ਕੌਰ, ਰੀਟਾ ਰਾਣੀ, ਮੋਨੀਕਾ ਸ਼ਰਮਾ ਸਮੇਤ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚ ਪੰਚ ਤੇ ਰਾਜਪੁਰਾ ਸ਼ਹਿਰ ਦੇ ਵਸਨੀਕ ਹਾਜ਼ਰ ਸਨ।