ਹੋਟਲਾਂ ਤੇ ਢਾਬਿਆਂ ਵੱਲੋਂ ਸ਼ਰਾਬ ਪਿਆਉਣ ਦੀ ਇਜਾਜ਼ਤ ਸਬੰਧੀ ਮਾਰਕੀਟ ਕਮੇਟੀ ਨੇ ਆਬਕਾਰੀ ਵਿਭਾਗ ਤੋਂ ਮੁੜ ਮੰਗੀ ਰਿਪੋਰਟ ਹੋਟਲਾਂ ਤੇ ਢਾਬਿਆਂ ਵੱਲੋਂ ਸ਼ਰਾਬ ਪਿਲਾਉਣ ਦੀ ਇਜਾਜ਼ਤ ਸਬੰਧੀ ਮਾਰਕੀਟ ਕਮੇਟੀ ਨੇ ਆਬਕਾਰੀ ਵਿਭਾਗ ਤੋਂ ਮੁੜ ਮੰਗੀ ਰਿਪੋਰਟ
Publish Date: Wed, 25 Nov 2026 06:55 PM (IST)
Updated Date: Wed, 25 Nov 2026 06:58 PM (IST)
ਐੱਚਐੱਸ ਸੈਣੀ, •ਪੰਜਾਬੀ ਜਾਗਰਣ• ਰਾਜਪੁਰਾ : ਅਨਾਜ ਮੰਡੀ ਰਾਜਪੁਰਾ ਵਿੱਚ ਚੱਲ ਰਹੇ ਹੋਟਲਾਂ ਅਤੇ ਢਾਬਿਆਂ ਵਿੱਚ ਸ਼ਰਾਬ ਪਿਆਉਣ ਅਤੇ ਬਾਰ ਚਲਾਉਣ ਸਬੰਧੀ ਮਾਰਕੀਟ ਕਮੇਟੀ ਰਾਜਪੁਰਾ ਵੱਲੋਂ ਆਬਕਾਰੀ ਵਿਭਾਗ ਤੋਂ ਰਿਪੋਰਟ ਮੰਗੀ ਗਈ ਹੈ। ਇਸ ਸਬੰਧੀ ਮਾਰਕੀਟ ਕਮੇਟੀ ਦੇ ਚੇਅਰਮੈਨ ਵੱਲੋਂ ਈਟੀਓ (ਐਕਸਾਈਜ਼), ਰਾਜਪੁਰਾ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਦੱਸਿਆ ਕਿ 5 ਨਵੰਬਰ 2026 ਨੂੰ ਐਕਸਾਈਜ ਵਿਭਾਗ ਨੂੰ ਪੱਤਰ ਲਿਖ ਕੇ ਅਨਾਜ ਮੰਡੀ ਰਾਜਪੁਰਾ ਵਿੱਚ ਰੈਸਟ ਹਾਊਸ, ਮੈਰਿਜ ਹਾਲ ਅਤੇ ਹੋਟਲਾਂ/ਢਾਬਿਆਂ ਸਮੇਤ ਹੋਰ ਅਦਾਰੇ ਚੱਲ ਰਹੇ ਹਨ ਸਬੰਧੀ ਜਾਣਕਾਰੀ ਮੰਗੀ ਗਈ ਸੀ ਕਿ ਇਨ੍ਹਾਂ ਹੋਟਲਾਂ ਅਤੇ ਢਾਬਿਆਂ ਦੇ ਸੰਚਾਲਕਾਂ ਵੱਲੋਂ ਸ਼ਰਾਬ ਪਿਆਉਣ ਜਾਂ ਬਾਰ ਚਲਾਉਣ ਲਈ ਵਿਭਾਗ ਤੋਂ ਲੋੜੀਂਦੀ ਪ੍ਰਵਾਨਗੀ ਲਈ ਗਈ ਹੈ ਜਾਂ ਨਹੀਂ। ਪਰ ਹਾਲੇ ਤੱਕ ਰਿਪੋਰਟ ਪ੍ਰਾਪਤ ਨਹੀਂ ਹੋਈ। ਹੁਣ ਮੁੜ ਪੱਤਰ ਭੇਜ ਕੇ ਆਬਕਾਰੀ ਵਿਭਾਗ ਨੂੰ ਕਿਹਾ ਗਿਆ ਹੈ ਕਿ ਜੇਕਰ ਸਬੰਧਿਤ ਹੋਟਲਾਂ ਅਤੇ ਢਾਬਿਆਂ ਵੱਲੋਂ ਸ਼ਰਾਬ ਪਿਲਾਉਣ ਜਾਂ ਬਾਰ ਚਲਾਉਣ ਦੀ ਪ੍ਰਵਾਨਗੀ ਲਈ ਗਈ ਹੈ ਤਾਂ ਉਸ ਦੀਆਂ ਕਾਪੀਆਂ ਮਾਰਕੀਟ ਕਮੇਟੀ ਨੂੰ ਮੁਹੱਈਆ ਕਰਵਾਈਆਂ ਜਾਣ। ਜੇਕਰ ਕਿਸੇ ਵੱਲੋਂ ਅਜਿਹੀ ਪ੍ਰਵਾਨਗੀ ਨਹੀਂ ਲਈ ਗਈ ਤਾਂ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕਰ ਕੇ ਮਾਰਕੀਟ ਕਮੇਟੀ ਨੂੰ ਸੂਚਿਤ ਕੀਤਾ ਜਾਵੇ।