- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਮੌਸਮੇ ਮੀਂਹ ਨੇ ਨਵੀਂ ਅਨਾਜ ਮੰਡੀ ਵਿੱਚ ਸਥਾਨਕ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਖੋਲੀ ਪੋਲ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਨਵੀਂ ਅਨਾਜ ਮੰਡੀ ਵਿਖੇ ਬੀਤੇ ਦਿਨੀਂ ਆਏ ਬੇਮੌਸਮੀ ਮੀਂਹ ਨੇ ਜਿੱਥੇ ਕਿਸਾਨਾਂ ਦੀ ਖੁੱਲ੍ਹੇ ਅਸਮਾਨ ਦੇ ਥੱਲੇ ਪਈ ਵਿਕਣ ਲਈ ਆਈ ਕਣਕ ਦੀ ਫਸਲ ਨੂੰ ਆਪਣੀ ਲਪੇਟ ਵਿਚ ਲੈ ਲਿਆ ਉੱਥੇ ਇਸ ਮਹੀਨੇ ਅਨਾਜ ਮੰਡੀ ਪ੍ਰਬੰਧਕਾਂ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਜਿਸ ਦਾ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਵੱਲੋਂ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਰਾਜਪੁਰਾ ਦੀ ਨਵੀਂ ਅਨਾਜ ਮੰਡੀ ’ਚ ਕਣਕ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਲਈ ਪੁੱਜੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਆਪਣੀ ਟੀਮ ਦੇ ਨਾਲ ਮੌਕੇ ਉੱਤੇ ਪੁੱਜੇ। ਇਸ ਮੌਕੇ ਉਨ੍ਹਾਂ ਵੱਲੋਂ ਖੁੱਲ੍ਹੇ ਅਸਮਾਨ ਦੇ ਥੱਲੇ ਮੀਂਹ ਦੀ ਲਪੇਟ ਵਿਚ ਆਈ ਕਣਕ ਜਿਹੜੀ ਕਿ ਪਾਣੀ ’ਚ ਪੂਰੀ ਤਰ੍ਹਾਂ ਤਰ ਹੋ ਗਈ ਸੀ ਨੂੰ ਚੁੱਕ ਕੇ ਦਿਖਾਇਆ ਤੇ ਮਾਰਕੀਟ ਕਮੇਟੀ ਤੇ ਆੜਤੀਆਂ ਦੇ ਮਾੜੇ ਪ੍ਰਬੰਧਾਂ ਉੱਤੇ ਚਿੰਤਾ ਜਤਾਈ। ਉਨ੍ਹਾਂ ਦੱਸਿਆ ਕਿ ਜੈ ਸਿੰਘ ਵਾਸੀ ਪਿੰਡ ਖੇੜੀ ਗੰਡਿਆ ਜੋ ਕਿ ਕਣਕ ਦੀ ਫਸਲ ਅਨਾਜ ਮੰਡੀ ਦੇ ਵਿੱਚ ਵੇਚਣ ਲਈ ਆਇਆ ਸੀ ਪਰ ਜਦੋਂ ਮੀਂਹ ਸ਼ੁਰੂ ਹੋਇਆ ਤਾਂ ਮੌਕੇ ’ਤੇ ਫਸਲ ਨੂੰ ਢਕਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਤਰਪਾਲ ਅਤੇ ਪੱਲੀਆਂ ਆਦਿ ਦਾ ਪ੍ਰਬੰਧ ਨਾ ਹੋਣ ਕਾਰਨ ਫਸਲ ਦੇ ਵਿੱਚ ਪਾਣੀ ਵੜ ਗਿਆ। ਉਨ੍ਹਾਂ ਕਿਹਾ ਸਥਾਨਕ ਪ੍ਰਸ਼ਾਸਨ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੇ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਹੋਣ ਸਬੰਧੀ ਵੱਡੇ ਵੱਡੇ ਬਿਆਨ ਦਿੱਤੇ ਗਏ ਸਨ। ਇਸ ਤੋਂ ਇਲਾਵਾ ਅਨਾਜ ਮੰਡੀ ’ਚ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਵੀ ਕੋਈ ਪ੍ਰਬੰਧ ਨਾ ਹੋਣ ਕਾਰਨ ਥਾਂ ਥਾਂ ਉੱਤੇ ਪਾਣੀ ਖੜਿਆ ਹੈ ਅਤੇ ਸਫਾਈ ਦਾ ਵੀ ਕੋਈ ਵੀ ਪ੍ਰਬੰਧ ਨਹੀਂ ਹੈ। ਘੁਮਾਣਾ ਵੱਲੋਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਆਉਂਦੇ ਦਿਨਾਂ ਦੇ ਵਿੱਚ ਕਿਸਾਨਾਂ ਦੀ ਫਸਲ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਸਮੇਤ ਸਾਰੇ ਅਧੂਰੇ ਪ੍ਰਬੰਧਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਮਾਰਕੀਟ ਕਮੇਟੀ ਦੇ ਦਫਤਰ ਦਾ ਘਿਰਾਓ ਅਤੇ ਸੜਕ ਉੱਤੇ ਜਾਮ ਲਗਾਉਣਾ ਪਵੇਗਾ। ਇਸ ਮੌਕੇ ਜਥੇਬੰਦੀ ਦੇ ਆਗੂ ਤੇਜਿੰਦਰ ਸਿੰਘ ਮੋਹੀ, ਲੱਖਾ ਸਿੰਘ ਕਬੂਲਪੁਰ, ਆਈਟੀ ਵਿੰਗ ਦੇ ਇਨਚਾਰਜ ਨੀਤਿਨ ਰੇਖੀ, ਸੁੱਖਾ ਸ਼ਾਮ ਨਗਰ ਸਮੇਤ ਹੋਰ ਹਾਜ਼ਰ ਸਨ।