ਰਾਜਿੰਦਰਾ ਹਸਪਤਾਲ ’ਚ ਈਸੀਜੀ ਸਟਾਫ ਦੀ ਕਮੀ, ਮਰੀਜ਼ ਪਰੇਸ਼ਾਨ ਰਾਜਿੰਦਰਾ ਹਸਪਤਾਲ ’ਚ ਈਸੀਜੀ ਸਟਾਫ ਦੀ ਕਮੀ -ਮਰੀਜ ਪਰੇਸ਼ਾਨ
Publish Date: Sun, 15 Nov 2026 06:10 PM (IST)
Updated Date: Sun, 15 Nov 2026 06:12 PM (IST)
ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਰਾਜਿੰਦਰਾ ਹਸਪਤਾਲ ਦੇ 32 ਵੱਖ-ਵੱਖ ਵਾਰਡਾਂ ਵਿਚ ਦਾਖ਼ਲ ਕਰੀਬ 3700 ਮਰੀਜ਼ਾਂ ਦੀ ਈਸੀਜੀ ਕਰਨ ਦੀ ਜ਼ਿੰਮੇਵਾਰੀ ਮਹਿਜ਼ ਇਕ ਮੁਲਾਜ਼ਮ ਦੇ ਸਿਰ ਹੈ। ਹਸਪਤਾਲ ਵਿਚ ਈਸੀਜੀ ਕਰਨ ਵਾਲੇ ਮੁਲਾਜ਼ਮਾਂ ਦੀਆਂ ਚਾਰ ਅਸਾਮੀਆਂ ਹਨ, ਜਿਨ੍ਹਾਂ ’ਚੋਂ ਇਕ ਮੁਲਾਜ਼ਮ ਸੇਵਾਮੁਕਤ ਹੋ ਚੁੱਕਾ ਹੈ। ਬਾਕੀ ਬਚੇ ਤਿੰਨ ਮੁਲਾਜ਼ਮਾਂ ’ਚੋਂ ਵੀ ਜੇਕਰ ਕੋਈ ਇਕ ਛੁੱਟੀ ਤੇ ਚਲਾ ਜਾਂਦਾ ਹੈ ਤਾਂ ਤਿੰਨ ਇਮਾਰਤਾਂ ਦੀ ਜ਼ਿੰਮੇਵਾਰੀ ਸਿਰਫ਼ ਦੋ ਮੁਲਾਜ਼ਮਾਂ ਤੇ ਆ ਜਾਂਦੀ ਹੈ। ਮੁਲਾਜ਼ਮ ਆਪਣੀ ਡਿਊਟੀ ਤਾਂ ਨਿਭਾ ਰਹੇ ਹਨ ਪਰ ਤਿੰਨ ਇਮਾਰਤਾਂ ’ਚ ਭੱਜ-ਦੌੜ ਕਰਨ ਕਾਰਨ ਮਰੀਜ਼ਾਂ ਦੀ ਸਮੇਂ ਸਿਰ ਈਸੀਜੀ ਨਹੀਂ ਹੋ ਪਾਉਂਦੀ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਹਸਪਤਾਲ ਪ੍ਰਬੰਧਕਾਂ ਵੱਲੋਂ ਸੇਵਾਮੁਕਤ ਹੋਏ ਮੁਲਾਜ਼ਮ ਦੀ ਥਾਂ ਨਵਾਂ ਸਟਾਫ਼ ਰੱਖਣ ਲਈ ਸਰਕਾਰ ਨੂੰ ਪੱਤਰ ਵੀ ਲਿਖਿਆ ਗਿਆ ਹੈ। ਹਾਲਾਂਕਿ ਪਿਛਲੇ ਛੇ ਮਹੀਨਿਆਂ ਤੋਂ ਸਟਾਫ਼ ਦੀ ਘਾਟ ਬਣੀ ਹੋਈ ਹੈ, ਜਿਸ ਵੱਲ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਗੰਭੀਰਤਾ ਨਹੀਂ ਦਿਖਾਈ। ਰਾਜਿੰਦਰਾ ਹਸਪਤਾਲ ਦੀ ਓਪੀਡੀ ਤੇ ਐਮਰਜੈਂਸੀ ’ਚ ਦੋ-ਦੋ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਦੋ ਮੁਲਾਜ਼ਮ ਓਪੀਡੀ ਵਿਚ ਡਿਊਟੀ ਕਰਦੇ ਹਨ, ਜਦਕਿ ਦੋ ਐਮਰਜੈਂਸੀ ਵਿਚ ਤਾਇਨਾਤ ਰਹਿੰਦੇ ਹਨ। ਇਕ ਮੁਲਾਜ਼ਮ ਦੀ ਸੇਵਾਮੁਕਤੀ ਤੋਂ ਬਾਅਦ ਸ਼ਿਫਟਾਂ ਵਿੱਚ ਇਕ ਸਮੇਂ ਸਿਰਫ਼ ਇਕ ਹੀ ਮੁਲਾਜ਼ਮ ਡਿਊਟੀ ਤੇ ਰਹਿ ਪਾਉਂਦਾ ਹੈ। ਇਹ ਮੁਲਾਜ਼ਮ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਤੋਂ ਇਲਾਵਾ 24 ਵਾਰਡਾਂ, ਗਾਇਨੀ (ਜੱਚਾ-ਬੱਚਾ) ਵਿਭਾਗ ਦੇ ਅੱਠ ਵਾਰਡਾਂ ਤੇ ਗੁਰੂ ਨਾਨਕ ਦੇਵ ਬਿਲਡਿੰਗ ਦੇ ਚਾਰ ਵਾਰਡਾਂ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ। ਅਜਿਹੇ ਵਿਚ ਉਨ੍ਹਾਂ ਨੂੰ ਰੋਜ਼ਾਨਾ ਚਾਰ ਤੋਂ ਪੰਜ ਕਿਲੋਮੀਟਰ ਪੈਦਲ ਚੱਲ ਕੇ ਵੱਖ-ਵੱਖ ਵਾਰਡਾਂ ਵਿਚ ਜਾਣਾ ਪੈਂਦਾ ਹੈ ਅਤੇ ਕਰੀਬ 70 ਮਰੀਜ਼ਾਂ ਦੀ ਈਸੀਜੀ ਕਰਨੀ ਪੈਂਦੀ ਹੈ। ਐਮਰਜੈਂਸੀ ਵਿਚ ਤਾਇਨਾਤ ਈਸੀਜੀ ਮੁਲਾਜ਼ਮ ਨੂੰ ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਈਸੀਜੀ ਕਰਨ ਲਈ ਗਾਇਨੀ ਵਾਰਡ ਵਿੱਚ ਵੀ ਜਾਣਾ ਪੈਂਦਾ ਹੈ। ਇਸ ਦੌਰਾਨ ਐਮਰਜੈਂਸੀ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਮੁਲਾਜ਼ਮ ਦੀ ਵਾਪਸੀ ਦੀ ਉਡੀਕ ਕਰਨੀ ਪੈਂਦੀ ਹੈ। -ਐਮਰਜੈਂਸੀ ਦੇ ਮਰੀਜ਼ਾਂ ਨੂੰ ਹੁੰਦੀ ਹੈ ਪ੍ਰੇਸ਼ਾਨੀ ਈਸੀਜੀ ਕਰਵਾਉਣ ਲਈ ਮਰੀਜ਼ਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਐਮਰਜੈਂਸੀ ਦੌਰਾਨ ਹੁੰਦੀ ਹੈ। ਜੇਕਰ ਐਮਰਜੈਂਸੀ ਵਿਚ ਤਾਇਨਾਤ ਮੁਲਾਜ਼ਮ ਗਾਇਨੀ ਵਾਰਡ ਵਿਚ ਚਲਾ ਜਾਂਦਾ ਹੈ ਤਾਂ ਇਸ ਦੌਰਾਨ ਐਮਰਜੈਂਸੀ ਵਿਚ ਆਏ ਮਰੀਜ਼ਾਂ ਨੂੰ ਈਸੀਜੀ ਲਈ 20 ਤੋਂ 30 ਮਿੰਟ ਤੱਕ ਉਡੀਕ ਕਰਨੀ ਪੈਂਦੀ ਹੈ। ਅਜਿਹੇ ਹਾਲਾਤ ਵਿਚ ਮਰੀਜ਼ ਦੀ ਸਿਹਤ ਹੋਰ ਵਿਗੜਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਬੀਤੇ ਦਿਨੀਂ ਅਸ਼ਵਨੀ ਕੁਮਾਰ ਨਾਮ ਦੇ ਮਰੀਜ਼ ਨੂੰ ਦਿਲ ਦਾ ਦੌਰਾ ਪੈਣ ਕਾਰਨ ਐਮਰਜੈਂਸੀ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਸ ਦੀ ਈਸੀਜੀ ਕਰਨ ਲਈ 20 ਮਿੰਟ ਉਡੀਕ ਕਰਨੀ ਪਈ, ਕਿਉਂਕਿ ਡਿਊਟੀ ਤੇ ਤਾਇਨਾਤ ਮੁਲਾਜ਼ਮ ਕਿਸੇ ਹੋਰ ਮਰੀਜ਼ ਦੀ ਈਸੀਜੀ ਕਰਨ ਗਿਆ ਹੋਇਆ ਸੀ। ਇਹ ਸਮੱਸਿਆ ਉਸ ਸਮੇਂ ਹੋਰ ਗੰਭੀਰ ਹੋ ਜਾਂਦੀ ਹੈ ਜਦੋਂ ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਈਸੀਜੀ ਕਰਨ ਲਈ ਮੁਲਾਜ਼ਮ ਨੂੰ ਦੂਜੀ ਇਮਾਰਤ ਵਿੱਚ ਜਾਣਾ ਪੈਂਦਾ ਹੈ। ਡੱਬੀ- ਹਰ ਮਹੀਨੇ ਭੇਜਦੇ ਹਾਂ ਮੰਗ ਪੱਤਰ, ਲੋੜ ਪੈਣ ਤੇ ਵਿਸ਼ੇਸ਼ ਪੱਤਰ ਵੀ ਲਿਖਦੇ ਹਾਂ: ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਨੇ ਕਿਹਾ ਕਿ ਸਟਾਫ਼ ਦੀ ਲੋੜ ਸਬੰਧੀ ਹਰ ਮਹੀਨੇ ਪੱਤਰ ਵਿਹਾਰ ਕੀਤਾ ਜਾਂਦਾ ਹੈ। ਈਸੀਜੀ ਕਰਨ ਵਾਲੇ ਕੁੱਲ ਚਾਰ ਮੁਲਾਜ਼ਮ ਸਨ, ਜਿਨ੍ਹਾਂ ’ਚੋਂ ਇਕ ਸੇਵਾਮੁਕਤ ਹੋ ਗਿਆ ਹੈ। ਬਾਕੀ ਸਟਾਫ਼ ਸ਼ਿਫਟਾਂ ਵਿੱਚ ਕੰਮ ਕਰ ਰਿਹਾ ਹੈ। ਸੇਵਾਮੁਕਤ ਮੁਲਾਜ਼ਮ ਦੀ ਥਾਂ ਨਵਾਂ ਸਟਾਫ਼ ਰੱਖਣ ਲਈ ਪੱਤਰ ਲਿਖਿਆ ਗਿਆ ਹੈ। ਲੋੜ ਅਨੁਸਾਰ ਸਟਾਫ਼ ਵਧਾਉਣ ਲਈ ਵੀ ਸਰਕਾਰ ਨੂੰ ਲਿਖਿਆ ਜਾਵੇਗਾ। ਫਿਲਹਾਲ ਇਕ ਮੁਲਾਜ਼ਮ ਦੀ ਮੰਗ ਕੀਤੀ ਗਈ ਹੈ।