ਮੋਹਨਜੀਤ ਸਿੰਘ ਰਾਜਿੰਦਰਾ ਹਸਪਤਾਲ ਸਿਫਟ, ਮਿਲਣ ਨੂੰ ਲੈ ਕੇ ਹੰਗਾਮਾ ਮੋਹਨਜੀਤ ਸਿੰਘ ਰਾਜਿੰਦਰਾ ਹਸਪਤਾਲ ਸਿਫਟ, ਮਿਲਣ ਨੂੰ ਲੈ ਕੇ ਹੰਗਾਮਾ
Publish Date: Sun, 06 Sep 2026 06:50 PM (IST)
Updated Date: Sun, 06 Sep 2026 06:52 PM (IST)
ਪਰਗਟ ਸਿੰਘ•, ਪੰਜਾਬੀ ਜਾਗਰਣ•, ਪਟਿਆਲਾ : ਬੀਤੇ ਦਿਨੀਂ ਹਲਕਾ ਸੁਨਾਮ ਦੇ ਪਿੰਡ ਸ਼ੇਰੋਂ ਵਿਖੇ ਮੁੱਖ ਮੰਤਰੀ ਭਗਵੰਨ ਸਿੰਘ ਮਾਨ ਦੀ ਫੇਰੀ ਦੌਰਾਨ ਕਾਲੀ ਝੰਡੀ ਦਿਖਾਉਣ ਵਾਲੇ ਮੋਹਨਜੀਤ ਸਿੰਘ, ਜੋ ਕਿ ਸਿਵਲ ਹਸਪਤਾਲ ਸੰਗਰੂਰ ’ਚ ਜ਼ੇਰੇ ਇਲਾਜ ਸੀ, ਨੂੰ ਐਤਵਾਰ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਭਰਤੀ (ਸਿਫਟ) ਕਰਵਾਇਆ ਗਿਆ। ਇਸ ਦੌਰਾਨ ਰਾਜਿੰਦਰਾ ਹਸਪਤਾਲ ’ਚ ਰੈਫਰ ਕਰਨ ਮੌਕੇ ਹਸਪਤਾਲ ਨੂੰ ਪੁਲਿਸ ਛਾਉਣੀ ’ਚ ਤਬਦੀਲ ਕੀਤਾ ਹੋਇਆ ਸੀ ਤੇ ਐੱਸਪੀ ਮੋਹਿਤ ਅਗਰਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਮੌਜੂਦ ਪੁਲਿਸ ਬਲ ਨੇ ਬਿਨਾਂ ਮਰੀਜ਼ ਤੋਂ ਬਾਕੀ ਵਿਅਕਤੀਆਂ ਨੂੰ ਐਮਰਜੈਂਸੀ ’ਚ ਅੰਦਰ ਨਹੀਂ ਜਾਣ ਦਿੱਤਾ ਗਿਆ, ਜਿਸ ਕਾਰਨ ਪਰਿਵਾਰਕ ਮੈਂਬਰਾਂ ਤੇ ਭਾਜਪਾ ਆਗੂਆਂ ਦੀ ਪੁਲਿਸ ਅਧਿਕਾਰੀਆਂ ਨਾਲ ਬਹਿਂਸਬਾਜ਼ੀ ਵੀ ਹੋਈ। ਇਸ ਦੌਰਾਨ ਡਾਕਟਰਾਂ ਦਾ ਕਹਿਣਾ ਹੈ ਕਿ ਮੁੱਢਲੀ ਜਾਣਕਾਰੀ ਅਨੁਸਾਰ ਮੋਹਨਜੀਤ ਸਿੰਘ ਦੀ ਹਾਲਤ ਸਥਿਰ ਹੈ ਪਰ ਅਸਲ ਹਲਾਤ ਸਾਰੇ ਟੈਸਟ ਕਰਵਾਉਣ ਉਪਰੰਤ ਹੀ ਪਤਾ ਲੱਗੇਗੀ। ਦੂਜੇ ਪਾਸੇ ਹਸਪਤਾਲ ਪਹੁੰਚੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੋਹਨਜੀਤ ਸਿੰਘ ਦੀ ਅਸਲ ਹਾਲਤ ਬਾਰੇ ਸੱਚ ਨਹੀਂ ਦੱਸਿਆ ਜਾ ਰਿਹਾ। ਇਸ ਭਾਜਪਾ ਦੇ ਪਟਿਆਲਾ ਤੋਂ ਐਮਸੀ ਅਨੁੱਜ ਖੋਸਲਾ ਦੀ ਪੁਲਿਸ ਨਾਲ ਬਹਿਂਸਬਾਜ਼ੀ ਵੀ ਹੋਈ ਤੇ ਪੁਲਿਸ ਨੇ ਅੰਦਰ ਨਹੀਂ ਜਾਣ ਦਿੱਤਾ। ਇਸ ਮੌਕੇ ਪਹੁੰਚੇ ਭਾਜਪਾ ਆਗੂ ਦਮਨ ਬਾਜਵਾ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਇਸਾਰਿਆਂ ’ਤੇ ਸੰਗਰੂਰ ਤੋਂ ਜਾਣਬੁੱਝ ਕੇ ਰਾਜਿੰਦਰਾ ਹਸਪਤਾਲ ’ਚ ਭੇਜਿਆ ਹੈ ਕਿਉਂਕਿ ਸੰਗਰੂਰ ਵਿਖੇ ਸੰਘਰਸ਼ ਕਮੇਟੀ ਦੀ ਧਰਨੇ ਕਾਰਨ ਸਰਕਾਰ ਤੇ ਪੁਲਿਸ ’ਤੇ ਦਬਾਅ ਬਣਿਆ ਹੋਇਆ ਹੈ, ਜਿਸ ਕਾਰਨ ਇਨ੍ਹਾਂ ਨੇ ਨਵਾਂ ਪੈਂਤੜਾ ਖੇਡਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਜਾਣਬੁੱਝ ਕੇ ਪਹਿਲਾਂ ਤਾਂ ਮੋਹਨਜੀਤ ਸਿੰਘ ਨੂੰ ਮਿਲਣ ਨਹੀਂ ਦਿੱਤਾ ਪਰ ਜਦੋਂ ਜਦੋ ਜਹਿਦ ਤੋਂ ਬਾਅਦ 4 ਬੰਦਿਆਂ ਨੂੰ ਅੰਦਰ ਜਾਣ ਦਿੱਤਾ ਤਾਂ ਉਨ੍ਹਾਂ ਨੂੰ ਵੀ ਰਸਤੇ ’ਚ ਰੋਕਿਆ ਗਿਆ ਤੇ ਸਿਰਫ ਇਕ ਜਣੇ ਨੂੰ ਹੀ ਮਿਲਣ ਦਿੱਤਾ ਗਿਆ। ਉਨ੍ਹਾਂ ਇਲਜ਼ਾਮ ਲਗਾਇਆ ਕਿ ਸਰਕਾਰ ਮਾਮਲੇ ਨੂੰ ਦਵਾਉਣ ਲਈ ਅਜਿਹੇ ਹਥਕੰਡੇ ਅਪਣਾ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਰਾਜਿੰਦਰਾ ਹਸਪਤਾਲ ਦੇ ਐੱਮਐੱਸ ਡਾ. ਵਿਸ਼ਾਲ ਚੋਪੜਾ ਨੇ ਦੱਸਿਆ ਕਿ ਮੈਡੀਸਨ, ਦਿਲ ਦੇ ਰੋਗਾਂ ਤੇ ਦਿਮਾਗ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਮੋਹਨਜੀਤ ਸਿੰਘ ਦੀ ਹਾਲਤ ਦੀ ਜਾਂਚ ਕੀਤੀ ਗਈ ਹੈ ਤੇ ਉਨ੍ਹਾਂ ਦੀ ਹਾਲਤ ਠੀਕ ਹੈ। ਐੱਮਐੱਸ ਨੇ ਦੱਸਿਆ ਕਿ ਮੋਹਨਜੀਤ ਸਿੰਘ ਦੇ ਟੈਸਟ ਕਰਵਾਏ ਗਏ ਹਨ, ਜੋ ਕਿ ਠੀਕ ਹਨ ਤੇ ਉਨ੍ਹਾਂ ਦਾ ਇਲਾਜ ਜਾਰੀ ਹੈ। ਐੱਸਪੀ ਸਿਟੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਹਸਪਤਾਲ ’ਚ ਲਾਅ ਐਂਡ ਆਰਡਰ ਦੀ ਸਥਿਤੀ ਕਾਬੂ ਹੇਠ ਰੱਖਣ ਲਈ ਜਿਆਦਾ ਬੰਦਿਆਂ ਨੂੰ ਐਮਰਜੈਂਸੀ ’ਚ ਦਾਖਲ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਹਸਪਤਾਲ ਹੋਰ ਵੀ ਮਰੀਜ਼ ਦਾਖਲ ਹਨ। ਐੱਸਪੀ ਸਿਟੀ ਨੇ ਦੱਸਿਆ ਕਿ ਮੋਹਨਜੀਤ ਸਿੰਘ ਦਾ ਭਰਾ ਉਨ੍ਹਾਂ ਕੋਲ ਹੈ। - ਮੈਂ ਠੀਕ ਹਾਂ-ਮੋਹਨਜੀਤ ਇਸ ਦੌਰਾਨ ਦੇਰ ਸ਼ਾਮ ਨੂੰ ਰਾਜਿੰਦਰਾ ਹਸਪਤਾਲ ’ਚੋਂ ਇਲਾਜ ਦੌਰਾਨ ਮੋਹਨਜੀਤ ਸਿੰਘ ਨੇ ਵੀਡਿਓ ਜਾਰੀ ਕਰਕੇ ਆਖਿਆ ਕਿ ਉਨ੍ਹਾਂ ਦੀ ਹਾਲਤ ਹੁਣ ਠੀਕ ਹੈ ਪਰ ਸੰਗਰੂਰ ਇਲਾਜ ਦੌਰਾਨ ਜਦੋਂ ਉਨ੍ਹਾਂ ਦੇ ਇੰਜੈਕਸ਼ਨ ਲਗਾਏ ਗਏ ਤਾਂ ਉਨ੍ਹਾਂ ਦੀ ਹਾਲਤ ਵਿਗੜ ਗਈ ਸੀ। ਉਨ੍ਹਾਂ ਦੱਸਿਆ ਕਿ ਇਥੇ ਸਾਰੇ ਟੈਸਟ ਕਰਵਾਏ ਗਏ ਹਨ ਤੇ ਉਹ ਠੀਕ ਹਨ।