ਰਜਿੰਦਰਾ ਝੀਲ ਦਾ ਮੁੱਕਿਆ ਸੋਕਾ, ਬੱਤਖਾਂ ਤੇ ਮੱਛੀਆਂ ਛੱਡੀਆਂ ਰਜਿੰਦਰਾ ਝੀਲ ਦਾ ਮੁੱਕਿਆ ਸੋਕਾ, ਬੱਤਖਾਂ ਤੇ ਮੱਛੀਆਂ ਛੱਡੀਆਂ
Publish Date: Sat, 22 Aug 2026 05:27 PM (IST)
Updated Date: Sat, 22 Aug 2026 05:30 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਲੰਮੇ ਅਰਸੇ ਬਾਅਦ ਆਖਿਰ ਰਜਿੰਦਰਾ ਝੀਲ ਨੂੰ ਭਾਗ ਲੱਗਣੇ ਸ਼ੁਰੂ ਹੋਏ ਹਨ। ਕਈ ਸਾਲਾਂ ਤੋਂ ਪਾਣੀ ਦੀ ਬੂੰਦ ਨੂੰ ਤਰਸੀ ਝੀਲ ਨੂੰ ਪਾਣੀ ਨਸੀਬ ਹੋ ਗਿਆ ਹੈ। ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਲਟਕਦੇ ਆ ਰਹੇ ਅਹਿਮ ਵਿਕਾਸ ਕਾਰਜਾਂ ਨੂੰ ਹੁਣ ਤਰਜੀਹੀ ਆਧਾਰ ਤੇ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਰਜਿੰਦਰਾ ਲੇਕ ਦੇ ਨਵੀਨੀਕਰਨ ਦਾ ਜ਼ਿਕਰ ਕਰਦਿਆਂ ਮੇਅਰ ਨੇ ਦੱਸਿਆ ਕਿ ਝੀਲ ਦਾ ਸੁੰਦਰੀਕਰਨ ਪਹਿਲਾਂ ਨਾਲੋਂ ਕਿਤੇ ਬਿਹਤਰ ਢੰਗ ਨਾਲ ਕੀਤਾ ਜਾ ਰਿਹਾ ਹੈ। ਉੱਥੇ ਆਧੁਨਿਕ ਲਾਈਟਿੰਗ, ਵਿਸ਼ੇਸ਼ ਸਾਫ਼-ਸਫ਼ਾਈ ਦੇ ਨਾਲ-ਨਾਲ ਸਾਫ਼ ਪਾਣੀ ਭਰਿਆ ਗਿਆ ਹੈ ਤੇ ਬੱਤਖਾਂ ਤੇ ਮੱਛੀਆਂ ਛੱਡੀਆਂ ਗਈਆਂ ਹਨ। ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਦੇ ਸਰਬਪੱਖੀ ਵਿਕਾਸ, ਸੁੰਦਰੀਕਰਨ ਅਤੇ ਨਾਗਰਿਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵੱਖ-ਵੱਖ ਅਹਿਮ ਪ੍ਰੋਜੈਕਟਾਂ ਤੇ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਮੇਅਰ ਕੁੰਦਨ ਗੋਗੀਆ ਨੇ ਗੁੜਮੰਡੀ ਦੀ ਸੜਕ ਬਾਰੇ ਦੱਸਿਆ ਕਿ ਇਹ ਪ੍ਰੋਜੈਕਟ ਪੁੱਡਾ ਨਾਲ ਸਬੰਧਤ ਸੀ, ਜਿਸ ਦੀਆਂ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਲੈਣ ਉਪਰੰਤ ਹੁਣ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇਲਾਕਾ ਵਾਸੀਆਂ ਅਤੇ ਵਪਾਰੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਪੁਰਾਣੀ ਖਸਤਾ ਹਾਲਤ ਸੜਕ ਦੀ ਥਾਂ ਨਵੀਂ ਮਜ਼ਬੂਤ ਆਰ.ਸੀ.ਸੀ. ਸੜਕ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਨਿਗਮ ਵੱਲੋਂ ਇਸ ਪ੍ਰੋਜੈਕਟ ਨੂੰ ਲਗਭਗ ਇੱਕ ਮਹੀਨੇ ਦੇ ਅੰਦਰ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। -ਪਾਲਤੂ ਕੁੱਤਿਆਂ ਦੀ ਲਾਜ਼ਮੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਤੇਜ਼ ਮੇਅਰ ਨੇ ਦੱਸਿਆ ਕਿ ਸ਼ਹਿਰ ਵਿਚ ਹਮਲਾਵਰ ਕੁੱਤਿਆਂ ਅਤੇ ਪਿਟਬੁੱਲ ਨਸਲ ਦੇ ਕੁੱਤਿਆਂ ਸਬੰਧੀ ਆ ਰਹੀਆਂ ਸ਼ਿਕਾਇਤਾਂ ਬਾਰੇ ਦੱਸਿਆ ਕਿ ਨਿਗਮ ਦੀਆਂ ਟੀਮਾਂ ਵੱਲੋਂ ਨੋਟਿਸ ਜਾਰੀ ਕਰਨ ਅਤੇ ਪਾਲਤੂ ਕੁੱਤਿਆਂ ਦੀ ਲਾਜ਼ਮੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਅਤੇ ਬੁਨਿਆਦੀ ਸਹੂਲਤਾਂ ਦੀ ਬਿਹਤਰੀ ਲਈ ਨਗਰ ਨਿਗਮ ਪੂਰੀ ਵਚਨਬੱਧਤਾ ਨਾਲ ਕਾਰਜਸ਼ੀਲ ਹੈ।