ਬਾਰਿਸ਼ ਨੇ ਖੋਲ੍ਹੀ ਵਿਕਾਸ ਦੇ ਦਾਅਵਿਆਂ ਦੀ ਪੋਲ, ਥਾਂ-ਥਾਂ ਭਰਿਆ ਪਾਣੀ ਬਾਰਿਸ਼ ਨੇ ਖੋਲ੍ਹੀ ਵਿਕਾਸ ਦੇ ਦਾਅਵਿਆਂ ਦੀ ਪੋਲ, ਥਾਂ-ਥਾਂ ਭਰਿਆ ਪਾਣੀ
Publish Date: Thu, 30 Jul 2026 04:16 PM (IST)
Updated Date: Fri, 31 Jul 2026 04:02 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਵੀਰਵਾਰ ਨੂੰ ਹੋਈ ਬਾਰਿਸ਼ ਨੇ ਪ੍ਰਸ਼ਾਸਨ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ। ਕਾਲਾਬੂਲਾ ਦੀ ਮੁੱਖ ਸੜਕ ਤੇ ਬਾਰਿਸ਼ ਦਾ ਪਾਣੀ ਭਰਨ ਕਾਰਨ ਰਾਹਗੀਰਾਂ, ਸਕੂਲੀ ਬੱਚਿਆਂ ਅਤੇ ਆਲੇ-ਦੁਆਲੇ ਦੇ ਵਸਨੀਕਾਂ ਨੂੰ ਰੋਜ਼ਾਨਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਹਾਲਤ ਵਿਕਾਸ ਕਾਰਜਾਂ ਦੇ ਦਾਵਿਆਂ ਦੀ ਹਕੀਕਤ ਬਿਆਨ ਕਰਦੀ ਹੈ। ਮੁਹੱਲਾ ਵਾਸੀ ਲਖਵੀਰ ਸਿੰਘ ਲੱਖੀ, ਜਗਤਾਰ ਸਿੰਘ, ਪ੍ਰੇਮ ਸਿੰਘ, ਸਰਬਜੀਤ ਸਿੰਘ ਅਤੇ ਸੰਦੀਪ ਸਿੰਘ ਨੇ ਦੱਸਿਆ ਕਿ ਸੜਕ ਦਾ ਪੱਧਰ ਨੀਵਾਂ ਹੋਣ ਕਾਰਨ ਥੋੜੀ ਜਿਹੀ ਬਰਸਾਤ ਹੋਣ ਤੇ ਹੀ ਇਹ ਸੜਕ ਝੀਲ ਵਿੱਚ ਤਬਦੀਲ ਹੋ ਜਾਂਦੀ ਹੈ। ਇਸ ਨਾਲ ਸਕੂਲ ਜਾਣ ਵਾਲੇ ਬੱਚਿਆਂ ਨੂੰ ਲੰਘਣ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਘਰਾਂ ਦੀਆਂ ਨੀਂਹਾਂ ਤੇ ਕੰਧਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰ ਵਾਰ ਸੜਕ ਦੇ ਨਿਰਮਾਣ ਜਾਂ ਮੁਰੰਮਤ ਸਮੇਂ ਸਬੰਧਤ ਅਧਿਕਾਰੀਆਂ ਨੂੰ ਸੜਕ ਦਾ ਲੇਵਲ ਠੀਕ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਕੁਝ ਥਾਵਾਂ ਤੇ ਸੜਕ ਉੱਚੀ ਹੋਣ ਕਾਰਨ ਪਿੰਡ ਦਾ ਪਾਣੀ ਨੀਵੇਂ ਹਿੱਸੇ ਵਿੱਚ ਆ ਕੇ ਇਕੱਠਾ ਹੋ ਜਾਂਦਾ ਹੈ, ਜਿਸ ਨਾਲ ਇਹ ਥਾਂ ਛੱਪੜ ਬਣ ਜਾਂਦੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਲੰਬੇ ਸਮੇਂ ਤੱਕ ਖੜ੍ਹਾ ਰਹਿਣ ਵਾਲਾ ਪਾਣੀ ਮੱਛਰਾਂ ਅਤੇ ਮੱਖੀਆਂ ਦੀ ਪੈਦਾਵਾਰ ਨੂੰ ਵਧਾਉਂਦਾ ਹੈ, ਜਿਸ ਨਾਲ ਡੇਂਗੂ, ਮਲੇਰੀਆ ਸਮੇਤ ਹੋਰ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਸੜਕ ਦੀ ਮੁੜ ਮੁਰੰਮਤ ਕਰਕੇ ਇਸ ਦਾ ਪੱਧਰ ਉੱਚਾ ਅਤੇ ਬਰਾਬਰ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਇਸ ਸਮੱਸਿਆ ਤੋਂ ਸਥਾਈ ਰਾਹਤ ਮਿਲ ਸਕੇ। ਦੁਬਾਰਾ ਸੜਕ ਬਣਨ ਤੇ ਸਮੱਸਿਆ ਦਾ ਹੋਵੇਗਾ ਹੱਲ: ਪਿੰਡ ਦੇ ਸਰਪੰਚ ਡਾ. ਰਣਜੀਤ ਸਿੰਘ ਨੇ ਕਿਹਾ ਹੈ ਕਿ ਇਸ ਸੜਕ ਦੀ ਸਮੱਸਿਆ ਪਿਛਲੇ ਕੁਝ ਸਾਲਾਂ ਤੋਂ ਜਿਉਂ ਦੀ ਤਿਉਂ ਹੈ, ਪ੍ਰੰਤੂ ਹੁਣ ਅਗਲੀ ਵਾਰ ਮੁੜ ਸੜਕ ਦੇ ਨਿਰਮਾਣ ਸਮੇਂ ਇਸਦਾ ਲੇਵਲ ਬਰਾਬਰ ਕਰਵਾ ਕੇ ਇਸ ਦੀ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ। ਦੂਜੇ ਪਾਸੇ, ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਲਗਾਤਾਰ ਇਹ ਦਾਅਵਾ ਕਰ ਰਹੇ ਹਨ ਕਿ ਹਲਕੇ ਵਿੱਚ ਕੋਈ ਵੀ ਸੜਕ ਅਧੂਰੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਜਿੱਥੇ ਵੀ ਮੁਰੰਮਤ ਦੀ ਲੋੜ ਹੋਵੇਗੀ, ਉੱਥੇ ਜਲਦੀ ਕੰਮ ਕਰਵਾਇਆ ਜਾਵੇਗਾ।