ਬਾਰਿਸ਼ ਨੇ ਗਰਮੀ ਤੋਂ ਦਿੱਤੀ ਰਾਹਤ, ਹੁੰਮਸ ਤੋਂ ਨਹੀਂ ਮਿਲੀ ਨਿਜਾਤ ਬਾਰਿਸ਼ ਨੇ ਗਰਮੀ ਤੋਂ ਦਿੱਤੀ ਰਾਹਤ, ਹੁੰਮਸ ਤੋਂ ਨਹੀਂ ਮਿਲੀ ਨਿਜਾਤ
Publish Date: Tue, 04 Aug 2026 04:25 PM (IST)
Updated Date: Wed, 05 Aug 2026 04:02 AM (IST)
ਸੱਤਪਾਲ ਕਾਲਾਬੂਲਾ/ਰਹਿਮਾਨ, ਪੰਜਾਬੀ ਜਾਗਰਣ, ਮਾਲੇਰਕੋਟਲਾ : ਸੋਮਵਾਰ ਦੀ ਰਾਤ ਤੋਂ ਪੈ ਰਹੀ ਹਲਕੀ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਰਾਹਤ ਤੋਂ ਰਾਹਤ ਦਿਵਾਈ, ਉੱਥੇ ਹੀ ਮੌਸਮ ਵੀ ਸੁਹਾਵਣਾ ਬਣ ਗਿਆ। ਕਿਉਂਕਿ ਲੋਕ ਪਿਛਲੇ ਤਿੰਨ ਦਿਨਾਂ ਤੋਂ ਅੱਤ ਦੀ ਗਰਮੀ ਦਾ ਸਾਹਮਣਾ ਕਰ ਰਹੇ ਸਨ। ਲੰਘੀ ਰਾਤ ਮਾਲੇਰਕੋਟਲਾ ਅਤੇ ਸ਼ੇਰਪੁਰ ਇਲਾਕੇ ਦੇ ਪਿੰਡਾਂ ਅੰਦਰ ਮੌਸਮ ਨੇ ਕਰਵਟ ਬਦਲੀ। ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਪਾਰਾ 33 ਤੋਂ 34 ਡਿਗਰੀ ਦੇ ਆਸਪਾਸ ਬਣਿਆ ਹੋਇਆ ਸੀ, ਪਰ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ ’ਚ ਇੱਕ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 30 ਡਿਗਰੀ ਸੈਲਸੀਅਸ ’ਤੇ ਆ ਗਿਆ। ਹਾਲਾਂਕਿ, ਰਾਹਤ ਦੀ ਇਹ ਖ਼ਬਰ ਹੁੰਮਸ ਭਰੀ ਗਰਮੀ ਦੇ ਸਾਹਮਣੇ ਫਿੱਕੀ ਪੈ ਗਈ ਕਿਉਂਕਿ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ’ਤੇ ਸਥਿਰ ਬਣਿਆ ਹੋਇਆ ਹੈ। ਹਵਾ ਵਿੱਚ ਨਮੀ ਦੀ ਮਾਤਰਾ 70 ਫ਼ੀਸਦੀ ਬਣੀ ਹੋਈ ਹੈ, ਜਿਸ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਨ ਭਰ ਦੇ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚੱਲੀ ਜਿਸ ਨਾਲ ਕੁਝ ਰਾਹਤ ਤਾਂ ਮਿਲੀ ਪਰ ਹੁੰਮਸ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ। ਬੱਦਲਾਂ ਦੀ ਆਵਾਜਾਈ ਕਾਰਨ ਸੂਰਜ ਦੀ ਤਪਸ਼ ਕੁਝ ਘਟੀ ਪਰ ਨਮੀ ਕਾਰਨ ਪਸੀਨੇ ਨਾਲ ਹਾਲਾਤ ਖ਼ਰਾਬ ਰਹੇ। ਸ਼ਹਿਰ ਵਾਸੀਆਂ ਨੇ ਰਾਹਤ ਦਾ ਸਾਹ ਉਦੋਂ ਲਿਆ, ਜਦੋਂ ਸਵੇਰ ਤੋਂ ਹੀ ਅਸਮਾਨ ਵਿੱਚ ਬੱਦਲ ਛਾਏ ਰਹੇ ਅਤੇ ਮੀਂਹ ਦੀ ਕਿਣਮਿਣ ਹੁੰਦੀ ਰਹੀ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਮੌਸਮ ਵਿੱਚ ਹੋਰ ਤਬਦੀਲੀ ਆ ਸਕਦੀ ਹੈ ਅਤੇ ਤਾਪਮਾਨ ਵਿੱਚ ਹੋਰ ਗਿਰਾਵਟ ਆਵੇਗੀ। ਸ਼ਹਿਰ ਦੇ ਲੋਕਾਂ ਨੇ ਐਤਵਾਰ ਨੂੰ ਅੱਤ ਗਰਮੀ ਦਾ ਸਾਹਮਣਾ ਕੀਤਾ ਸੀ ਜਦੋਂ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਤੱਕ ਪਹੁੰਚ ਗਿਆ ਸੀ। ਪਰ ਸੋਮਵਾਰ ਨੂੰ ਬੱਦਲਾਂ ਨੇ ਕੁਝ ਰਾਹਤ ਦਿੱਤੀ। ਹਾਲਾਂਕਿ ਘੱਟ ਤੋਂ ਘੱਟ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ ਅਤੇ ਇਹ 27 ਡਿਗਰੀ ਤੇ ਬਣਿਆ ਹੋਇਆ ਹੈ, ਜੋ ਰਾਤਾਂ ਨੂੰ ਵੀ ਗਰਮ ਬਣਾ ਰਿਹਾ ਹੈ। ਬੱਚਿਆਂ ਅਤੇ ਬਜ਼ੁਰਗਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ, ਕਿਉਂਕਿ ਹੁੰਮਸ ਭਰੀ ਗਰਮੀ ਉਨ੍ਹਾਂ ਲਈ ਨੁਕਸਾਨਦਾਇਕ ਹੋ ਸਕਦੀ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰਨ ਅਤੇ ਧੁੱਪ ਵਿੱਚ ਨਿਕਲਣ ਤੋਂ ਬਚਣ। ਜੇਕਰ ਬਾਹਰ ਨਿਕਲਣਾ ਲਾਜ਼ਮੀ ਹੋਵੇ ਤਾਂ ਛੱਤਰੀ ਜਾਂ ਟੋਪੀ ਦੀ ਵਰਤੋਂ ਕਰਨ।