ਰੇਬੀਜ਼ ਜਾਗਰੂਕਤਾ ਹਫ਼ਤੇ ਦੀ ਕੀਤੀ ਸ਼ੁਰੂਆਤ ਰੇਬੀਜ਼ ਜਾਗਰੂਕਤਾ ਹਫ਼ਤੇ ਦੀ ਸੁਰੂਆਤ
Publish Date: Wed, 23 Sep 2026 04:47 PM (IST)
Updated Date: Wed, 23 Sep 2026 04:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ•, ਪਟਿਆਲਾ : ਵਿਸ਼ਵ ਰੇਬੀਜ਼ ਦਿਵਸ ਨੂੰ ਸਮਰਪਿਤ ਸਿਹਤ ਵਿਭਾਗ ਪਟਿਆਲਾ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਚ ਰੇਬੀਜ਼ ਜਾਗਰੂਕਤਾ ਹਫ਼ਤਾ 23 ਤੋਂ 28 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਰੇਬੀਜ਼ ਵਰਗੀ ਜਾਨਲੇਵਾ ਬਿਮਾਰੀ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ। ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਨੇ ਦੱਸਿਆ ਕਿ ਜਾਗਰੂਕਤਾ ਹਫ਼ਤੇ ਦਾ ਮੁੱਖ ਉਦੇਸ਼ ਲੋਕਾਂ ਨੂੰ ਰੇਬੀਜ਼ ਦੇ ਖ਼ਤਰਿਆਂ ਅਤੇ ਇਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਗਰੂਕ ਕਰਨਾ ਹੈ। ਇਸ ਤਹਿਤ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ, ਕਮਿਊਨਿਟੀ ਹੈਲਥ ਸੈਂਟਰਾਂ (ਸੀਐੱਚਸੀ) ਤੇ ਪ੍ਰਾਇਮਰੀ ਹੈਲਥ ਸੈਂਟਰਾਂ (ਪੀਐੱਚਸੀ) ਵਿਚ ਜਾਗਰੂਕਤਾ ਕੈਂਪ ਤੇ ਸੈਮੀਨਾਰ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸਿਹਤ ਕਰਮਚਾਰੀ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਵੀ ਰੇਬੀਜ਼ ਤੋਂ ਬਚਾਅ ਬਾਰੇ ਜਾਣਕਾਰੀ ਦੇਣਗੇ। ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਦਿਵਜੋਤ ਸਿੰਘ ਨੇ ਕਿਹਾ ਕਿ ਕੁੱਤੇ, ਬਿੱਲੀ ਜਾਂ ਬਾਂਦਰ ਸਮੇਤ ਕਿਸੇ ਵੀ ਜਾਨਵਰ ਦੇ ਵੱਢਣ ਜਾਂ ਖਰੋਚ ਮਾਰਨ ਨੂੰ ਅਣਦੇਖਾ ਨਹੀਂ ਕਰਨਾ ਚਾਹੀਦਾ। ਅਜਿਹੀ ਸਥਿਤੀ ਵਿੱਚ ਜ਼ਖ਼ਮ ਨੂੰ ਤੁਰੰਤ ਸਾਬਣ ਅਤੇ ਚੱਲਦੇ ਪਾਣੀ ਨਾਲ ਘੱਟੋ-ਘੱਟ 15 ਮਿੰਟ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਇਸ ਤੋਂ ਬਾਅਦ ਪੋਵੀਡਨ ਜਾਂ ਹੋਰ ਢੁਕਵੇਂ ਐਂਟੀਸੈਪਟਿਕ ਨਾਲ ਸਫ਼ਾਈ ਕਰਕੇ ਬਿਨਾਂ ਦੇਰੀ ਸਰਕਾਰੀ ਹਸਪਤਾਲ ਵਿੱਚ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਐਂਟੀ-ਰੇਬੀਜ਼ ਵੈਕਸੀਨ ਜ਼ਿਲ੍ਹਾ ਹਸਪਤਾਲ, ਸਬ-ਡਿਵੀਜ਼ਨ ਹਸਪਤਾਲਾਂ, ਸੀਐੱਚਸੀ ਅਤੇ ਆਮ ਆਦਮੀ ਕਲੀਨਿਕਾਂ ’ਚ ਮੁਫ਼ਤ ਉਪਲੱਬਧ ਹੈ ਅਤੇ 24 ਘੰਟੇ ਲਗਾਈ ਜਾਂਦੀ ਹੈ।