ਸਿੱਖਿਆ ਪ੍ਰਣਾਲੀ 'ਤੇ ਉੱਠੇ ਸਵਾਲ, ਰਾਸ਼ਨ ਕਾਰਡ ਵੈਰੀਫਿਕੇਸ਼ਨ ਕੰਮ ਦਾ ਜ਼ਬਰਦਸਤ ਵਿਰੋਧ; ਅਧਿਆਪਕ ਆਗੂਆਂ ਨੇ ਘੇਰੀ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ’ਚ ਪੜ੍ਹਾਈ ਕਰਵਾਉਣ ਤੋਂ ਇਲਾਵਾ ਗ਼ੈਰ-ਵਿੱਦਿਅਕ ਕੰਮਾਂ ਲਈ ਅਧਿਆਪਕਾਂ ਦੀਆਂ ਲਗਾਤਾਰ ਲਗਾਈਆਂ ਜਾ ਰਹੀਆਂ ਡਿਊਟੀਆਂ ਤੋਂ ਅੱਕੇ ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਅਧਿਆਪਕਾਂ ਨੇ ਗ਼ੈਰ ਵਿੱਦਿਅਕ ਕੰਮਾਂ ਸਮੇਤ ਰਾਸ਼ਨ ਕਾਰਡ ਵੈਰੀਫਿਰੇਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਧਿਆਪਕਾਂ ਦਾ ਤਰਕ ਹੈ ਕਿ ਸੱਤਾ ਪ੍ਰਾਪਤੀ ਤੋਂ ਪਹਿਲਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਾ ਲੈਣ ਅਤੇ ਸਿਰਫ ਪੜ੍ਹਾਈ ਕਰਵਾਉਣ ਦਾ ਕੰਮ ਲੈਣ ਦਾ ਵਾਅਦਾ ਕਰਦਿਆਂ ਸਿੱਖਿਆ ਕ੍ਰਾਂਤੀ ਲਿਆਉਣ ਦਾ ਐਲਾਨ ਕੀਤਾ ਸੀ ਪਰ ਅਧਿਆਪਕਾਂ ਤੋਂ ਵੱਡੀ ਗਿਣਤੀ ’ਚ ਗੈਰ ਵਿੱਦਿਅ
Publish Date: Wed, 16 Sep 2026 11:58 AM (IST)
Updated Date: Wed, 16 Sep 2026 11:59 AM (IST)
ਪਰਗਟ ਸਿੰਘ, ਪੰਜਾਬੀ ਜਾਗਰਣ, ਪਟਿਆਲਾ : ਸੂਬੇ ਦੇ ਸਰਕਾਰੀ ਸਕੂਲਾਂ ’ਚ ਪੜ੍ਹਾਈ ਕਰਵਾਉਣ ਤੋਂ ਇਲਾਵਾ ਗ਼ੈਰ-ਵਿੱਦਿਅਕ ਕੰਮਾਂ ਲਈ ਅਧਿਆਪਕਾਂ ਦੀਆਂ ਲਗਾਤਾਰ ਲਗਾਈਆਂ ਜਾ ਰਹੀਆਂ ਡਿਊਟੀਆਂ ਤੋਂ ਅੱਕੇ ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਅਧਿਆਪਕਾਂ ਨੇ ਗ਼ੈਰ ਵਿੱਦਿਅਕ ਕੰਮਾਂ ਸਮੇਤ ਰਾਸ਼ਨ ਕਾਰਡ ਵੈਰੀਫਿਰੇਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਧਿਆਪਕਾਂ ਦਾ ਤਰਕ ਹੈ ਕਿ ਸੱਤਾ ਪ੍ਰਾਪਤੀ ਤੋਂ ਪਹਿਲਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਾ ਲੈਣ ਅਤੇ ਸਿਰਫ ਪੜ੍ਹਾਈ ਕਰਵਾਉਣ ਦਾ ਕੰਮ ਲੈਣ ਦਾ ਵਾਅਦਾ ਕਰਦਿਆਂ ਸਿੱਖਿਆ ਕ੍ਰਾਂਤੀ ਲਿਆਉਣ ਦਾ ਐਲਾਨ ਕੀਤਾ ਸੀ ਪਰ ਅਧਿਆਪਕਾਂ ਤੋਂ ਵੱਡੀ ਗਿਣਤੀ ’ਚ ਗੈਰ ਵਿੱਦਿਅਕ ਕੰਮ ਲੈਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਨੇ ਅਧਿਆਪਕਾਂ ਨੂੰ ਪੜ੍ਹਨੇ ਪਾਇਆ ਹੋਇਆ ਹੈ।
ਅਧਿਆਪਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਬੀਐੱਲਓ ਡਿਊਟੀਆਂ, ਜਨਗਣਨਾ, ਡਰੱਗ ਸੈਂਸਜ਼ ਸਮੇਤ ਹੋਰ ਕਈ ਕੰਮ ਪਹਿਲਾਂ ਹੀ ਸੌਂਪੇ ਹੋਏ ਸਨ ਪਰ ਹੁਣ ਰਾਸ਼ਨ ਕਾਰਡ ਤਸਦੀਕ ਕਰਨ ਦੀ ਜ਼ਿੰਮੇਵਾਰੀ ਵੀ ਅਧਿਆਪਕਾਂ ਸਿਰ ਪਾ ਦਿੱਤੀ ਹੈ, ਜਿਸ ਲਈ ਕੁਝ ਅਧਿਆਪਕਾਂ ਦੀ ਡਿਊਟੀਆਂ ਪਹਿਲਾਂ ਹੀ ਲਗਾਈਆਂ ਗਈਆ ਸਨ ਅਤੇ ਹੁਣ 14 ਸਤੰਬਰ ਨੂੰ ਜ਼ਿਲ੍ਹਾ ਪ੍ਰਸ਼ਾਸਾਨ ਵੱਲੋਂ ਹੋਰ ਅਧਆਪਕਾਂ ਦੀਆਂ ਡਿਊਟੀਆਂ ਵੀ ਰਾਸ਼ਨ ਕਾਰਡ ਤਸਦੀਕ ਕਰਨ ਲਈ ਲਗਾ ਦਿੱਤੀਆਂ ਹਨ, ਜਿਸ ਕਾਰਨ ਸਕੂਲ ਖਾਲ੍ਹੀ ਹੋ ਰਹੇ ਹਨ। ਅਧਿਆਪਕਾਂ ਨੂੰ ਰਾਸ਼ਨ ਕਾਰਡ ਤਸਦੀਕ ਕਰਨ ਲਈ ਦੂਰ ਦੂਰਾਡੇ ਜਾਣਾ ਪੈ ਰਿਹਾ ਹੈ, ਜਿਸ ਨਾਲ ਟਾਈਮ ਖਰਾਬ ਹੋਣ ਤੋਂ ਇਲਾਵਾ ਖੱਜਲ ਖੁਆਰੀ ਵੀ ਵਧ ਰਹੀ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਇਹ ਡਿਊਟੀਆਂ ਵੀ ਉਸ ਸਮੇਂ ਲਗਾਈਆਂ ਜਾ ਰਹੀਆਂ ਹਨ ਜਦੋਂ ਸਕੂਲਾਂ ਵਿੱਚ ਮਿਡ ਟਰਮ ਪ੍ਰੀਖਿਆਵਾਂ ਚੱਲ ਰਹੀਆਂ ਹਨ। ਆਗੂਆਂ ਵੱਲੋਂ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੇ ਹੋਏ, ਇਨ੍ਹਾਂ ਡਿਊਟੀਆਂ ਨੂੰ ਵਾਪਿਸ ਲਏ ਜਾਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਇਹ ਡਿਊਟੀਆਂ ਵਾਪਿਸ ਨਾ ਲਈਆਂ ਗਈਆਂ ਤਾਂ ਬਾਕੀ ਗੈਰ ਵਿੱਦਿਅਕ ਕੰਮਾਂ ਦੇ ਬਾਈਕਾਟ ਵਜੋਂ ਇਨ੍ਹਾਂ ਡਿਊਟੀਆਂ ਨੂੰ ਨਹੀਂ ਕਰਨਗੇ।
ਅਧਿਆਪਕਾਂ ਨੇ ਦਿੱਤਾ ਧਰਨਾ ਜਿਲ੍ਹੇ ਦੇ ਵੱਖ ਵੱਖ ਤਹਿਸੀਲਾਂ ਵਿਚ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਦੀਆਂ ਡਿਊਟੀਆਂ ਦੇ ਵਿਰੋਧ ਵਿੱਚ ਜਿਲੇ ਦੇ ਅਧਿਆਪਕਾਂ ਨੇ ਰਾਸ਼ਨ ਕਾਰਡ ਵੈਰੀਫਿਕੇਸ਼ਨ ਦੀ ਡਿਊਟੀ ਜੁਆਇੰਨ ਕਰਨ ਦੀ ਬਜਾਇ ਆਪੋ ਆਪਣੇ ਸਕੂਲ ਵਿੱਚ ਡਿਊਟੀ ਕੀਤੀ ਅਤੇ 2 ਵਜੇ ਤੋਂ ਬਾਅਦ ਜਿਲ੍ਹੇ ਦੀਆਂ ਅਧਿਆਪਕ ਜੱਥੇਬੰਦੀਆਂ ਦੇ ਸੱਦੇ ’ਤੇ ਸੈਂਕੜੇ ਅਧਿਆਪਕਾਂ ਦੇ ਸਮੂਹਿਕ ਵਫਦ ਵੱਲੋਂ ਜਥੇਬੰਦੀਆਂ ਦੇ ਆਗੂਆਂ ਵਿਕਰਮ ਦੇਵ ਸਿੰਘ, ਪਰਮਜੀਤ ਸਿੰਘ, ਅਮਨਿੰਦਰ ਸਿੰਘ ਬਾਬਾ ਅਤੇ ਪਰਮਵੀਰ ਸਿੰਘ ਦੀ ਸਾਂਝੀ ਅਗਵਾਈ ਵਿੱਚ ਡੀਸੀ ਦਫਤਰ ਪਟਿਆਲਾ ਵਿਖੇ ਆਪਣਾ ਰੋਸ਼ ਦਰਜ ਕਰਵਾਇਆ ਗਿਆ। ਇਸ ਮੌਕੇ ਅਧਿਆਪਕਾਂ ਨੇ ਡੀਸੀ ਦਫਤਰ ਦੇ ਬਾਹਰ ਰੋਸ਼ ਧਰਨਾ ਸੁਰੂ ਕੀਤਾ ਗਿਆ, ਜਿਸ ਦੌਰਾਨ ਪ੍ਰਸ਼ਾਸਨ ਵੱਲੋਂ ਏਡੀਸੀ (ਜਨਰਲ) ਨਾਲ ਮੀਟਿੰਗ ਦਾ ਸੱਦਾ ਦਿੱਤਾ ਗਿਆ, ਜਿਸਨੂੰ ਅਧਿਆਪਕਾਂ ਨੇ ਠੁਕਰਾ ਦਿੱਤਾ ਗਿਆ ਤੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਦੀ ਗੱਲ ’ਤੇ ਅੜੇ ਰਹੇ। ਇਸ ਉਪਰੰਤ ਜਿਲ੍ਹਾ ਪ੍ਰਸ਼ਾਸਨ ਵੱਲੋਂ 16 ਸਤੰਬਰ ਨੂੰ 1.30 ਵਜੇ ਡਿਪਟੀ ਕਮਿਸ਼ਨਰ ਨਾਲ ਅਧਿਆਪਕ ਆਗੂਆਂ ਦੀ ਮੀਟਿੰਗ ਤਹਿ ਕਰਵਾਈ ਗਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅਧਿਆਪਕ ਆਗੂ ਰਜਿੰਦਰ ਸਿੰਘ ਜਵੰਧਾ, ਜਗਤਾਰ ਸਿੰਘ ਡੀਪੀਈ, ਮਨਦੀਪ ਸਿੰਘ ਕਾਲੇਕਾ, ਮੈਡਮ ਸੋਨੀਆ, ਹਰਪ੍ਰੀਤ ਸਿੰਘ ਉੱਪਲ, ਮੈਡਮ ਅਲਕਾ, ਹਰਪ੍ਰੀਤ ਕੌਰ ਸੰਧੂ, ਮੈਡਮ ਪੂਜਾ, ਜਗਤਾਰ ਸਿੰਘ, ਰਵਿੰਦਰ ਸਿੰਘ, ਸੁੱਚਾ ਸਿੰਘ ਡੀਪੀਈ, ਸਤਨਾਮ ਸਿੰਘ ਸੋਹੀ,ਜਰਨੈਲ ਸਿੰਘ ਅਤੇ ਬਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਮੌਜੂਦ ਰਹੇ।
337 ਅਧਿਆਪਕਾਂ ਦੀ ਹੋਰ ਡਿਊਟੀ ਲਗਾਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਆਗੂਆਂ ਦੀਦਾਰ ਸਿੰਘ, ਜਗਜੀਤ ਸਿੰਘ ਜਟਾਣਾ, ਬਲਜੀਤ ਸਿੰਘ, ਕਮਲ ਨੈਣ ਅਤੇ ਗੁਰਜੀਤ ਸਿੰਘ ਘੱਗਾ ਨੇ ਦੱਸਿਆ ਕਿ ਐੱਸ.ਡੀ.ਐਮ. ਦਫ਼ਤਰ ਪਟਿਆਲਾ ਵੱਲੋਂ 14 ਸਤੰਬਰ ਨੂੰ ਵੱਖ-ਵੱਖ ਪੱਤਰ ਜਾਰੀ ਕੀਤੇ ਗਏ, ਜਿਨ੍ਹਾਂ ਰਾਹੀਂ ਰਾਸ਼ਨ ਕਾਰਡ ਤਸਦੀਕ/ਵੈਰੀਫਾਈ ਕਰਨ ਲਈ 337 ਅਧਿਆਪਕਾਂ ਦੀ ਹੋਰ ਡਿਊਟੀ ਲਗਾ ਦਿੱਤੀ ਗਈ। ਇਸ ਕੰਮ ਲਈ ਇਕ-ਇਕ ਸਕੂਲ ਵਿੱਚੋਂ ਹੀ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀ ਡਿਊਟੀ ਲਗਾ ਦਿੱਤੀ ਗਈ, ਜਿਸ ਵਿੱਚ ਮੁੱਖ ਤੌਰ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨ ਵਿੱਚੋਂ 62, ਮਲਟੀਪਰਪਜ ਸਕੂਲ ਵਿੱਚੋਂ 54, ਮਾਡਲ ਟਾਊਨ ਸਕੂਲ ਵਿੱਚੋਂ 37, ਸਕੂਲ ਆਫ ਐਮੀਨੈਂਸ ਫੀਲਖਾਨਾ ਵਿੱਚੋਂ 37, ਪੀਐੱਮ ਸ਼੍ਰੀ ਸਕੂਲ ਤ੍ਰਿਪੜੀ ਵਿੱਚੋਂ 23, ਨਿਊ ਪਾਵਰ ਹਾਊਸ ਕਲੋਨੀ ਸਕੂਲ ਅਤੇ ਓਲਡ ਪੁਲਿਸ ਲਾਈਨ ਸਕੂਲ ਵਿੱਚੋਂ 16-16 ਅਧਿਆਪਕਾਂ ਦੀ ਡਿਊਟੀ ਲਗਾ ਦਿੱਤੀ ਗਈ। ਇਸ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਪਟਿਆਲਾ ਕੈਂਟ, ਅਨਾਰਦਾਨਾ ਚੌਂਕ, ਸਨੌਰੀ ਗੇਟ ਅਤੇ ਸ਼ਹਿਰ ਦੇ ਹੋਰ ਕਈ ਸਰਕਾਰੀ ਸਕੂਲਾਂ ਵਿੱਚੋਂ ਵੀ ਵੱਡੀ ਗਿਣਤੀ ਅਧਿਆਪਕਾਂ ਨੂੰ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਹੀ ਰਾਸ਼ਨ ਕਾਰਡਾਂ ਦੀ ਸੁਧਾਈ ਲਈ ਸੱਦ ਲਿਆ ਗਿਆ ਹੈ।
ਧੱਕੇਸ਼ਾਹੀ ਕੀਤੀ ਤਾਂ ਕਰਾਂਗੇ ਸੰਘਰਸ਼-ਆਗੂ ਇਸ ਮੌਕੇ ਵਿਕਰਮਦੇਵ ਸਿੰਘ, ਜਗਜੀਤ ਸਿੰਘ, ਗੁਰਜੀਤ ਸਿੰਘ ਘੱਗਾ, ਪਰਮਜੀਤ ਸਿੰਘ , ਧਿਆਨ ਸਿੰਘ ਅਤੇ ਸੁਖਵਿੰਦਰ ਸਿੰਘ ਸੇਹਰਾ ਨੇ ਕਿਹਾ ਕਿ ਕੋਈ ਵੀ ਕੋਈ ਵੀ ਅਧਿਆਪਕ ਇਹ ਗੈਰ ਵਿੱਦਿਅਕ ਡਿਊਟੀਆਂ ਜੁਆਇਨ ਨਹੀਂ ਕਰੇਗਾ ਅਤੇ ਜੇਕਰ ਕਿਸੇ ਵੀ ਅਧਿਆਪਕ ਉੱਤੇ ਇਹਨਾਂ ਡਿਊਟੀਆਂ ਕਰਕੇ ਕੋਈ ਵੀ ਕਾਰਵਾਈ ਹੁੰਦੀ ਹੈ ਤਾਂ ਜਥੇਬੰਦੀ ਉਹਨਾਂ ਦੇ ਨਾਲ ਖੜੇਗੀ ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।