ਮੌਨਸੂਨ ਦੀ ਸ਼ੁਰੂਆਤ ਨਾਲ ਹੜ੍ਹ ਪ੍ਰਬੰਧਨ ਨੂੰ ਲੈ ਕੇ ਖੜ੍ਹੇ ਹੋਏ ਸਵਾਲ ਮਾਨਸੂਨ ਦੀ ਸ਼ੁਰੂਆਤ ਨਾਲ ਹੜ੍ਹ ਪ੍ਰਬੰਧਨ ਨੂੰ ਲੈ ਕੇ ਖੜ੍ਹੇ ਹੋਏ ਸਵਾਲ
Publish Date: Tue, 07 Jul 2026 06:58 PM (IST)
Updated Date: Tue, 07 Jul 2026 07:00 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਮੌਨਸੂਨ ਦੀ ਸ਼ੁਰੂਆਤ ਦੇ ਨਾਲ ਹੀ ਸ਼ਹਿਰ ’ਚ ਹੜ੍ਹ ਪ੍ਰਬੰਧਨ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗੇ ਹਨ। ਸ਼ਹਿਰ ’ਚੋਂ ਲੰਘਣ ਵਾਲੀ ਵੱਡੀ ਤੇ ਛੋਟੀ ਨਦੀ ਦੀ ਸਫਾਈ ਦਾ ਕੰਮ ਹਾਲੇ ਤੱਕ ਪੂਰਾ ਨਹੀਂ ਹੋ ਸਕਿਆ ਹੈ। ਅਜਿਹੇ ਵਿਚ ਅਰਬਨ ਅਸਟੇਟ ਸਮੇਤ ਨਦੀ ਦੇ ਕਿਨਾਰੇ ਸਥਿਤ ਕਾਲੋਨੀਆਂ ਦੇ ਨਿਵਾਸੀਆਂ ’ਚ ਸੰਭਾਵਿਤ ਹੜ੍ਹ ਅਤੇ ਪਾਣੀ ਭਰਨ ਦਾ ਡਰ ਬਣਿਆ ਹੋਇਆ ਹੈ। ਲੋਕਾਂ ਦਾ ਦੋਸ਼ ਹੈ ਕਿ ਸਿਹਤ ਮੰਤਰੀ ਦੇ ਸਪੱਸ਼ਟ ਨਿਰਦੇਸ਼ਾਂ ਦੇ ਬਾਵਜੂਦ ਡਰੇਨੇਜ਼ ਵਿਭਾਗ ਦੇ ਅਧਿਕਾਰੀ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਦੂਜੇ ਪਾਸੇ, ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨ ਅਰਬਨ ਅਸਟੇਟ-2 ਦੇ ਵਫ਼ਦ ਨੇ ਵੱਡੀ ਨਦੀ ਵਿਚ ਸਫਾਈ ਦਾ ਜਾਇਜ਼ਾ ਲਿਆ। ਐਸੋਸੀਏਸ਼ਨ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਨਦੀ ਦੀ ਸਫਾਈ ਦਾ ਕੰਮ ਪੂਰਾ ਕਰ ਲੈਣਾ ਚਾਹੀਦਾ ਹੈ, ਨਾਲ ਹੀ ਫੈਸਲਾ ਕੀਤਾ ਕਿ ਉਹ ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲ ਕੇ ਮੰਗ ਪੱਤਰ ਦੇਣਗੇ। ਹਾਲਾਂਕਿ, ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਦੀ ਦੀ ਸਫਾਈ ਕੀਤੀ ਜਾ ਚੁੱਕੀ ਹੈ ਪਰ ਪਿੱਛੋਂ ਜੰਗਲੀ ਬੂਟੀ ਨਦੀ ’ਚ ਆ ਰਹੀ ਹੈ, ਜਿਸ ਕਾਰਨ ਇਹ ਸਮੱਸਿਆ ਬਣਦੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਲਗਾਤਾਰ ਬਾਰਸ਼ ਹੋਈ ਤਾਂ ਪਾਣੀ ਦਾ ਬਹਾਅ ਪ੍ਰਭਾਵਿਤ ਹੋ ਸਕਦਾ ਹੈ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਜਲ-ਥਲ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਅਰਬਨ ਅਸਟੇਟ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਲੋਕ ਇੱਕ ਵਾਰ ਨੁਕਸਾਨ ਝੱਲ ਚੁੱਕੇ ਹਨ ਅਤੇ ਇਸ ਵਾਰ ਵੀ ਸਮਾਂ ਰਹਿੰਦੇ ਸਫਾਈ ਪੂਰੀ ਨਾ ਹੋਣ ਕਾਰਨ ਲੋਕਾਂ ਦੀ ਚਿੰਤਾ ਵਧ ਗਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਵਿਭਾਗੀ ਅਧਿਕਾਰੀ ਸਿਰਫ਼ ਕਾਗਜ਼ੀ ਕਾਰਵਾਈ ਤੱਕ ਸੀਮਤ ਹਨ, ਜਦੋਂ ਕਿ ਜ਼ਮੀਨੀ ਪੱਧਰ ਤੇ ਕੰਮ ਬਹੁਤ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ। -ਸਫ਼ਾਈ ਦਾ ਕੰਮ ਲਗਭਗ ਪੂਰਾ : ਗੁਪਤਾ ਡਰੇਨੇਜ਼ ਵਿਭਾਗ ਦੇ ਅਧਿਕਾਰੀ ਚੇਤਨ ਗੁਪਤਾ ਨੇ ਕਿਹਾ ਕਿ ਨਦੀ ਦੀ ਸਫਾਈ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ, ਪਰ ਨਦੀ ਵਿਚ ਪਿੱਛੋਂ ਜੰਗਲੀ ਬੂਟੀ ਆ ਰਹੀ ਹੈ। ਪਹਿਲਾਂ ਨਦੀ ਵਿਚ ਪਾਣੀ ਘੱਟ ਸੀ, ਹੁਣ ਥੋੜ੍ਹਾ ਜ਼ਿਆਦਾ ਹੈ, ਜਿਸ ਕਾਰਨ ਜੇਸੀਬੀ ਨਦੀ ਵਿਚ ਨਹੀਂ ਜਾ ਸਕਦੀ। ਫਿਰ ਵੀ ਜੰਗਲੀ ਬੂਟੀ ਦੀ ਸਫਾਈ ਲਈ ਵਿਭਾਗੀ ਅਧਿਕਾਰੀ ਨਜ਼ਰ ਰੱਖ ਰਹੇ ਹਨ। ਜਿੱਥੇ ਕਿਤੇ ਵੀ ਜੰਗਲੀ ਬੂਟੀ ਨਜ਼ਰ ਆਉਂਦੀ ਹੈ, ਉਸ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। -ਲਾਪਰਵਾਹੀ ਦਾ ਖ਼ਾਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਸਕਦਾ : ਯੁਵਰਾਜ ਸਿੰਘ ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨ ਅਰਬਨ ਅਸਟੇਟ-2 ਦੇ ਪ੍ਰਧਾਨ ਐਡਵੋਕੇਟ ਯੁਵਰਾਜ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਖ਼ਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ। ਵੱਡੀ ਨਦੀ ਵਿੱਚ ਸਫਾਈ ਦਾ ਜਾਇਜ਼ਾ ਲੈਂਦੇ ਹੋਏ ਐਸੋਸੀਏਸ਼ਨ ਦੇ ਵਫ਼ਦ ਨੇ ਕਿਹਾ ਕਿ ਨਦੀ ਦੀ ਸਫਾਈ ਦਾ ਕੰਮ ਪੂਰਾ ਨਹੀਂ ਕੀਤਾ ਗਿਆ, ਜਦੋਂ ਕਿ ਵਿਭਾਗ ਵੱਡੇ-ਵੱਡੇ ਦਾਅਵੇ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਐਸੋਸੀਏਸ਼ਨ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਉਨ੍ਹਾਂ ਅੱਗੇ ਵੱਡੀ ਨਦੀ ਦੀ ਸਮੱਸਿਆ ਸਮੇਤ ਵੱਖ-ਵੱਖ ਸਮੱਸਿਆਵਾਂ ਨੂੰ ਰੱਖੇਗਾ। ਇਸ ਦੌਰਾਨ ਵਫ਼ਦ ਵਿੱਚ ਪ੍ਰੋ. ਰਣਜੀਤ ਸਿੰਘ, ਜੀਤ ਸਿੰਘ, ਸੁਨੀਲ ਕੁਮਾਰ, ਰਾਜਵਿੰਦਰ ਸਿੰਘ ਰਾਜੂ ਅਤੇ ਜੇ.ਪੀ. ਸਿੰਘ ਮੌਜੂਦ ਸਨ।