ਪੰਜਾਬ ਦੀਆਂ ਸਾਈਕਲਿਸਟ ਧੀਆਂ ਨੇ ਜਿੱਤਿਆ ਸੋਨ ਤਗਮਾ ਪੰਜਾਬ ਦੀਆਂ ਸਾਈਕਲਿਸਟ ਧੀਆਂ ਨੇ 7 ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜ ਕੇ ਜਿੱਤਿਆ ਸੋਨ ਤਗਮਾ
Publish Date: Tue, 03 Nov 2026 06:20 PM (IST)
Updated Date: Tue, 03 Nov 2026 06:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਪੰਜਾਬ ਦੀਆਂ ਹੋਣਹਾਰ ਸਾਈਕਲਿਸਟ ਧੀਆਂ ਨੇ ਕੌਮੀ ਪੱਧਰ ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੱਤ ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜ ਕੇ ਸੋਨ ਤਗਮਾ ਜਿੱਤਿਆ ਹੈ। ਰਾਂਚੀ ਵਿਖੇ ਚੱਲ ਰਹੀ 78ਵੀਂ ਸੀਨੀਅਰ, 55ਵੀਂ ਜੂਨੀਅਰ ਅਤੇ 41ਵੀਂ ਸਬ-ਜੂਨੀਅਰ ਨੈਸ਼ਨਲ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਸਬ-ਜੂਨੀਅਰ ਲੜਕੀਆਂ ਦੀ ਟੀਮ ਨੇ ਟੀਮ ਸਪ੍ਰਿੰਟ ਮੁਕਾਬਲੇ ਵਿਚ 1 ਮਿੰਟ 16 ਸਕਿੰਟ ਦਾ ਸਮਾਂ ਦਰਜ ਕਰਕੇ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ। ਇਸ ਜੇਤੂ ਟੀਮ ਵਿੱਚ ਪਟਿਆਲਾ ਦੀ ਗੁਨਤਾਸ ਸੰਧੂ ਵੀ ਸ਼ਾਮਲ ਹੈ। ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਜੇਤੂ ਟੀਮ ਵਿੱਚ ਗੁਨਤਾਸ ਸੰਧੂ, ਪ੍ਰੀਤੀ ਸ਼ਾਹ, ਜਪਨੀਤ ਕੌਰ ਤੇ ਪਲਕਪ੍ਰੀਤ ਕੌਰ ਸ਼ਾਮਲ ਹਨ। ਇਨ੍ਹਾਂ ਖਿਡਾਰਨਾਂ ਨੇ ਆਪਣੀ ਸਖ਼ਤ ਮਿਹਨਤ, ਲਗਾਤਾਰ ਅਭਿਆਸ ਅਤੇ ਆਪਸੀ ਤਾਲਮੇਲ ਨਾਲ ਇਹ ਪ੍ਰਾਪਤੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਚੈਂਪੀਅਨਸ਼ਿਪ ਦੀ ਤਿਆਰੀ ਲਈ ਲੁਧਿਆਣਾ ਵਿਖੇ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਗਿਆ ਸੀ, ਜਿੱਥੇ ਕੋਚਾਂ ਦੀ ਅਗਵਾਈ ਹੇਠ ਖਿਡਾਰਨਾਂ ਨੇ ਅਭਿਆਸ ਕੀਤਾ। ਉਨ੍ਹਾਂ ਮੁੱਖ ਕੋਚ ਸਤਵਿੰਦਰ ਸਿੰਘ, ਕੋਚ ਭੁਪਿੰਦਰ ਕੁਮਾਰ, ਇਕਵਿੰਦਰ ਸਿੰਘ ਅਤੇ ਮਹਿਲਾ ਕੋਚ ਹਰਪ੍ਰੀਤ ਕੌਰ ਦੀ ਮਿਹਨਤ ਦੀ ਸ਼ਲਾਘਾ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਅਤੇ ਹੋਰ ਅਹੁਦੇਦਾਰਾਂ ਨੇ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਪੰਜਾਬ ਲਈ ਮਾਣ ਵਾਲੀ ਗੱਲ ਹੈ। ਖਿਡਾਰਨਾਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਕੋਚਾਂ, ਮਾਪਿਆਂ ਅਤੇ ਸਾਈਕਲਿੰਗ ਐਸੋਸੀਏਸ਼ਨ ਦੇ ਸਹਿਯੋਗ ਨੂੰ ਦਿੱਤਾ।