ਪੰਜਾਬੀ ਯੂਨੀਵਰਸਿਟੀ ਦਾ ਇਤਿਹਾਸਕ ਕਦਮ, ਦੁਰਲੱਭ ਦਸਤਾਵੇਜ਼ਾਂ ਨੂੰ ਸੰਭਾਲਣ ਲਈ ਪੰਜਾਬ ਡਿਜੀਟਲ ਲਾਇਬ੍ਰੇਰੀ ਨਾਲ ਸਮਝੌਤਾ ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਦੁਰਲੱਭ ਦਸਤਾਵੇਜ਼ਾਂ ਨੂੰ ਆਧੁਨਿਕ ਤਕਨਾਲੋਜੀ ਰਾਹੀਂ ਸੰਭਾਲਣ ਲਈ ਇੱਕ ਅਹਿਮ ਪਹਿਲਕਦਮੀ ਕਰਦਿਆਂ ਪੰਜਾਬ ਡਿਜੀਟਲ ਲਾਇਬ੍ਰੇਰੀ (ਪੀ.ਡੀ.ਐੱਲ.), ਚੰਡੀਗੜ੍ਹ ਨਾਲ ਇੱਕ ਇਕਰਾਰਨਾਮਾ ਕੀਤਾ ਗਿਆ ਹੈ। ਦੋਹੇਂ ਅਦਾਰਿਆਂ ਦੀ ਇਸ ਭਾਈਵਾਲੀ ਤਹਿਤ ਪੰਜਾਬ ਡਿਜੀਟਲ ਲਾਇਬ੍ਰੇਰੀ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਉੱਚ-ਗੁਣਵੱਤਾ ਵਾਲਾ ਡਿਜੀਟਾਈਜ਼ੇਸ਼ਨ, ਇਮੇਜ ਪ੍ਰੋਸੈਸਿੰਗ, ਮੈਟਾਡੇਟਾ ਤਿਆਰ ਕਰਨ ਅਤੇ ਓ.ਸੀ.ਆਰ. ਆਦਿ ਦਾ ਕੰਮ ਕਰੇਗੀ।
Publish Date: Fri, 07 Aug 2026 11:14 AM (IST)
Updated Date: Fri, 07 Aug 2026 12:24 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ - ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਦੁਰਲੱਭ ਦਸਤਾਵੇਜ਼ਾਂ ਨੂੰ ਆਧੁਨਿਕ ਤਕਨਾਲੋਜੀ ਰਾਹੀਂ ਸੰਭਾਲਣ ਲਈ ਇੱਕ ਅਹਿਮ ਪਹਿਲਕਦਮੀ ਕਰਦਿਆਂ ਪੰਜਾਬ ਡਿਜੀਟਲ ਲਾਇਬ੍ਰੇਰੀ (ਪੀ.ਡੀ.ਐੱਲ.), ਚੰਡੀਗੜ੍ਹ ਨਾਲ ਇੱਕ ਇਕਰਾਰਨਾਮਾ ਕੀਤਾ ਗਿਆ ਹੈ। ਦੋਹੇਂ ਅਦਾਰਿਆਂ ਦੀ ਇਸ ਭਾਈਵਾਲੀ ਤਹਿਤ ਪੰਜਾਬ ਡਿਜੀਟਲ ਲਾਇਬ੍ਰੇਰੀ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਉੱਚ-ਗੁਣਵੱਤਾ ਵਾਲਾ ਡਿਜੀਟਾਈਜ਼ੇਸ਼ਨ, ਇਮੇਜ ਪ੍ਰੋਸੈਸਿੰਗ, ਮੈਟਾਡੇਟਾ ਤਿਆਰ ਕਰਨ ਅਤੇ ਓ.ਸੀ.ਆਰ. ਆਦਿ ਦਾ ਕੰਮ ਕਰੇਗੀ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਦੀ ਹਾਜ਼ਰੀ ਵਿੱਚ ਇਸ ਇਕਰਾਰਨਾਮੇ 'ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਰਜਿਸਟਰਾਰ ਪ੍ਰੋ. ਦਵਿੰਦਰ ਪਾਲ ਸਿੰਘ ਸਿੱਧੂ ਅਤੇ ਪੰਜਾਬ ਡਿਜੀਟਲ ਲਾਇਬ੍ਰੇਰੀ ਵੱਲੋਂ ਆਊਟਰੀਚ ਡਾਇਰੈਕਟਰ ਸ. ਦਲਵੀਰ ਸਿੰਘ ਨੇ ਦਸਤਖ਼ਤ ਕੀਤੇ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਇਸ ਇਕਰਾਰਨਾਮੇ ਦਾ ਮੁੱਖ ਮਕਸਦ ਯੂਨੀਵਰਸਿਟੀ ਦੇ ਦੁਰਲੱਭ ਖਜ਼ਾਨੇ ਦੀ ਡਿਜੀਟਾਈਜ਼ੇਸ਼ਨ, ਸੰਭਾਲ, ਮੈਟਾਡੇਟਾ ਤਿਆਰ ਕਰਨਾ ਅਤੇ ਇਸ ਤੱਕ ਨਿਯੰਤਰਿਤ ਡਿਜੀਟਲ ਪਹੁੰਚ ਯਕੀਨੀ ਬਣਾਉਣਾ ਹੈ। ਉਨ੍ਹਾਂ ਇਸ ਸਾਂਝ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਯੂਨੀਵਰਸਿਟੀ ਦੀ ਇਤਿਹਾਸਕ ਵਿਰਾਸਤ ਨੂੰ ਸੁਰੱਖਿਅਤ ਕਰਨ ਵੱਲ ਇੱਕ ਮੀਲ ਪੱਥਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਦੁਰਲੱਭ ਪੁਸਤਕਾਂ, ਹੱਥ-ਲਿਖਤਾਂ (ਪਾਂਡੂਲਿਪੀਆਂ), ਅਖ਼ਬਾਰਾਂ, ਰਸਾਲਿਆਂ, ਦਸਤਾਵੇਜ਼ੀ ਰਿਕਾਰਡ, ਤਸਵੀਰਾਂ, ਨਕਸ਼ਿਆਂ ਅਤੇ ਹੋਰ ਮਹੱਤਵਪੂਰਨ ਸਰੋਤਾਂ ਨੂੰ ਸੁਰੱਖਿਅਤ ਕੀਤਾ ਜਾਵੇਗਾ, ਜਿਸ ਨਾਲ ਅਕਾਦਮਿਕ ਅਤੇ ਖੋਜ ਕਾਰਜਾਂ ਨੂੰ ਵੱਡਾ ਹੁਲਾਰਾ ਮਿਲੇਗਾ।
ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਕੋਲ ਸਾਹਿਤਕ, ਇਤਿਹਾਸਕ, ਭਾਸ਼ਾਈ ਅਤੇ ਸੱਭਿਆਚਾਰਕ ਸਰੋਤਾਂ ਦਾ ਇੱਕ ਬੇਮਿਸਾਲ ਖਜ਼ਾਨਾ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਨਿਵੇਕਲੇ ਅਤੇ ਅਨਮੋਲ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਅਸਲ ਦਸਤਾਵੇਜ਼ਾਂ ਦੀ ਸੁਰੱਖਿਆ ਨੂੰ ਬਣਾਏ ਰੱਖਦੇ ਹੋਏ ਉਨ੍ਹਾਂ ਨੂੰ ਲੰਮੇ ਸਮੇਂ ਲਈ ਸੰਭਾਲਣ ਦਾ ਸਭ ਤੋਂ ਉੱਤਮ ਤਰੀਕਾ ਡਿਜੀਟਾਈਜ਼ੇਸ਼ਨ ਹੀ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਪੜਾਅ 'ਤੇ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਦੇ ਚੋਣਵੇਂ ਖਜ਼ਾਨੇ ਨੂੰ ਡਿਜੀਟਾਈਜ਼ੇਸ਼ਨ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਪੜਾਅਵਾਰ ਢੰਗ ਨਾਲ਼ ਯੂਨੀਵਰਸਿਟੀ ਦੀਆਂ ਹੋਰ ਲਾਇਬ੍ਰੇਰੀਆਂ, ਵਿਭਾਗਾਂ, ਮਿਊਜ਼ੀਅਮ, ਆਰਕਾਈਵਜ਼ ਅਤੇ ਖੋਜ ਕੇਂਦਰਾਂ ਤੱਕ ਇਸ ਦਾ ਵਿਸਥਾਰ ਕੀਤਾ ਜਾਵੇਗਾ।
ਉਪ-ਕੁਲਪਤੀ ਨੇ ਸਪਸ਼ਟ ਕੀਤਾ ਕਿ ਇਸ ਇਕਰਾਰਨਾਮੇ ਵਿੱਚ ਯੂਨੀਵਰਸਿਟੀ ਦੇ ਬੌਧਿਕ ਸੰਪਤੀ ਅਧਿਕਾਰਾਂ ਦੀ ਪੂਰੀ ਸੁਰੱਖਿਆ ਕੀਤੀ ਗਈ ਹੈ। ਅਸਲ ਦਸਤਾਵੇਜ਼ਾਂ ਦੀ ਮਲਕੀਅਤ, ਮਾਸਟਰ ਡਿਜੀਟਲ ਫਾਈਲਾਂ ਅਤੇ ਮੈਟਾਡੇਟਾ ਪੂਰੀ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੀ ਵਿਸ਼ੇਸ਼ ਸੰਪਤੀ ਰਹਿਣਗੇ। ਡਿਜੀਟਾਈਜ਼ ਕੀਤੀ ਸਮੱਗਰੀ ਨੂੰ ਜਨਤਕ ਕਰਨ ਜਾਂ ਆਨਲਾਈਨ ਉਪਲਬਧ ਕਰਵਾਉਣ ਲਈ ਯੂਨੀਵਰਸਿਟੀ ਦੀ ਲਿਖਤੀ ਮਨਜ਼ੂਰੀ ਲਾਜ਼ਮੀ ਹੋਵੇਗੀ। ਇਸ ਇਕਰਾਰਨਾਮੇ 'ਤੇ ਦਸਤਖ਼ਤ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਅਤੇ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਨੁਮਾਇੰਦੇ ਵੀ ਹਾਜ਼ਰ ਰਹੇ।