ਪੀਯੂ ਵਿਖੇ ਪੰਜ ਰੋਜ਼ਾ ਸਾਹਿਤ ਉਤਸਵ ਯਾਦਗਾਰੀ ਪੈੜਾਂ ਛੱਡਦਾ ਹੋਇਆ ਸੰਪੰਨ
ਪੀਯੂ ਵਿਖੇ ਪੰਜ ਰੋਜ਼ਾ ਸਾਹਿਤ ਉਤਸਵ ਯਾਦਗਾਰੀ ਪੈੜਾਂ ਛੱਡਦਾ ਹੋਇਆ ਸੰਪੰਨ
Publish Date: Sat, 04 Apr 2026 05:50 PM (IST)
Updated Date: Sat, 04 Apr 2026 05:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਤੇ ਸਾਹਿਤ ਸਭਾ ਵੱਲੋਂ 12ਵਾਂ ਪੁਸਤਕ ਮੇਲਾ ਤੇ ਸਾਹਿਤ ਉਤਸਵ 2026 ਆਪਣੀ ਅਮੀਰ ਸਾਹਿਤਕ ਰੰਗਤ ਬਿਖੇਰਦਾ ਹੋਇਆ ਸਫਲਤਾਪੂਰਵਕ ਸੰਪੰਨ ਹੋ ਗਿਆ। 30 ਮਾਰਚ ਤੋਂ 3 ਅਪ੍ਰੈਲ ਤੱਕ ਚੱਲੇ ਇਸ ਮੇਲੇ ਨੇ ਨਾ ਸਿਰਫ਼ ਪੁਸਤਕ ਪ੍ਰੇਮੀਆਂ ਦੀ ਭੀੜ ਜੁਟਾਈ, ਸਗੋਂ ਪੰਜਾਬੀ ਮਾਂ ਬੋਲੀ ਅਤੇ ਪੜ੍ਹਨ ਲਿਖਣ ਦੀ ਪ੍ਰਵਿਰਤੀ ਨੂੰ ਪ੍ਰਫੁੱਲਤ ਕਰਨ ’ਚ ਇਕ ਨਵਾਂ ਅਧਿਆਏ ਵੀ ਜੋੜਿਆ। ਵਿਦਾਇਗੀ ਸਮਾਰੋਹ ’ਚ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਪਹੁੰਚੀਆਂ ਹੋਈਆਂ ਸ਼ਖ਼ਸੀਅਤਾਂ ਦਾ ਹਾਰਦਿਕ ਸਵਾਗਤ ਕੀਤਾ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਕਿਹਾ ਕਿ ਪੰਜਾਬੀ ਵਿਭਾਗ ਵੱਲੋਂ ਸਾਹਿਤ ਉਤਸਵ ਨੇ ਵੱਡੀ ਪੱਧਰ ’ਤੇ ਪਾਠਕਾਂ, ਲਿਖਾਰੀਆਂ, ਵਿਦਵਾਨਾਂ ਅਤੇ ਅਕਾਦਮਿਕ ਸ਼ਖ਼ਸੀਅਤਾਂ ਨੂੰ ਆਪਣੇ ਨਾਲ ਜੋੜ ਕੇ ਯਾਦਗਾਰੀ ਕਾਰਜ ਕੀਤਾ ਹੈ। ਵਿਦਾਇਗੀ ਭਾਸ਼ਣ ਦਿੰਦਿਆਂ ਸ਼੍ਰੋਮਣੀ ਲੇਖਕ ਪ੍ਰਿੰ. ਸਰਵਣ ਸਿੰਘ ਨੇ ਕਿਹਾ ਕਿ ਪਿਛਲੇ ਪੰਜ ਦਿਨਾਂ ’ਚ ਹੋਈਆਂ ਗੋਸ਼ਟੀਆਂ, ਕਵੀ ਦਰਬਾਰ ਤੇ ਪੁਸਤਕ ਚਰਚਾਵਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਪਾਠਕ ਅੱਜ ਵੀ ਆਪਣੀ ਮਾਂ ਬੋਲੀ ਅਤੇ ਉੱਚ ਪਾਏ ਦੇ ਸਾਹਿਤ ਨਾਲ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ। ਵਿਸ਼ੇਸ਼ ਮਹਿਮਾਨ ਪ੍ਰੋਫੈਸਰ ਬਲਤੇਜ ਸਿੰਘ ਮਾਨ ਨੇ ਇਸ ਸਮਾਗਮ ਨੂੰ ਅਦਬ ਅਤੇ ਪੁਸਤਕ ਸੰਸਾਰ ਦੇ ਖ਼ੂਬਸੂਰਤ ਸੰਗਮ ਨਾਲ ਤੁਲਨਾ ਦਿੱਤੀ। ਅੱਜ ਦੇ ਦਿਨ ਦੀਆਂ ਵੱਖ ਵੱਖ ਬੈਠਕਾਂ ਵਿਚ ਪੰਜਾਬੀ ਗਲਪ ਵਿਚ ਪੰਜਾਬੀ ਬੰਦੇ ਦੀ ਘਾੜਤ ਦਾ ਸਵਾਲ ਵਿਸ਼ੇ ਤੇ ਮਰਹੂਮ ਗਲਪਕਾਰ ਡਾ. ਬਲਜੀਤ ਕੌਰ ਬੱਲੀ ਦੀ ਨਿੱਘੀ ਯਾਦ ਨੂੰ ਸਮਰਪਿਤ ਬੈਠਕ ’ਚ ਬਲਦੇਵ ਸਿੰਘ ਸੜਕਨਾਮਾ ਨੇ ਪਾਤਰਾਂ ਦੀ ਚੋਣ ਅਤੇ ਘਾੜਤ ਬਾਰੇ ਗੱਲ ਕਰਦਿਆਂ ਕਿਹਾ ਕਿ ਇੱਕ ਲੇਖਕ ਪਾਤਰਾਂ ਦੀ ਪਛਾਣ ਲੋਕ ਬੋਲੀ, ਮੁਹਾਵਰਿਆਂ ਅਤੇ ਅਖਾਣਾਂ ਰਾਹੀਂ ਕਰਦਾ ਹੈ। ਗਲਪਕਾਰ ਗ.ਸ. ਨਕਸ਼ਦੀਪ ਪੰਜਕੋਹਾ ਨੇ ਦੱਸਿਆ ਕਿ ਪੱਛਮੀ ਦੇਸ਼ਾਂ ’ਚ ਵਸਦੇ ਪੰਜਾਬੀ ਪਰਿਵਾਰਾਂ ਦੀਆਂ ਅਗਲੀਆਂ ਪੀੜ੍ਹੀਆਂ ਅਵੇਸਲੇਪਣ ਕਾਰਨ ਆਪਣੀਆਂ ਜੜ੍ਹਾਂ ਤੋਂ ਟੁੱਟ ਰਹੀਆਂ ਹਨ। ਇਸ ਬੈਠਕ ਦਾ ਸੰਚਾਲਨ ਡਾ. ਗੁਰਮੁਖ ਸਿੰਘ ਨੇ ਕੀਤਾ। ‘ਬਾਲ ਸਾਹਿਤ ਦਾ ਸੰਕਟ: ਗੁਣਵੱਤਾ ਜਾਂ ਘਾਟਾ?’ ਵਿਸ਼ੇ ਤੇ ਅਧਾਰਿਤ ਦੂਜੀ ਬੈਠਕ ਵਿਚ ‘ਬਾਲ ਸੰਦੇਸ਼ ਰਸਾਲੇ ਦੇ ਸੰਪਾਦਕ ਹਿਰਦੇਪਾਲ ਸਿੰਘ, ਡਾ. ਕੁਲਬੀਰ ਸਿੰਘ ਸੂਰੀ, ਡਾ. ਦਰਸ਼ਨ ਸਿੰਘ ਆਸ਼ਟ ਅਤੇ ਮਨਮੋਹਨ ਸਿੰਘ ਦਾਊਂ ਨੇ ਬਾਲ ਸਾਹਿਤ ਦੀਆਂ ਮੌਜੂਦਾ ਚੁਣੌਤੀਆਂ ’ਤੇ ਚਰਚਾ ਕੀਤੀ। ਇਸ ਬੈਠਕ ਦੇ ਸੰਚਾਲਕ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਸਨ।