ਫੀਸ ਵਾਧੇ ਖ਼ਿਲਾਫ਼ ਪੰਜਾਬੀ ਯੂਨੀਵਰਸਿਟੀ ਦਾ ਮਾਹੌਲ ਗਰਮਾਇਆ; ਪੀਐੱਸਯੂ ਵੱਲੋਂ ਵੀਸੀ ਦਫ਼ਤਰ ਦਾ ਘਿਰਾਓ ਕਰਨ ਦੀ ਚਿਤਾਵਨੀ ਪੰਜਾਬੀ ਯੂਨੀਵਰਸਿਟੀ ਵਿਖੇ ਨਵੇਂ ਵਿੱਦਿਅਕ ਸ਼ੈਸ਼ਨ 2026-27 ਦੌਰਾਨ ਹੋਸਟਲ ਤੇ ਵੱਖ-ਵੱਖ ਕੋਰਸਾਂ ਦੀਆਂ ਫੀਸਾਂ ਵਿਚ ਕੀਤੇ ਭਾਰੀ ਵਾਧੇ ਦੇ ਵਿਰੋਧ ਵਿਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਤਿੱਖੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ ਹੈ। ਜਥੇਬੰਦੀ ਨੇ ਅੱਜ ਯੂਨੀਵਰਸਿਟੀ ਕੈਂਪਸ 'ਚ ਮੀਟਿੰਗ ਕਰਨ ਉਪਰੰਤ ਆਉਂਦੀ 6 ਅਗਸਤ ਨੂੰ ਵਾਈਸ ਚਾਂਸਲਰ ਦਫ਼ਤਰ ਸਾਹਮਣੇ ਵਿਸ਼ਾਲ ਧਰਨਾ ਤੇ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ।
Publish Date: Tue, 28 Jul 2026 11:38 AM (IST)
Updated Date: Tue, 28 Jul 2026 11:39 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਨਵੇਂ ਵਿੱਦਿਅਕ ਸ਼ੈਸ਼ਨ 2026-27 ਦੌਰਾਨ ਹੋਸਟਲ ਤੇ ਵੱਖ-ਵੱਖ ਕੋਰਸਾਂ ਦੀਆਂ ਫੀਸਾਂ ਵਿਚ ਕੀਤੇ ਭਾਰੀ ਵਾਧੇ ਦੇ ਵਿਰੋਧ ਵਿਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਤਿੱਖੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ ਹੈ। ਜਥੇਬੰਦੀ ਨੇ ਅੱਜ ਯੂਨੀਵਰਸਿਟੀ ਕੈਂਪਸ 'ਚ ਮੀਟਿੰਗ ਕਰਨ ਉਪਰੰਤ ਆਉਂਦੀ 6 ਅਗਸਤ ਨੂੰ ਵਾਈਸ ਚਾਂਸਲਰ ਦਫ਼ਤਰ ਸਾਹਮਣੇ ਵਿਸ਼ਾਲ ਧਰਨਾ ਤੇ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ।
ਜਥੇਬੰਦੀ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਹੋਸਟਲ ਫੀਸਾਂ ਵਿੱਚ 30 ਪ੍ਰਤੀਸ਼ਤ ਤੋਂ ਲੈ ਕੇ 43 ਪ੍ਰਤੀਸ਼ਤ ਤੱਕ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਯੂਸੀਓਈ ਹੋਸਟਲ ਦੀ ਫੀਸ 10,120 ਰੁਪਏ ਤੋਂ ਵਧ ਕੇ 13,200 ਰੁਪਏ ਅਤੇ ਬਾਕੀ ਹੋਸਟਲਾਂ ਦੀ ਫੀਸ 4,620 ਰੁਪਏ ਤੋਂ ਵਧ ਕੇ 6,600 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ ਫਿਲਮਮੇਕਿੰਗ ਦੇ ਕੋਰਸ ਅਤੇ ਹੋਟਲ ਮੈਨੇਜਮੈਂਟ 'ਚ ਵਾਧੇ ਸਮੇਤ ਗ੍ਰੈਜੂਏਸ਼ਨ ਅਤੇ ਮਾਸਟਰਜ਼ ਦੇ ਲਗਭਗ ਹਰ ਕੋਰਸ ਦੀਆਂ ਫੀਸਾਂ ਵਿੱਚ ਹਜ਼ਾਰਾਂ ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਆਗੂਆਂ ਨੇ ਸਰਕਾਰ ਦੀਆਂ ਨੀਤੀਆਂ 'ਤੇ ਸਵਾਲ ਚੁੱਕਦਿਆਂ ਕਿਹਾ ਕਿ 1990-91 ਵਿੱਚ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ 81.17 ਪ੍ਰਤੀਸ਼ਤ ਗ੍ਰਾਂਟ ਦਿੱਤੀ ਜਾਂਦੀ ਸੀ, ਜੋ ਹੁਣ ਘਟ ਕੇ ਮਹਿਜ਼ 51.17 ਪ੍ਰਤੀਸ਼ਤ ਰਹਿ ਗਈ ਹੈ।
ਗ੍ਰਾਂਟਾਂ ਵਿੱਚ ਕਟੌਤੀ ਕਰਕੇ ਅਤੇ ਫੀਸਾਂ ਵਧਾ ਕੇ ਗਰੀਬ ਤੇ ਕਿਰਤੀ ਪਰਿਵਾਰਾਂ ਦੇ ਬੱਚਿਆਂ ਤੋਂ ਉੱਚ ਸਿੱਖਿਆ ਦਾ ਹੱਕ ਖੋਹਿਆ ਜਾ ਰਹਾ ਹੈ। ਵਿਦਿਆਰਥੀ ਜਥੇਬੰਦੀ ਦੀ ਮੰਗ ਹੈ ਕਿ ਵਧਾਈਆਂ ਗਈਆਂ ਹੋਸਟਲ ਅਤੇ ਕੋਰਸ ਫੀਸਾਂ ਨੂੰ ਤੁਰੰਤ ਵਾਪਸ ਲਿਆ ਜਾਵੇ। ਪੁਰਾਣੇ ਹੋਸਟਲਾਂ ਦੀ ਮੁਰੰਮਤ ਕਰਵਾਈ ਜਾਵੇ ਅਤੇ ਨਵੇਂ ਹੋਸਟਲਾਂ ਤੇ ਕਲਾਸ ਰੂਮਾਂ ਦੀ ਉਸਾਰੀ ਕੀਤੀ ਜਾਵੇ। ਖਾਲੀ ਪਈਆਂ ਅਸਾਮੀਆਂ 'ਤੇ ਨਵੇਂ ਪ੍ਰੋਫੈਸਰਾਂ ਦੀ ਪੱਕੀ ਭਰਤੀ ਕੀਤੀ ਜਾਵੇ। ਸਰਕਾਰ ਯੂਨੀਵਰਸਿਟੀ ਨੂੰ 6 ਪ੍ਰਤੀਸ਼ਤ ਸਾਲਾਨਾ ਵਾਧੇ ਨਾਲ ਗ੍ਰਾਂਟ ਦੇਵੇ ਅਤੇ ਯੂਨੀਵਰਸਿਟੀ 'ਤੇ ਚੜ੍ਹਿਆ 150 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰੇ। ਇਸ ਮੀਟਿੰਗ ’ਚ ਜਥੇਬੰਦੀ ਦੇ ਪ੍ਰਧਾਨ ਹਰਪ੍ਰੀਤ ਸਿੰਘ, ਸਕੱਤਰ ਦਿਲਪ੍ਰੀਤ ਕੌਰ, ਮੌਸਮ ਗੋਰਸੀ ਅਤੇ ਸੰਜੂ ਕੁਮਾਰ ਸਮੇਤ ਹੋਰ ਆਗੂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।