ਪੀਯੂ ਵੱਲੋਂ ਪੰਜਾਬੀ ਅੰਗਰੇਜ਼ੀ ਕੋਸ਼ ਦੀ ਐਂਡਰਾਇਡ ਐਪ ਜਾਰੀ
ਪੀਯੂ ਵੱਲੋਂ ਪੰਜਾਬੀ ਅੰਗਰੇਜ਼ੀ ਕੋਸ਼ ਦੀ ਐਂਡਰਾਇਡ ਐਪ ਜਾਰੀ
Publish Date: Sat, 21 Feb 2026 06:35 PM (IST)
Updated Date: Sat, 21 Feb 2026 06:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੰਜਾਬੀ ਮਾਤ ਭਾਸ਼ਾ ਦਿਵਸ ਦੇ ਸੁਅਵਸਰ ‘ਤੇ ਪੰਜਾਬੀ–ਅੰਗਰੇਜ਼ੀ ਕੋਸ਼ ਦੀ ਐਂਡਰੌਇਡ ਮੋਬਾਈਲ ਐਪ ਲੋਕ ਅਰਪਣ ਕੀਤੀ ਗਈ। ਇਹ ਐਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਖੋਜ ਕੇਂਦਰ ਵੱਲੋਂ ਤਿਆਰ ਕੀਤੀ ਗਈ ਹੈ। ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਐਪ ਨੂੰ ਲੋਕ ਅਰਪਣ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਤਕਨਾਲੋਜੀ ਨਾਲ ਜੋੜਨਾ ਸਮੇਂ ਦੀ ਲੋੜ ਹੈ ਅਤੇ ਇਹ ਐਪ ਉਸੇ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਰਾਲਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਐਪ ਵਿਦਿਆਰਥੀਆਂ, ਅਧਿਆਪਕਾਂ, ਖੋਜਕਾਰਾਂ, ਲੇਖਕਾਂ, ਭਾਰਤ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਾਸ਼ਾ-ਪ੍ਰੇਮੀਆਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗੀ। ਇਹ ਐਪ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਪ੍ਰਕਾਸ਼ਿਤ ਪੰਜਾਬੀ–ਅੰਗਰੇਜ਼ੀ ਕੋਸ਼ ਦੇ 2002 ਵਾਲੇ ਸੰਸਕਰਣ ‘ਤੇ ਆਧਾਰਿਤ ਹੈ। ਇਸ ਐਪ ਵਿੱਚ 35679 ਮੂਲ ਸ਼ਬਦ ਅਤੇ 129834 ਸ਼ਬਦ-ਰੂਪ ਉਪਲਬਧ ਹਨ। ਆਪਣੀ ਕਿਸਮ ਦੀ ਇਹ ਪਹਿਲੀ ਐਪ ਪੰਜਾਬੀ ਸ਼ਬਦਾਂ ਨੂੰ ਗੁਰਮੁਖੀ ਅਤੇ ਸ਼ਾਹਮੁਖੀ ਦੋਵਾਂ ਲਿਪੀਆਂ ਵਿੱਚ ਵਿਆਪਕ ਰੂਪ ਵਿੱਚ ਖੋਜਣ ਦੇ ਸਮਰੱਥ ਹੈ। ਇਹ ਹਰੇਕ ਸ਼ਬਦ ਲਈ ਸਹੀ ਉਚਾਰਨ ਪ੍ਰਦਾਨ ਕਰਦੀ ਹੈ ਅਤੇ ਲਚਕਦਾਰ ਵਿਅੰਜਨ-ਅਧਾਰਿਤ ਖੋਜ ਦੀ ਸਹੂਲਤ ਦਿੰਦੀ ਹੈ, ਜਿਸ ਨਾਲ ਉਪਭੋਗਤਾ ਲਗਾਂ-ਮਾਤਰਾਂ ਲਗਾਏ ਬਿਨਾਂ ਵੀ ਸ਼ਬਦ ਲੱਭ ਸਕਦੇ ਹਨ। ਇਸ ਤੋਂ ਇਲਾਵਾ, ਇਹ ਐਪ ਅੰਗਰੇਜ਼ੀ ਅਰਥਾਂ ਰਾਹੀਂ ਵੀ ਸ਼ਬਦਾਂ ਦੀ ਖੋਜ ਕਰਨ ਦੀ ਸਹੂਲਤ ਦਿੰਦੀ ਹੈ। ਇਸ ਪ੍ਰਾਜੈਕਟ ਦੀ ਸੰਕਲਪਨਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਖੋਜ ਕੇਂਦਰ ਦੇ ਸੰਸਥਾਪਕ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਲਹਿਲ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਅੰਗਰੇਜ਼ੀ ਕੋਸ਼ ਨੂੰ ਡਿਜਿਟਲ ਰੂਪ ਦਿੱਤਾ ਸੀ। ਇਸ ਐਪ ਨੂੰ ਤਿਆਰ ਕਰਨ ਵਿੱਚ ਡਾ. ਗੁਰਪ੍ਰੀਤ ਸਿੰਘ ਲਹਿਲ ਦੇ ਨਾਲ-ਨਾਲ ਵਰਤਮਾਨ ਡਾਇਰੈਕਟਰ ਡਾ. ਧਰਮਵੀਰ ਸ਼ਰਮਾ ਦੀ ਅਗਵਾਈ ਹੇਠ ਟੀਮ ਜਿਸ ਵਿੱਚ ਡਾ. ਹਰਵਿੰਦਰਪਾਲ ਕੌਰ (ਮੁਖੀ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ), ਡਾ. ਤੇਜਿੰਦਰ ਸਿੰਘ ਸੈਣੀ, ਡਾ. ਅੰਕੁਰ ਰਾਣਾ, ਰਮਨਦੀਪ ਕੌਰ ਚਹਿਲ, ਰਾਕੇਸ਼ ਦਾਵੜਾ, ਡਾ. ਜਸਪਾਲ ਸਿੰਘ ਅਤੇ ਤਨਵੀਰ ਅਖ਼ਤਰ ਨੇ ਇਸ ਨੂੰ ਤਿਆਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਪੰਜਾਬੀ ਮਾਤ ਭਾਸ਼ਾ ਦਿਵਸ ਦੇ ਮੌਕੇ ‘ਤੇ ਜਾਰੀ ਕੀਤੀ ਗਈ ਇਹ ਐਪ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਵੱਲ ਨਵਾਂ ਮੀਲ ਪੱਥਰ ਸਾਬਤ ਹੋਵੇਗੀ।