- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਭਾਸ਼ਾ ਨੂੰ ਅੰਦਰੋਂ ਅਤੇ ਬਾਹਰੋਂ ਬਣਿਆ ਖ਼ਤਰਾ, ਸਰਕਾਰਾਂ ਸੰਜੀਦਾ ਨਹੀਂ : ਪ੍ਰੋ. ਬਡੂੰਗਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਵਿਸ਼ਵ ਪੰਜਾਬੀ ਦਿਵਸ ’ਤੇ ਸਮੂਹ ਪੰਜਾਬੀਆਂ ਨੂੰ ਜਿਥੇ ਮੁਬਾਰਕਬਾਦ ਦਿੱਤੀ ਹੈ, ਉਥੇ ਹੀ ਪੰਜਾਬੀ ਭਾਸ਼ਾ ਨਾਲ ਹੋ ਰਹੇ ਵਿਤਕਰੇ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਪ੍ਰਤੀ ਸਰਕਾਰਾਂ ਕਦੇ ਵੀ ਸੰਜੀਦਾ ਨਹੀਂ ਹੋ ਸਕੀਆਂ, ਜਿਸ ਕਰਕੇ ਪੰਜਾਬੀ ਭਾਸ਼ਾ ਨੂੰ ਅੰਦਰੋਂ ਅਤੇ ਬਾਹਰੋਂ ਖਤਰਾ ਬਣਿਆ ਹੋਇਆ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਬੜਾ ਅਫਸੋਸ ਹੁੰਦਾ, ਜਦੋਂ ਪੰਜਾਬੀ ਭਾਸ਼ਾ ਨੂੰ ਅਨਪੜਾਂ ਦੀ ਭਾਸ਼ਾ ਕਹਿ ਕੇ ਭੰਡਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਅਧਿਆਪਕ ਵੀ ਆਧੁਨਿਕਵਾਦ ਦਾ ਸ਼ਿਕਾਰ ਹੋ ਕੇ ਅੰਗਰੇਜ਼ੀ ਅਤੇ ਹੋਰ ਪਾਸ਼ਾਵਾਂ ਲਿਖਣ ਤੇ ਬੋਲਣ ਨਾਲ ਕੋਝਾ ਮਜ਼ਾਕ ਕਰ ਰਹੇ ਹਨ ਅਤੇ ਆਪਣੇ ਹੀ ਸ਼ਾਨਾਮੱਤੇ ਵਿਰਸ਼ੇ ਨੂੰ ਸੱਟ ਮਾਰ ਰਹੇ ਹਨ. ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੀ ਲਿਪੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਵੱਲੋਂ ਇਜ਼ਾਦ ਕੀਤੀ ਗਈ, ਜੋ ਪੰਜਾਬੀ ਪ੍ਰੇਮੀਆਂ ਅਤੇ ਭਾਸ਼ਾ ਵਿਗਿਆਨੀ ਲਈ ਇਕ ਵੱਡੀ ਦਾਤ ਹੈ। ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬੀ ਭਾਸ਼ਾ ’ਤੇ ਹੋ ਰਹੇ ਹਮਲਿਆਂ ਨੂੰ ਸੁਚੇਤ ਰਹਿ ਕੇ ਰੋਕਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਵਿਰੋਧੀ ਫੈਸਲੇ ਲਏ ਅਤੇ ਬਾਅਦ ਵਿਚ ਯੂਟਰਨ ਵੀ ਲਏ. ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅੰਦਰ ਵੀ ਪੰਜਾਬੀ ਭਾਸ਼ਾ ਪ੍ਰਤੀ ਗਲਤ ਫੈਸਲੇ ਹੋਏ ਅਤੇ ਵਿਦਿਆਰਥੀਆਂ ਦੇ ਰੋਸ ਅੱਗੇ ਫੈਸਲੇ ਵਾਪਸ ਲਏ ਗਏ। ਉਨ੍ਹਾਂ ਕਿਹਾ ਕਿ ਹਰ ਕੌਮ ਦੀ ਹੋਂਦ, ਨਿਆਰਪਣ, ਸੱਭਿਆਚਾਰ ਦਾ ਆਧਾਰ ਉਸ ਦੀ ਮਾਤ ਭਾਸ਼ਾ ਹੁੰਦੀ ਅਤੇ ਅਜਿਹੇ ਵਿਚ ਪੰਜਾਬੀ ਪ੍ਰੇਮੀਆਂ ਨੂੰ ਭਾਸ਼ਾ ਅਤੇ ਸੱਭਿਆਚਾਰ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ।