- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੰਜਾਬੀ ਭਾਸ਼ਾ ਦੀਆਂ ਸਰਬੋਤਮ ਪੁਸਤਕ ਪੁਰਸਕਾਰਾਂ-2026 ਦਾ ਐਲਾਨ ਕਰ ਦਿੱਤਾ ਗਿਆ ਹੈ। ਸਾਲ 2025 ’ਚ ਪ੍ਰਕਾਸ਼ਿਤ ਵੱਖ-ਵੱਖ ਵਿਧਾਵਾਂ ਦੀਆਂ 282 ਪੁਸਤਕਾਂ ’ਚੋਂ 10 ਸਰਬੋਤਮ ਪੁਸਤਕਾਂ ਦੀ ਚੋਣ ਕੀਤੀ ਗਈ ਹੈ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੰਜਾਬੀ ਭਾਸ਼ਾ ਦੀਆਂ ਸਰਬੋਤਮ ਪੁਸਤਕ ਪੁਰਸਕਾਰਾਂ-2026 ਦਾ ਐਲਾਨ ਕਰ ਦਿੱਤਾ ਗਿਆ ਹੈ। ਸਾਲ 2025 ’ਚ ਪ੍ਰਕਾਸ਼ਿਤ ਵੱਖ-ਵੱਖ ਵਿਧਾਵਾਂ ਦੀਆਂ 282 ਪੁਸਤਕਾਂ ’ਚੋਂ 10 ਸਰਬੋਤਮ ਪੁਸਤਕਾਂ ਦੀ ਚੋਣ ਕੀਤੀ ਗਈ ਹੈ। ਪੁਰਸਕਾਰ ਨਵੰਬਰ 2026 ਦੇ ਪਹਿਲੇ ਹਫ਼ਤੇ ਪੰਜਾਬੀ ਮਹੀਨੇ ਦੇ ਸੂਬਾ ਪੱਧਰੀ ਉਦਘਾਟਨੀ ਸਮਾਗਮ ਦੌਰਾਨ ਭਾਸ਼ਾ ਭਵਨ, ਪਟਿਆਲਾ ਵਿਖੇ ਪ੍ਰਦਾਨ ਕੀਤੇ ਜਾਣਗੇ।
ਡਾਇਰੈਕਟਰ ਭਾਸ਼ਾ ਵਿਭਾਗ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਵੱਖ-ਵੱਖ ਖੇਤਰਾਂ ਦੇ ਵਿਸ਼ਾ ਮਾਹਿਰਾਂ ਤੋਂ ਪੁਸਤਕਾਂ ਦਾ ਮੁਲਾਂਕਣ ਕਰਵਾਉਣ ਮਗਰੋਂ ਸਰਬੋਤਮ ਪੁਸਤਕਾਂ ਦੀ ਚੋਣ ਕੀਤੀ ਗਈ। ਹਰ ਪੁਰਸਕਾਰ ਜੇਤੂ ਨੂੰ 31 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ, ਦੋਸ਼ਾਲਾ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਜਾਵੇਗਾ।
ਇਨ੍ਹਾਂ ਲੇਖਕਾਂ ਨੂੰ ਮਿਲਣਗੇ ਪੁਰਸਕਾਰ
ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ਸਵੈ-ਜੀਵਨੀ/ਯਾਦਾਂ/ਰੇਖਾ ਚਿੱਤਰ) ਡਾ. ਰਣਜੀਤ ਸਿੰਘ ਦੀ ਪੁਸਤਕ ‘ਕੋਈ ਨਾਉ ਨਾ ਜਾਣੈ ਮੇਰਾ (ਆਪ ਬੀਤੀਆਂ)’ ਨੂੰ ਮਿਲੇਗਾ। ਨਾਨਕ ਸਿੰਘ ਪੁਰਸਕਾਰ (ਨਾਵਲ) ਜਸਪਾਲ ਮਾਨਖੇੜਾ ਦੀ ‘ਹਵੇਲੀਆਲ਼ਾ’ ਅਤੇ ਪ੍ਰਿੰ. ਸੁਜਾਨ ਸਿੰਘ ਪੁਰਸਕਾਰ (ਕਹਾਣੀ/ਮਿੰਨੀ ਕਹਾਣੀ ਸੰਗ੍ਰਹਿ) ਭੁਪਿੰਦਰ ਸਿੰਘ ਮਾਨ ਦੀ ‘ਲਾਲ ਰੱਤਾ’ ਨੂੰ ਦਿੱਤਾ ਜਾਵੇਗਾ।
ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ/ਸਫ਼ਰਨਾਮਾ/ਵਿਅੰਗ) ਅਜੈ ਤਨਵੀਰ ਦੀ ‘ਜਾਦੂਨਗਰੀ ਦੇ ਜਾਦੂਗਰ’, ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਪੁਰਸਕਾਰ (ਕਵਿਤਾ) ਡਾ. ਨਵਦੀਪ ਕੌਰ ਦੀ ‘ਅਹਿਲਿਆ’ ਅਤੇ ਈਸ਼ਵਰ ਚੰਦਰ ਨੰਦਾ ਪੁਰਸਕਾਰ (ਨਾਟਕ/ਇਕਾਂਗੀ) ਕੁਲਬੀਰ ਮਲਿਕ ਦੀ ‘ਡਾਕ ਨਿੱਤ ਆਵੇਗੀ...’ ਨੂੰ ਮਿਲੇਗਾ।
ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ) ਜੰਗ ਬਹਾਦੁਰ ਗੋਇਲ ਦੀ ‘ਜੰਗਲ ਤੋਂ ਪਾਰ (ਸੀਤਾ ਰਤਨਾਮਲ)’, ਐੱਮਐੱਸ ਰੰਧਾਵਾ ਪੁਰਸਕਾਰ (ਗਿਆਨ ਸਾਹਿਤ/ਸੰਪਾਦਨ) ਪ੍ਰਿੰ. ਲਵਲੀ ਸ. ਪੰਨੂ ਦੀ ‘ਪੁਆਧੀ ਲੋਕ-ਕਾਵਿ (ਟੱਪੇ ਅਤੇ ਜੱਕੜੀਆਂ)’ ਨੂੰ ਦਿੱਤਾ ਜਾਵੇਗਾ।
ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ) ਹਰੀ ਕ੍ਰਿਸ਼ਨ ਮਾਇਰ ਦੀ ‘ਪਲਾਸਟਿਕ ਦਾ ਡੱਡੂ’ ਅਤੇ ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ/ਖੋਜ) ਡਾ. ਧਰਮ ਸਿੰਘ ਦੀ ‘ਪ੍ਰਗਟ ਭਏ ਗੁਰ ਤੇਗ ਬਹਾਦਰ’ ਨੂੰ ਮਿਲੇਗਾ।
ਜ਼ਫ਼ਰ ਨੇ ਦੱਸਿਆ ਕਿ ਪੰਜਾਬੀ ਮਹੀਨੇ ਦੇ ਸਮਾਗਮਾਂ ਦੌਰਾਨ ਵੱਖ-ਵੱਖ ਭਾਸ਼ਾਵਾਂ ਦੇ ਸਰਬੋਤਮ ਪੁਸਤਕ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਹਿੰਦੀ, ਉਰਦੂ ਅਤੇ ਸੰਸਕ੍ਰਿਤ ਦੇ ਪੁਰਸਕਾਰਾਂ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ।