ਪੰਜਾਬ ਬੰਦ ਨੂੰ ਭਰਵਾਂ ਸਮਰਥਨ, ਸ਼ਹਿਰ ’ਚ ਪੱਸਰਿਆ ਸੰਨਾਟਾ ਪੰਜਾਬ ਬੰਦ ਨੂੰ ਬਨੂੜ ਵਿੱਚ ਭਰਵਾਂ ਸਮਰਥਨ, ਬਾਜ਼ਾਰ ਬੰਦ ਰਹਿਣ ਨਾਲ ਸ਼ਹਿਰ ਵਿੱਚ ਪਸਰਿਆ ਸੰਨਾਟਾ
Publish Date: Thu, 30 Jul 2026 06:20 PM (IST)
Updated Date: Fri, 31 Jul 2026 04:10 AM (IST)
ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਬਰਨਾਲਾ ਵਿੱਚ ਆਪਣੀਆਂ ਹੱਕੀ ਮੰਗਾਂ ਲਈ ਰੋਸ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੇ ਵਿਰੋਧ ਵਿੱਚ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਬਨੂੜ ਵਿੱਚ ਭਰਵਾਂ ਸਮਰਥਨ ਮਿਲਿਆ। ਸ਼ਹਿਰ ਦੇ ਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ, ਜਦਕਿ ਰੇਹੜੀ-ਫੜੀ, ਸਬਜ਼ੀ, ਦੁੱਧ ਅਤੇ ਮਠਿਆਈ ਦੇ ਕਾਰੋਬਾਰੀਆਂ ਨੇ ਵੀ ਸਵੈਇੱਛਾ ਨਾਲ ਦੁਕਾਨਾਂ ਬੰਦ ਰੱਖ ਕੇ ਸਫ਼ਾਈ ਸੇਵਕਾਂ ਨਾਲ ਏਕਤਾ ਪ੍ਰਗਟਾਈ। ਬਾਜ਼ਾਰ ਬੰਦ ਰਹਿਣ ਕਾਰਨ ਸ਼ਹਿਰ ਵਿੱਚ ਦਿਨ ਭਰ ਸੰਨਾਟਾ ਪੱਸਰਿਆ ਰਿਹਾ। ਸਵੇਰੇ ਨਗਰ ਕੌਂਸਲ ਦਫ਼ਤਰ ਵਿਖੇ ਯੂਨੀਅਨ ਪ੍ਰਧਾਨ ਰੋਹਿਤ ਕੁਮਾਰ ਨਿੱਕੂ ਦੀ ਅਗਵਾਈ ਹੇਠ ਸਫ਼ਾਈ ਕਰਮਚਾਰੀ ਇਕੱਠੇ ਹੋਏ। ਇਸ ਮੌਕੇ ਕਿਸਾਨ ਜਥੇਬੰਦੀਆਂ, ਵਪਾਰ ਮੰਡਲ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਰੋਸ ਮਾਰਚ ਕੱਢਿਆ ਅਤੇ ਸੂਬਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਕਿਰਪਾਲ ਸਿੰਘ ਸਿਆਊ, ਸਰਪੰਚ ਲਖਵਿੰਦਰ ਸਿੰਘ ਕਰਾਲਾ, ਜਗਜੀਤ ਸਿੰਘ ਜੱਗੀ ਕਰਾਲਾ, ਗੁਰਦੀਪ ਸਿੰਘ ਕਨੌੜ, ਸੀਪੀਐੱਮ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਸਤਪਾਲ ਸਿੰਘ ਰਾਜੋ ਮਾਜਰਾ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਨਿਰਮਲ ਸਿੰਘ ਸੇਖਣ ਮਾਜਰਾ, ਅਵਤਾਰ ਸਿੰਘ ਮਨੌਲੀ, ਗੁਰਪ੍ਰੀਤ ਸਿੰਘ ਸੇਖਣ ਮਾਜਰਾ, ਜੋਰਾ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਜੀਵਨ ਕੁਮਾਰ ਅਤੇ ਹਰਨੇਕ ਸਿੰਘ ਨੰਡਿਆਲੀ ਨੇ ਬਰਨਾਲਾ ਲਾਠੀਚਾਰਜ ਦੀ ਨਿੰਦਾ ਕਰਦਿਆਂ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕਰਨ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਬੁਲਾਰਿਆਂ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ, ਕਿਸਾਨਾਂ, ਮਜ਼ਦੂਰਾਂ ਤੇ ਹੋਰ ਵਰਗਾਂ ਦੀਆਂ ਜਾਇਜ਼ ਮੰਗਾਂ ਨੂੰ ਲਾਠੀਚਾਰਜ ਨਾਲ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਬਰਨਾਲਾ ਦੇ ਪੀੜਤ ਸਫ਼ਾਈ ਕਰਮਚਾਰੀਆਂ ਨੂੰ ਇਨਸਾਫ਼ ਨਹੀਂ ਮਿਲਦਾ, ਸੰਘਰਸ਼ ਜਾਰੀ ਰਹੇਗਾ ਤੇ ਸਾਰੀਆਂ ਜਥੇਬੰਦੀਆਂ ਉਨ੍ਹਾਂ ਦੇ ਨਾਲ ਡਟ ਕੇ ਖੜ੍ਹੀਆਂ ਰਹਿਣਗੀਆਂ। ਇਸ ਮੌਕੇ ਰਾਜੇਸ਼ ਕੁਮਾਰ, ਦਲੀਪ ਕੁਮਾਰ, ਰੋਹਿਤ ਮੱਟੂ, ਲੱਖੀ, ਵੀਰ ਚੰਦ ਗੀਂਗੀ, ਮੁਕੇਸ਼ ਕੁਮਾਰ, ਬਿਕਰਮਜੀਤ ਵਿੱਕੀ, ਦੀਪਕ ਕੁਮਾਰ, ਧਰਮਿੰਦਰ ਕੁਮਾਰ, ਲੱਕੀ ਕੁਮਾਰ, ਪਵਨ ਕੁਮਾਰ, ਜੋਨੀ ਕੁਮਾਰ, ਸੋਮਾ ਦੇਵੀ, ਗੀਤਾ ਰਾਣੀ, ਸਾਮੋਂ ਦੇਵੀ, ਕਮਲੇਸ਼ ਰਾਣੀ, ਸੱਤਿਆ ਦੇਵੀ, ਨੀਲਮ ਰਾਣੀ, ਰਜੇਸ਼ ਖੰਨਾ, ਦਲੀਪ ਕੁਮਾਰ, ਰਜੇਸ਼ ਬਿੱਲੂ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੋਜੂਦ ਸਨ।