
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਬੰਦ ਨੂੰ ਪਟਿਆਲਾ ਜ਼ਿਲ੍ਹੇ ਵਿੱਚ ਭਰਵਾਂ ਹੁੰਗਾਰਾ, ਬਾਜ਼ਾਰ ਤੇ ਕਾਰੋਬਾਰੀ ਅਦਾਰੇ ਬੰਦ

ਪਰਗਟ ਸਿੰਘ•, ਪੰਜਾਬੀ ਜਾਗਰਣ, •ਪਟਿਆਲਾ : ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੇ ਸੰਘਰਸ਼ ਤਹਿਤ ਕੌਮੀ ਇਨਸਾਫ਼ ਮੋਰਚੇ ਵੱਲੋਂ ਸ਼ੁੱਕਰਵਾਰ (21 ਅਗਸਤ) ਦੇ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਪਟਿਆਲਾ ਸ਼ਹਿਰ ਸਮੇਤ ਪੂਰੇ ਜ਼ਿਲ੍ਹੇ ਵਿਚ ਭਰਵਾਂ ਸਮਰਥਨ ਮਿਲਿਆ। ਬੰਦ ਦੇ ਸੱਦੇ ਦੇ ਮੱਦੇਨਜ਼ਰ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਦੁਕਾਨਾਂ ਤੇ ਹੋਰ ਵਪਾਰਕ ਅਦਾਰੇ ਬੰਦ ਰਹੇ। ਇਸੇ ਤਰ੍ਹਾਂ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਵਿਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਤੇ ਕਸਬਿਆਂ ਅੰਦਰ ਵੀ ਦੁਕਾਨਾ ਆਦਿ ਬੰਦ ਰਹੀਆਂ। ਜ਼ਿਲ੍ਹੇ ’ਚ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਵੀ ਬੰਦ ਰਹੀਆਂ। ਇਸ ਦੌਰਾਨ ਬੰਦ ਦਾ ਕਿਸਾਨ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਸਮਾਜਿਕ ਤੇ ਸਿਆਸੀ ਜਥੇਬੰਦੀਆਂ ਵੱਲੋਂ ਪੂਰਾ ਸਮਰਥਨ ਦਿੱਤਾ ਗਿਆ। ਬੰਦ ਦੇ ਸੱਦੇ ਤਹਿਤ ਸਵੇਰ 7 ਵਜੇ ਤੋਂ ਦੁਪਹਿਰ ਦੋ ਵਜੇ ਤੱਕ ਦੁਕਾਨਾਂ, ਵਪਾਰਕ ਮਾਲ, ਤੇ ਹੋਰ ਸੰਸਥਾਵਾਂ ਲਗਪਗ ਬੰਦ ਰਹੀਆਂ। ਜ਼ਿਆਦਾਤਰ ਥਾਵਾਂ ’ਤੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਨੇ ਆਪਣੇ ਪੱਧਰ ’ਤੇ ਹੀ ਦੁਕਾਨਾਂ ਬੰਦ ਰੱਖ ਕੇ ਬੰਦ ਦੇ ਸੱਦੇ ਨੂੰ ਸਮਰਥਨ ਕੀਤਾ। ਕੁਝ ਥਾਵਾਂ ’ਤੇ ਕੌਮੀ ਇਨਸਾਫ਼ ਮੋਰਚੇ ਦੇ ਨੁਮਾਇੰਦਿਆਂ ਤੇ ਸਮਰਥਕ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਲੋਕਾਂ ਨੂੰ ਬੰਦ ਦੇ ਸੱਦੇ ਦਾ ਸਮਰਥਨ ਕਰਨ ਦੀ ਅਪੀਲ ਵੀ ਕੀਤੀ ਗਈ। ਉਨ੍ਹਾਂ ਵੱਲੋਂ ਬਾਜ਼ਾਰਾਂ ਵਿਚ ਜਾ ਕੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ। ਦੋ ਵਜੇ ਤੋਂ ਬਾਅਦ ਦੁਕਾਨਾਂ ਖੁੱਲ੍ਹੀਆਂ ਤੇ ਆਵਾਜਾਈ ਵੀ ਬਹਾਲ ਹੋਈ। ਸ਼ਹਿਰ ਦੇ ਨਵੇ ਬੱਸ ਸਟੈਂਡ ਤੇ ਮੋਰਚੇ ਦੇ ਆਗੂਆਂ ਵੱਲੋਂ ਆਵਾਜਾਈ ਬੰਦ ਕਰਵਾਈ ਗਈ ਤੇ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ, ਜਿਸ ਦੌਰਾਨ ਕੁਝ ਰਾਹਗੀਰਾਂ ਵੱਲੋ ਜ਼ਬਰਦਸਤੀ ਲੰਘਣ ਨਾਲ ਕਿਹਾ ਸੁਣੀ ਵੀ ਹੋਈ। ਬੰਦ ਦੌਰਾਨ ਭਾਈ ਜਗਤਾਰ ਸਿੰਘ ਦੇ ਪਿਤਾ ਗੁਰਚਰਨ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ ਅਤੇ ਇਸ ਸੰਘਰਸ਼ ਨੂੰ ਸ਼ਾਂਤਮਈ ਢੰਗ ਨਾਲ ਅੱਗੇ ਵਧਾਇਆ ਜਾਵੇ।
ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਨੂੰ ਹੋਰ ਲੰਮਾ ਸਮਾਂ ਜੇਲ੍ਹਾਂ ਵਿਚ ਬੰਦ ਰੱਖਣਾ ਇਨਸਾਫ਼ ਦੇ ਸਿਧਾਂਤਾਂ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਇਸ ਮਸਲੇ ’ਤੇ ਸੰਜੀਦਗੀ ਦਿਖਾਉਂਦਿਆਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਠੋਸ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਨ੍ਹਾਂ ਦੀ ਰਿਹਾਈ ਲਈ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਅੱਜ ਬੰਦ ਰਾਹੀਂ ਲੋਕਾਂ ਨੇ ਸਰਕਾਰਾਂ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਟਾਲਿਆ ਨਹੀਂ ਜਾ ਸਕਦਾ । ਉਨ੍ਹਾਂ ਬੰਦ ਨੂੰ ਸਹਿਯੋਗ ਦੇਣ ਵਾਲੇ ਸਮੂਹ ਦੁਕਾਨਦਾਰਾਂ, ਵਪਾਰੀਆਂ, ਟਰਾਂਸਪੋਰਟਰਾਂ, ਵਿਦਿਆਰਥੀਆਂ ਅਤੇ ਪਟਿਆਲਾ ਵਾਸੀਆਂ ਦਾ ਧੰਨਵਾਦ ਕੀਤਾ। ਇਸੇ ਤਰ੍ਹਾਂ ਪਟਿਆਲਾ ਚੰਡੀਗੜ ਮਾਰਗ ਤੇ ਧਰੇੜੀਜੱਟਾ ਟੋਲ ਪਲਾਜ਼ਾ ਤੇ ਭਾਰਤੀ ਕਿਸਾਨ ਯੂਨੀਅਨ ਭੜੇੜੀਕਲਾ ਵੱਲੋ ਰੋਡ ਜਾਮ ਕਰਨ ਤੋਂ ਇਲਾਵਾ ਬਾਈਪਾਸ ’ਤੇ ਪਸਿਆਣਾ ਪੁੱਲਾਂ, ਦੇਵੀਗੜ੍ਹ-ਪੇਹਵਾ ਰਾਜ ਮਾਰਗ ’ਤੇ ਜੋੜੀਆਂ ਸੜਕਾ, ਸਰਹਿੰਦ-ਪਟਿਆਲਾ ਰੋਡ ’ਤੇ ਬਾਰਨ, ਖੰਡਾ ਵਾਲਾ ਚੌਂਕ , ਨਾਭਾ ਰੋਡ ਸਮੇਤ ਕਈ ਹੋਰਨਾਂ ਥਾਵਾਂ ’ਤੇ ਸੜਕ ਜਾਮ ਕਰਕੇ ਬੰਦ ਦਾ ਸਮਰਥਨ ਕੀਤਾ ਗਿਆ। ਬੰਦ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਵੱਖ-ਵੱਖ ਥਾਵਾਂ ’ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤੇ ਸ਼ਹਿਰ ਅੰਦਰ ਵੱਡੀ ਗਿਣਤੀ ’ਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਤੇ ਗਸਤ ਵਧਾਈ ਗਈ।
-ਐੱਸਓਆਈ ਵੱਲੋਂ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਗੇਟ ਕੀਤਾ ਬੰਦ
ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਐੱਸਓਆਈ) ਵੱਲੋਂ ਸਮਰਥਨ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੱਖ ਗੇਟ ਨੂੰ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਐਸਓਆਈ ਮਾਲਵਾ ਜ਼ੋਨ-3 ਦੇ ਪ੍ਰਧਾਨ ਕੁਲਦੀਪ ਸਿੰਘ ਝਿੰਜਰ ਨੇ ਕਿਹਾ ਕਿ ‘ਇਨਸਾਫ਼ ਕਿਸੇ ਇੱਕ ਵਰਗ ਜਾਂ ਸਮੁਦਾਇ ਦੀ ਮੰਗ ਨਹੀਂ, ਸਗੋਂ ਹਰ ਨਾਗਰਿਕ ਦਾ ਸੰਵਿਧਾਨਕ ਹੱਕ ਹੈ। ਜਦੋਂ ਕਿਸੇ ਮਾਮਲੇ ਵਿਚ ਸਜ਼ਾ ਪੂਰੀ ਹੋਣ ਦੇ ਬਾਵਜੂਦ ਰਿਹਾਈ ਜਾਂ ਹੋਰ ਕਾਨੂੰਨੀ ਹੱਕਾਂ ਸਬੰਧੀ ਫੈਸਲੇ ਲੰਬੇ ਸਮੇਂ ਤੱਕ ਲਟਕਦੇ ਰਹਿਣ ਤਾਂ ਲੋਕਾਂ ਦੇ ਮਨ ਵਿਚ ਨਿਆਂ ਪ੍ਰਣਾਲੀ ਪ੍ਰਤੀ ਸਵਾਲ ਪੈਦਾ ਹੁੰਦੇ ਹਨ।
ਸਕੱਤਰ ਜਨਰਲ ਮਨਵਿੰਦਰ ਸਿੰਘ ਵੜੈਚ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਇਨਸਾਫ਼, ਬਰਾਬਰੀ ਤੇ ਸੰਵਿਧਾਨਕ ਹੱਕਾਂ ਦੀ ਗੱਲ ਕਰਨ ਤੋਂ ਪਿੱਛੇ ਨਹੀਂ ਹਟਣਗੇ। ਸਾਡਾ ਸੰਘਰਸ਼ ਕਿਸੇ ਵਿਅਕਤੀ ਜਾਂ ਸੰਸਥਾ ਦੇ ਵਿਰੁੱਧ ਨਹੀਂ, ਬਲਕਿ ਨਿਆਂ ਦੇ ਹੱਕ ਵਿਚ ਹੈ। ਪੰਜਾਬੀ ਯੂਨੀਵਰਸਿਟੀ ਦੇ ਪ੍ਰਧਾਨ ਹੁਸਨਦੀਪ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹਮੇਸ਼ਾ ਲੋਕਤੰਤਰਿਕ ਹੱਕਾਂ ਤੇ ਸਮਾਜਿਕ ਨਿਆਂ ਦੀ ਆਵਾਜ਼ ਬੁਲੰਦ ਕਰਨ ਵਾਲਾ ਕੇਂਦਰ ਰਹੀ ਹੈ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਸੋਈ ਦੇ ਮੀਤ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ, ਸਕੱਤਰ ਜਨਰਲ ਸੋਈ ਮਾਲਵਾ ਜ਼ੋਨ ਤਿੰਨ ਲਾਲੀ ਸੰਧੂ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਆਗੂ ਅਤੇ ਵਰਕਰ ਹਾਜ਼ਰ ਰਹੇ।