ਈਥਾਨੌਲ ਫੈਕਟਰੀ ਵਿਰੁੱਧ ਲੋਕਾਂ ਦਾ ਭਖਿਆ ਰੋਸ, ਫੈਕਟਰੀ ਤੋਂ ਲਏ ਨਮੂਨਿਆਂ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਈਥਾਨੌਲ ਫੈਕਟਰੀ ਵਿਰੁੱਧ ਲੋਕਾਂ ਦਾ ਭਖਿਆ ਰੋਸ
Publish Date: Wed, 30 Sep 2026 03:48 PM (IST)
Updated Date: Thu, 01 Oct 2026 04:01 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ/ਸ਼ੇਰਪੁਰ : ਜਹਾਂਗੀਰ-ਘਨੌਰੀ ਕਲਾਂ ਦਰਮਿਆਨ ਸ਼ੇਰਪੁਰ-ਧੂਰੀ ਸੜਕ ’ਤੇ ਸਥਿਤ ਹਾਰਪ ਕੈਮੀਕਲਜ਼ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਰੋਸ ਲਗਾਤਾਰ ਭਖਦਾ ਜਾ ਰਿਹਾ ਹੈ। ਫੈਕਟਰੀ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਇੱਕ ਮਹੀਨੇ ਤੋਂ ਗੇਟ ਅੱਗੇ ਦਿਨ-ਰਾਤ ਪੱਕਾ ਧਰਨਾ ਜਾਰੀ ਹੈ। ਧਰਨਾਕਾਰੀਆਂ ਨੇ ਹੁਣ 18 ਸਤੰਬਰ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਏ ਨਮੂਨਿਆਂ ਦੀ ਰਿਪੋਰਟ ਜਨਤਕ ਕਰਨ ਨੂੰ ਲੈ ਕੇ ਪ੍ਰਸ਼ਾਸਨ ’ਤੇ ਸਵਾਲ ਚੁੱਕਦਿਆਂ ਰਿਪੋਰਟ ਤੁਰੰਤ ਜਾਰੀ ਕਰਨ ਦੀ ਆਵਾਜ਼ ਉਠਾ ਰਹੇ ਹਨ। ਅਕਾਲੀ ਦਲ ਅੰਮ੍ਰਿਤਸਰ ਦੇ ਸੂਬਾ ਆਗੂ ਨਰਿੰਦਰ ਸਿੰਘ ਕਾਲਾਬੂਲਾ ਅਤੇ ਗੁਰਕੀਰਤ ਸਿੰਘ ਬਮਾਲ ਨੇ ਕਿਹਾ ਹੈ ਕਿ ਇਸ ਫੈਕਟਰੀ ਤੋਂ ਫੈਲ ਰਹੀ ਗੰਦੀ ਬਦਬੂ ਅਤੇ ਧਰਤੀ ਹੇਠ ਘੁਲ ਰਿਹਾ ਜਹਿਰੀਲੇ ਪਾਣੀ ਨੇ ਇਹ ਇਲਾਕੇ ਦੇ ਲੋਕਾਂ ਨੂੰ ਕੈਂਸਰ ਤੇ ਪੀਲੀ ਵਰਗੀਆਂ ਭਿਆਨਕ ਬਿਮਾਰੀਆਂ ਦਾ ਸਕਾਰ ਬਣਾ ਦਿੱਤਾ, ਜੋ ਆਉਣ ਵਾਲੀਆਂ ਸਾਡੀਆਂ ਨਸਲਾਂ ਲਈ ਬੇਹਦ ਘਾਤਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ 18 ਸਤੰਬਰ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾ ਕੇ ਫੈਕਟਰੀ ਨਾਲ ਸਬੰਧਤ ਨਮੂਨੇ ਭਰਵਾਏ ਗਏ ਸਨ। ਉਨ੍ਹਾਂ ਕਿਹਾ ਕਿ ਦਸ ਦਿਨ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਨਮੂਨਿਆਂ ਦੀ ਰਿਪੋਰਟ ਜਨਤਕ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਫੈਕਟਰੀ ਦੇ ਵਾਤਾਵਰਨ ’ਤੇ ਪੈ ਰਹੇ ਕਥਿਤ ਪ੍ਰਭਾਵਾਂ ਨੂੰ ਲੈ ਕੇ ਲੋਕਾਂ ਵਿੱਚ ਚਿੰਤਾ ਬਣੀ ਹੋਈ ਹੈ, ਇਸ ਲਈ ਜਾਂਚ ਰਿਪੋਰਟ ਨੂੰ ਜਨਤਕ ਕਰਨਾ ਜ਼ਰੂਰੀ ਹੈ। ਆਗੂਆਂ ਨੇ ਮੰਗ ਕੀਤੀ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਏ ਗਏ ਸਾਰੇ ਨਮੂਨਿਆਂ ਦੀ ਰਿਪੋਰਟ ਬਿਨਾਂ ਕਿਸੇ ਹੋਰ ਦੇਰੀ ਦੇ ਜਨਤਕ ਕੀਤੀ ਜਾਵੇ, ਤਾਂ ਜੋ ਲੋਕਾਂ ਸਾਹਮਣੇ ਤੱਥ ਸਪੱਸ਼ਟ ਹੋ ਸਕਣ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲੋਕਾਂ ਦੀਆਂ ਸ਼ੰਕਾਵਾਂ ਦੂਰ ਨਹੀਂ ਹੁੰਦੀਆਂ, ਸੰਘਰਸ਼ ਜਾਰੀ ਰਹੇਗਾ। ਧਰਨੇ ਦੇ ਮੋਹਰੀ ਆਗੂ ਜਸਪਾਲ ਸਿੰਘ ਜੱਸਾ ਘਨੌਰ ਨੇ ਦਾਅਵਾ ਕੀਤਾ ਕਿ ਪਿਛਲੇ ਦਿਨੀਂ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਹਥਿਆਰ ਦਿਖਾ ਕੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਕਈ ਦਿਨ ਬੀਤ ਜਾਣ ’ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰ ਕੇ ਕਥਿਤ ਤੌਰ ’ਤੇ ਧਮਕਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਜਸਪਾਲ ਸਿੰਘ ਜੱਸਾ ਨੇ ਐਲਾਨ ਕੀਤਾ ਕਿ ਜੇਕਰ ਨਮੂਨਿਆਂ ਦੀ ਰਿਪੋਰਟ ਜਨਤਕ ਨਾ ਕੀਤੀ ਗਈ ਤੇ ਕਥਿਤ ਧਮਕੀ ਦੇਣ ਦੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਨਾ ਹੋਈ ਤਾਂ ਪਹਿਲੀ ਅਕਤੂਬਰ ਨੂੰ ਜਹਾਂਗੀਰ ਸਥਿਤ ਫੈਕਟਰੀ ਦੇ ਗੇਟ ਅੱਗੇ ਸੜਕ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਧਰਨਾਕਾਰੀ ਆਪਣੀਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣਗੇ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਫੈਕਟਰੀ ਦੇ ਗੇਟ ਅੱਗੇ ਪਹੁੰਚ ਕੇ ਚੱਲ ਰਹੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਇਸ ਮੌਕੇ ਲਖਬੀਰ ਸਿੰਘ ਜਹਾਂਗੀਰ, ਬੁੱਗਰ ਸਿੰਘ ਜਹਾਂਗੀਰ, ਗੁਰਪ੍ਰੀਤ ਸਿੰਘ ਕਾਲਾਬੂਲਾ, ਜਸਵੀਰ ਸਿੰਘ ਧੰਦੀਵਾਲ, ਗੁਰਪ੍ਰੀਤ ਸਿੰਘ ਮੂਲੋਵਾਲ, ਪਰਮੇਲ ਸਿੰਘ ਹਥਨ, ਹਰਦੀਪ ਸਿੰਘ ਘਨੌਰ ਖੁਰਦ, ਨਸੀਬ ਪਾਠਕ ਬਾਦਸਾਹਪੁਰ, ਗੁਰਲਾਲ ਸਿੰਘ ਤੇ ਗੁਰਕੀਰਤ ਸਿੰਘ ਹਾਜ਼ਰ ਸਨ।