ਪਬਲਿਕ ਕਾਲਜ ਦੇ ਵਿਦਿਆਰਥੀ ਸੂਬਾ ਪੱਧਰੀ ਕੁਇਜ਼ ਮੁਕਾਬਲਿਆਂ ’ਚੋਂ ਰਹੇ ਅੱਵਲ ਪਬਲਿਕ ਕਾਲਜ ਦੇ ਵਿਦਿਆਰਥੀ ਰਾਜ ਪੱਧਰੀ ਕੁਇਜ਼ ਮੁਕਾਬਲਿਆਂ ਵਿੱਚੋਂ ਅੱਵਲ ਰਹੇ
Publish Date: Wed, 25 Nov 2026 06:02 PM (IST)
Updated Date: Wed, 25 Nov 2026 06:04 PM (IST)
ਭਾਰਤ ਭੂਸਣ ਗੋਇਲ,• ਪੰਜਾਬੀ ਜਾਗਰਣ •ਸਮਾਣਾ : ਭਾਸ਼ਾ ਵਿਭਾਗ ਪੰਜਾਬ ਦੁਆਰਾ ਕਰਵਾਏ ਗਏ ਸੂਬਾ ਪੱਧਰੀ ਮੌਖਿਕ ਕੁਇਜ਼ ਮੁਕਾਬਲਿਆਂ ਵਿੱਚੋਂ ਪਬਲਿਕ ਕਾਲਜ ਸਮਾਣਾ ਦੀ ਵਿਦਿਆਰਥਣ ਹਰਕੀਰਤ ਕੌਰ ਨੇ ਸਾਰੇ ਜ਼ਿਲ੍ਹਿਆਂ ਨੂੰ ਪਛਾੜਦੇ ਹੋਏ ਰਾਜ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਪ੍ਰਾਪਤੀ ਬਾਰੇ ਕਾਲਜ ਪ੍ਰਿੰਸੀਪਲ ਡਾ. ਹਰਕੀਰਤ ਸਿੰਘ ਨੇ ਦੱਸਿਆ ਕਿ ਕਾਲਜ ਦੀ ਬੀਏ ਭਾਗ ਤੀਜਾ ਦੀ ਹੋਣਹਾਰ ਵਿਦਿਆਰਥਣ ਹਰਕੀਰਤ ਕੌਰ ਨੇ ਪਟਿਆਲਾ ਜ਼ਿਲ੍ਹੇ ਦੇ 07 ਅਕਤੂਬਰ, 2026 ਨੂੰ ਕਰਵਾਏ ਗਏ ਜ਼ਿਲ੍ਹਾ ਪੱਧਰੀ ਲਿਖਤੀ ਕੁਇਜ਼ ਮੁਕਾਬਲਿਆਂ ਵਿੱਚੋਂ ਵੀ ਪਹਿਲਾ ਸਥਾਨ ਹਾਸਲ ਕੀਤਾ ਸੀ ਤੇ ਫਿਰ ਮਿਤੀ 18 ਨਵੰਬਰ 2026 ਨੂੰ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਕਰਵਾਏ ਗਏ ਸੂਬਾ ਪੱਧਰੀ ਮੌਖਿਕ ਕੁਇਜ਼ ਮੁਕਾਬਲਿਆਂ ਵਿੱਚੋਂ ਵੀ ਨਕਦ ਰਾਸ਼ੀ ਸਮੇਤ ਪਹਿਲਾ ਸਥਾਨ ਹਾਸਲ ਕਰ ਕੇ ਸਮੁੱਚੇ ਕਾਲਜ, ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚੋਂ ਬੀਏ ਭਾਗ ਦੂਜਾ ਦੀ ਵਿਦਿਆਰਥਣ ਹਰਮਨਦੀਪ ਕੌਰ ਨੇ ਦੂਜਾ ਸਥਾਨ ਅਤੇ ਕਾਲਜ ਅਧੀਨ ਚਲਾਏ ਜਾ ਰਹੇ ਪਬਲਿਕ ਕਾਲਜੀਏਟ ਸੀਨੀਅਰ ਸੈਕੰਡਰੀ ਸਮਾਣਾ ਦੇ ਬਾਰ੍ਹਵੀਂ ਕਲਾਸ ਦੇ ਸਾਇੰਸ ਵਿਸ਼ੇ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਨੇ ਵੀ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ। ਕਾਲਜ ਪ੍ਰਿੰਸੀਪਲ ਨੇ ਇਨ੍ਹਾਂ ਜੇਤੂ ਵਿਦਿਆਰਥੀਆਂ ਦੇ ਇੰਚਾਰਜਾਂ ਡਾ. ਇਕਬਾਲ ਸਿੰਘ ਅਤੇ ਪ੍ਰੋ. ਅਸ਼ਵਨੀ ਕੁਮਾਰ ਸਮੇਤ ਸਮੁੱਚੇ ਸਟਾਫ਼, ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।