ਪੀਐੱਸਪੀਸੀਐੱਲ ਅਧਿਕਾਰੀਆਂ ਵੱਲੋਂ ਮੁੱਖ ਇੰਜੀਨੀਅਰ ਦਫ਼ਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ ਪੀਐਸਪੀਸੀਐਲ ਅਧਿਕਾਰੀਆਂ ਵੱਲੋਂ ਮੁੱਖ ਇੰਜੀਨੀਅਰ ਦਫ਼ਤਰ ਅੱਗੇ ਕੀਤਾ ਰੋਸ਼ ਪ੍ਰਦਰਸਨ
Publish Date: Wed, 19 Aug 2026 07:37 PM (IST)
Updated Date: Wed, 19 Aug 2026 07:39 PM (IST)
ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਪੀਐੱਸਪੀਸੀਐੱਲ ਦੇ 250 ਤੋਂ ਵੱਧ ਅਧਿਕਾਰੀਆਂ ਨੇ ਬੁੱਧਵਾਰ ਨੂੰ ਪ੍ਰੋਗਰੈਸਿਵ ਅਲਾਇੰਸ ਆਫ਼ ਪਾਵਰ ਆਫ਼ੀਸਰਜ਼ ਦੇ ਬੈਨਰ ਹੇਠ ਮੁੱਖ ਇੰਜੀਨੀਅਰ/ਸਾਊਥ ਜ਼ੋਨ, ਪਟਿਆਲਾ ਦੇ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ। ਧਰਨਾਕਾਰੀਆਂ ਨੇ ਕਿਹਾ ਕਿ ਪ੍ਰੋਗਰਾਮ ਦਾ ਸੱਦਾ ਸਿਰਫ਼ ਡੀਐਸ ਸਰਕਲ ਪਟਿਆਲਾ ਤੱਕ ਹੀ ਸੀਮਤ ਸੀ। ਕੰਮਕਾਜੀ ਦਿਨ ਤੇ ਝੋਨੇ ਦੇ ਸੀਜ਼ਨ ਦੇ ਵਿਚਕਾਰ, ਸਿਰਫ਼ ਇੱਕ ਸਰਕਲ ਦੇ ਹੱਕ ਵਿਚ ਹਰ ਕਾਡਰ ਦੇ 250 ਤੋਂ ਵੱਧ ਅਧਿਕਾਰੀਆਂ ਦਾ ਸੜਕਾਂ ਤੇ ਉਤਰਨਾ ਆਪਣੇ ਆਪ ਵਿਚ ਸਾਊਥ ਜ਼ੋਨ ਵਿਚ ਬਣੇ ਭਾਰੀ ਰੋਹ ਦਾ ਸਪੱਸ਼ਟ ਪ੍ਰਮਾਣ ਹੈ। ਧਰਨਾਕਾਰੀ ਅਧਿਕਾਰੀਆਂ ਨੇ ਕਿਹਾ ਕਿ ਉਹ ਲਗਾਤਾਰ ਮਾਨਸਿਕ ਤਣਾਅ, ਬੇਲੋੜੇ ਪ੍ਰਸ਼ਾਸਨਿਕ ਦਬਾਅ, ਬੇਇੱਜ਼ਤੀ ਅਤੇ ਪ੍ਰਤੀਕੂਲ ਕੰਮਕਾਜੀ ਮਾਹੌਲ ਵਿਚ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ, ਜਿਸ ਲਈ ਉਹ ਮੁੱਖ ਇੰਜੀਨੀਅਰ/ਸਾਊਥ ਜ਼ੋਨ ਇੰਜ. ਰਤਨ ਕੁਮਾਰ ਮਿੱਤਲ ਜ਼ਿੰਮੇਵਾਰ ਹਨ। ਸਟੇਜ ਦੀ ਕਾਰਵਾਈ ਆਰਗੇਨਾਈਜ਼ਿੰਗ ਸਕੱਤਰ ਇੰਜ. ਅਮਨਦੀਪ ਸਿੰਘ ਢੀਂਡਸਾ ਨੇ ਚਲਾਈ। ਇਕੱਠ ਨੂੰ ਪ੍ਰਧਾਨ ਇੰਜ. ਜਸਤੇਜ ਸਿੰਘ ਟਿਵਾਣਾ, ਜਨਰਲ ਸਕੱਤਰ ਇੰਜ. ਗੁਰਮਨਪ੍ਰੀਤ ਸਿੰਘ ਸੋਮਲ, ਮੀਤ ਪ੍ਰਧਾਨ ਇੰਜ. ਸਰਬਜੀਤ ਸਿੰਘ ਧੀਮਾਨ, ਮੁੱਖ ਬੁਲਾਰੇ ਇੰਜ. ਅਭਿਰਾਜ ਸਿੰਘ ਰੰਧਾਵਾ, ਸਲਾਹਕਾਰ ਇੰਜ. ਹਰਜਿੰਦਰਪਾਲ ਸਿੰਘ ਚਾਹਲ, ਐਕਸੀਅਨ ਨਾਭਾ ਇੰਜ. ਪ੍ਰੀਕਸ਼ਿਤ ਭਨੋਟ, ਐਕਸੀਅਨ ਸਮਾਣਾ ਇੰਜ. ਕਵਰਦੀਪ ਸਿੰਘ, ਐਸ.ਡੀ.ਓ. ਇੰਜ. ਗੁਰਮੀਤ ਸਿੰਘ ਬਾਗੜੀ, ਐਸਡੀਓ ਇੰਜ. ਸੁਰਿੰਦਰ ਸਿੰਘ ਅਤੇ ਕਈ ਹੋਰ ਅਧਿਕਾਰੀਆਂ ਨੇ ਸੰਬੋਧਨ ਕੀਤਾ। ਲੇਖਾ ਐਸੋਸੀਏਸ਼ਨ ਨੇ ਏਓ ਸ੍ਰੀਕਾਂਤ ਸ਼ਰਮਾ ਦੀ ਅਗਵਾਈ ਹੇਠ ਇਸ ਸੰਘਰਸ਼ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ। ਆਗੂਆਂ ਨੇ ਦੱਸਿਆ ਕਿ 12 ਅਗਸਤ 2026 ਨੂੰ ਹੋਈ ਜਨਰਲ ਬਾਡੀ ਦੀ ਮੀਟਿੰਗ ’ਚ 45 ਅਧਿਕਾਰੀਆਂ ਵੱਲੋਂ ਸਰਬਸੰਮਤੀ ਨਾਲ ਅਪਣਾਏ ਗਏ ਅਤੇ ਉਸ ਤੋਂ ਬਾਅਦ ਪੜਾਅਵਾਰ ਲਾਗੂ ਕੀਤੇ ਗਏ ਸ਼ਾਂਤਮਈ ਸੰਘਰਸ਼ ਪ੍ਰੋਗਰਾਮ ਦਾ ਇਹ ਚੌਥਾ ਪੜਾਅ ਹੈ। ਅਧਿਕਾਰੀਆਂ ਨੇ ਸਭ ਤੋਂ ਪਹਿਲਾਂ ਮੁੱਖ ਇੰਜੀਨੀਅਰ/ਸਾਊਥ ਜ਼ੋਨ ਨਾਲ ਸਿੱਧੀ ਗੱਲਬਾਤ ਦਾ ਪ੍ਰਤੀਕਾਤਮਕ ਬਾਈਕਾਟ ਕੀਤਾ। ਇਸ ਤੋਂ ਬਾਅਦ, ਉਨ੍ਹਾਂ ਨੇ 17 ਅਗਸਤ 2026 ਤੋਂ ਸਾਰੇ ਗੈਰ-ਅਧਿਕਾਰਤ ਵ੍ਹਟਸਐਪ ਗਰੁੱਪਾਂ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ। ਉਨ੍ਹਾਂ ਨੇ 5:00 ਵਜੇ ਤੋਂ ਬਾਅਦ ਸਰਕਲ ਤੇ ਜ਼ੋਨ ਦਫ਼ਤਰਾਂ ਨੂੰ ਗੈਰ-ਜ਼ਰੂਰੀ ਕਲੈਰੀਕਲ ਅਤੇ ਪ੍ਰਸ਼ਾਸਨਿਕ ਸੰਚਾਰ ਬੰਦ ਕਰ ਦਿੱਤਾ, ਅਜਿਹਾ ਸੰਚਾਰ ਕੰਮਕਾਜੀ ਘੰਟਿਆਂ ਦੌਰਾਨ ਸਹੀ ਚੈਨਲ ਰਾਹੀਂ ਕੀਤਾ ਜਾਣ ਲੱਗਾ। ਉਨ੍ਹਾਂ ਕਿਹਾ ਕਿ ਅਲਾਇੰਸ ਦੀ ਮੁੱਖ ਮੰਗ ਇੰਜ. ਰਤਨ ਕੁਮਾਰ ਮਿੱਤਲ, ਮੁੱਖ ਇੰਜੀਨੀਅਰ/ਸਾਊਥ ਜ਼ੋਨ, ਪੀ.ਐਸ.ਪੀ.ਸੀ.ਐਲ., ਪਟਿਆਲਾ ਦਾ ਤੁਰੰਤ ਤਬਾਦਲਾ ਹੈ। ਧਰਨਾਕਾਰੀਆਂ ਨੇ ਦੱਸਿਆ ਕਿ ਜਨਰਲ ਬਾਡੀ ਨੇ ਮਤਾ ਪਾਸ ਕੀਤਾ ਹੈ ਕਿ ਪੀਐਸਪੀਸੀਐਲ ਪ੍ਰਬੰਧਕਾਂ ਵੱਲੋਂ ਫ਼ੌਰੀ ਅਤੇ ਢੁਕਵੀਂ ਕਾਰਵਾਈ ਨਾ ਕੀਤੇ ਜਾਣ ਦੀ ਸੂਰਤ ਵਿੱਚ, ਡੀ.ਐਸ. ਸਰਕਲ, ਪਟਿਆਲਾ ਦੇ ਅਧਿਕਾਰੀ ਅਗਲੇ ਹਫ਼ਤੇ ਸਮੂਹਿਕ ਛੁੱਟੀ ਤੇ ਜਾਣਗੇ ਤੇ ਸੰਘਰਸ਼ ਨੂੰ ਪੜਾਅਵਾਰ ਤਰੀਕੇ ਨਾਲ ਤੇਜ਼ ਕੀਤਾ ਜਾਵੇਗਾ। ਜ਼ਰੂਰੀ ਬਿਜਲੀ ਸੇਵਾਵਾਂ ਅਤੇ ਜਨਤਕ ਹਿੱਤ ਅਧਿਕਾਰੀਆਂ ਦੀ ਸਭ ਤੋਂ ਵੱਡੀ ਤਰਜੀਹ ਬਣੇ ਰਹਿਣਗੇ। -ਖਪਤਕਾਰਾਂ ਨੂੰ ਚੰਗੀਆਂ ਸੇਵਾਵਾ ਸਾਡੀ ਸਾਂਝੀ ਜ਼ਿੰਮੇਵਾਰੀ: ਇੰਜ.ਰਤਨ ਕੁਮਾਰ ਮਿੱਤਲ ਮਿੱਤਲ ਪ੍ਰੋਗਰੈਸਿਵ ਅਲਾਇੰਸ ਆਫ ਪਾਵਰ ਆਫੀਸਰਜ਼ ਵੱਲੋਂ ਦਿੱਤੇ ਜਾ ਰਹੇ ਧਰਨੇ ਸਬੰਧੀ ਇੰਜ: ਰਤਨ ਕੁਮਾਰ ਮਿੱਤਲ ਮੁੱਖ ਇੰਜੀਨੀਅਰ/ਵੰਡ (ਦੱਖਣ) ਵੱਲੋਂ ਸਪੱਸ਼ਟ ਕੀਤਾ ਗਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਮੂਹ ਅਧਿਕਾਰੀ ਸਾਡੀ ਟੀਮ ਦਾ ਅਹਿਮ ਹਿੱਸਾ ਹਨ ਅਤੇ ਹਰ ਮਿਹਨਤੀ ਤੇ ਇਮਾਨਦਾਰ ਅਧਿਕਾਰੀ ਦੇ ਮਾਣ-ਸਨਮਾਨ ਅਤੇ ਸਵੈ-ਮਾਣ ਦਾ ਪੂਰਾ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਮਾਮਲਾ ਕਿਸੇ ਵੀ ਅਧਿਕਾਰੀ ਵਿਰੁੱਧ ਕੋਈ ਨਿੱਜੀ ਮਾਮਲਾ ਨਹੀਂ ਹੈ। ਇਹ ਮੁੱਖ ਤੌਰ ’ਤੇ ਅਦਾਰੇ ਦੇ ਰੈਵਨਿਊ, ਖਪਤਕਾਰ ਸੇਵਾਵਾਂ ਅਤੇ ਕਾਰਪੋਰੇਸ਼ਨ ਪ੍ਰਤੀ ਬਣਦੀ ਡਿਊਟੀ ਦੀ ਪਾਲਣਾ ਨਾਲ ਸਬੰਧਿਤ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਸਰਕਲ ਵਿੱਚ ਡਿਫਾਲਟਰ ਖਪਤਕਾਰਾਂ ਵੱਲ ਲਗਭਗ 175 ਕਰੋੜ ਦੀ ਰਕਮ ਬਕਾਇਆ ਹੈ ਤੇ ਮੈਨੇਜਮੈਂਟ ਦੀਆਂ ਹਦਾਇਤਾਂ ਤਹਿਤ ਫੀਲਡ ਅਧਿਕਾਰੀਆਂ ਨੂੰ ਪਹਿਲੇ ਪੜਾਅ ਵਿੱਚ ਕੇਵਲ 50,000 ਰੁਪਏ ਤੋਂ ਵੱਧ ਬਕਾਇਆ ਰਕਮ ਵਾਲੇ ਚੁਣੇ ਹੋਏ ਵੱਡੇ ਡਿਫਾਲਟਰ ਖਪਤਕਾਰਾਂ ਵਿਰੁੱਧ ਪਹਿਲ ਦੇ ਆਧਾਰ ’ਤੇ ਨਿਯਮਾਂ ਅਨੁਸਾਰ ਰਿਕਵਰੀ/ਡਿਸਕਨੈਕਸ਼ਨ ਦੀ ਕਾਰਵਾਈ ਕਰਨ ਲਈ ਕਿਹਾ ਗਿਆ ਸੀ। ਇਹ ਹਦਾਇਤਾਂ ਪੀਐਸਪੀਸੀਐਲ ਦੇ ਵਿੱਤੀ ਹਿੱਤਾਂ ਅਤੇ ਖਪਤਕਾਰਾਂ ਪ੍ਰਤੀ ਸਾਡੀ ਸਾਂਝੀ ਜ਼ਿੰਮੇਂਵਾਰੀ ਨੂੰ ਧਿਆਨ ਵਿੱਚ ਰੱਖਦਿਆਂ ਦਿੱਤੀਆਂ ਗਈਆਂ ਸਨ। ਸਾਡਾ ਉਦੇਸ਼ ਆਪਸੀ ਟਕਰਾਅ ਨਹੀਂ, ਸਗੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਵੱਡਮੁੱਲੇ ਖਪਤਕਾਰਾਂ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਟੀਮ ਵਜੋਂ ਮਿਲ ਕੇ ਕੰਮ ਕਰਨਾ, ਅਦਾਰੇ ਨੂੰ ਹੋਰ ਮਜ਼ਬੂਤ ਕਰਨਾ, ਬਿਜਲੀ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਦੇਣਾ ਅਤੇ ਕਾਰਪੋਰੇਸ਼ਨ ਦੇ ਰੈਵਨਿਊ ਦੀ ਸਾਂਭ-ਸੰਭਾਲ ਕਰਨਾ ਹੈ। ਮੁੱਖ ਇੰਜੀਨੀਅਰ/ਵੰਡ (ਦੱਖਣ) ਵੱਲੋਂ ਸਮੂਹ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਆਪਸੀ ਸਤਿਕਾਰ, ਗੱਲਬਾਤ ਅਤੇ ਤੱਥਾਂ ਦੇ ਆਧਾਰ ’ਤੇ ਮਸਲਿਆਂ ਦਾ ਹੱਲ ਕੱਢਿਆ ਜਾਵੇ ਅਤੇ ਕੰਮਕਾਜ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਾ ਹੋਣ ਦਿੱਤਾ ਜਾਵੇ।