ਮੀਟਰ ਰੀਡਰ ਯੂਨੀਅਨ ਦਾ ਵੱਡਾ ਐਕਸ਼ਨ: PSPCL ਦੇ ਮੁੱਖ ਦਫ਼ਤਰ ’ਤੇ ਜੜਿਆ ਤਾਲਾ, ਗੇਟ ਕੀਤਾ ਬੰਦ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੀਟਰ ਰੀਡਰਾਂ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਮਕਦੀਆਂ ਮੰਗਾਂ ਨੂੰ ਲੈ ਕੇ ਮੁੱਖ ਦਫ਼ਤਰ (ਪਟਿਆਲਾ) ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਸੂਬਾ ਭਰ ਤੋਂ ਪੁੱਜੇ ਮੀਟਰ ਰੀਡਰਾਂ ਨੇ ਪਾਵਰਕਾਮ ਪ੍ਰਬੰਧਕਾਂ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
Publish Date: Tue, 21 Jul 2026 12:48 PM (IST)
Updated Date: Tue, 21 Jul 2026 12:52 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੀਟਰ ਰੀਡਰਾਂ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਮਕਦੀਆਂ ਮੰਗਾਂ ਨੂੰ ਲੈ ਕੇ ਮੁੱਖ ਦਫ਼ਤਰ (ਪਟਿਆਲਾ) ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਸੂਬਾ ਭਰ ਤੋਂ ਪੁੱਜੇ ਮੀਟਰ ਰੀਡਰਾਂ ਨੇ ਪਾਵਰਕਾਮ ਪ੍ਰਬੰਧਕਾਂ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਯੂਨੀਅਨ ਦੇ ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਨਿਗਮ ਪ੍ਰਬੰਧਕ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕਰ ਰਹੇ ਹਨ, ਜਿਸ ਕਾਰਨ ਮੁਲਾਜ਼ਮਾਂ ’ਚ ਭਾਰੀ ਰੋਸ ਹੈ।
ਮੀਟਰ ਰੀਡਰ ਯੂਨੀਅਨ ਦੀ ਮੰਗ ਹੈ ਕਿ ਠੇਕਾ ਪ੍ਰਣਾਲੀ ਅਤੇ ਆਊਟਸੋਰਸਿੰਗ ’ਤੇ ਕੰਮ ਕਰਦੇ ਮੀਟਰ ਰੀਡਰਾਂ ਨੂੰ ਤੁਰੰਤ ਵਿਭਾਗ ’ਚ ਸ਼ਾਮਲ ਕਰਕੇ ਪੱਕਾ ਕੀਤਾ ਜਾਵੇ। ਮਹਿੰਗਾਈ ਦੇ ਦੌਰ ਨੂੰ ਦੇਖਦਿਆਂ ਮੀਟਰ ਰੀਡਰਾਂ ਦੀਆਂ ਮਹੀਨਾਵਾਰ ਓਵਰਹਾਲਿੰਗ/ਪ੍ਰਤੀ ਬਿੱਲ ਮਿਹਨਤਾਨਾ ਦਰਾਂ ’ਚ ਵਾਧਾ ਕੀਤਾ ਜਾਵੇ।
ਡਿਊਟੀ ਦੌਰਾਨ ਵਾਪਰਨ ਵਾਲੇ ਹਾਦਸਿਆਂ ਲਈ ਢੁਕਵਾਂ ਮੁਆਵਜ਼ਾ ਅਤੇ ਕਰਮਚਾਰੀਆਂ ਲਈ ਮੁਫ਼ਤ ਬੀਮਾ ਸੁਵਿਧਾ ਲਾਗੂ ਕੀਤੀ ਜਾਵੇ। ਖੇਤਰ ’ਚ ਰੀਡਿੰਗ ਲਈ ਜਾਣ ਵਾਸਤੇ ਯੋਗ ਤੇਲ ਭੱਤਾ ਦਿੱਤਾ ਜਾਵੇ ਅਤੇ ਬਿੱਲ ਬਣਾਉਣ ਵਾਲੀਆਂ ਮਸ਼ੀਨਾਂ ਦੀ ਖਰਾਬੀ ਦਾ ਖਰਚਾ ਵਿਭਾਗ ਆਪ ਚੁੱਕੇ। ਵਿਭਾਗ ’ਚ ਆਉਣ ਵਾਲੀਆਂ ਨਵੀਂਆਂ ਪੱਕੀਆਂ ਭਰਤੀਆਂ ’ਚ ਪਹਿਲਾਂ ਤੋਂ ਕੰਮ ਕਰ ਰਹੇ ਤਜ਼ਰਬੇਕਾਰ ਮੀਟਰ ਰੀਡਰਾਂ ਨੂੰ ਪਹਿਲ ਦਿੱਤੀ ਜਾਵੇ।
ਧਰਨੇ ਦੌਰਾਨ ਯੂਨੀਅਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਾਵਰਕਾਮ ਪ੍ਰਬੰਧਕਾਂ ਨੇ ਜਲਦ ਉਨ੍ਹਾਂ ਦੀਆਂ ਮੰਗਾਂ 'ਤੇ ਹਮਦਰਦੀਪੂਰਵਕ ਵਿਚਾਰ ਨਾ ਕੀਤਾ ਅਤੇ ਲਿਖਤੀ ਸਮਝੌਤਾ ਨਾ ਕੀਤਾ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਦੀ ਪੂਰੀ ਜ਼ਿੰਮੇਵਾਰੀ ਨਿਗਮ ਪ੍ਰਬੰਧਕਾਂ ਅਤੇ ਪੰਜਾਬ ਸਰਕਾਰ ਦੀ ਹੋਵੇਗੀ।