ਸੰਗਰੂਰ ’ਚ ਪੀਆਰਟੀਸੀ ਕਾਮਿਆਂ ਕੀਤਾ ਚੱਕਾ ਜਾਮ ਸੰਗਰੂਰ ’ਚ ਪੀਆਰਟੀਸੀ ਕਾਮਿਆਂ ਕੀਤਾ ਚੱਕਾ ਜਾਮ
Publish Date: Wed, 21 Oct 2026 08:43 PM (IST)
Updated Date: Thu, 22 Oct 2026 04:04 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੱਦੇ ਤਹਿਤ ਪੀਆਰਟੀਸੀ ਕਾਮਿਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬੁੱਧਵਾਰ ਚੱਕਾ ਜਾਮ ਕੀਤਾ। ਇਸ ਦੌਰਾਨ ਕਾਮਿਆਂ ਨੇ ਪੰਜਾਬ ਸਰਕਾਰ ਅਤੇ ਪੀਆਰਟੀਸੀ ਵਿਭਾਗ ਖਿਲਾਫ ਨਾਅਰੇਬਾਜੀ ਕਰਕੇ ਆਪਣੀ ਭੜਾਸ ਕੱਢੀ। ਚੱਕਾ ਜਾਮ ਦੇ ਚਲਦਿਆਂ ਯਾਤਰੀਆਂ ਨੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਯਾਤਰੀ ਬੱਸਾਂ ਲਈ ਇਧਰ ਉਧਰ ਭਟਕਦੇ ਵੇਖੇ ਗਏ। ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਕਰਮਜੀਤ ਸਿੰਘ, ਡਿਪੂ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ, ਖਜ਼ਾਨਜੀ ਸਤਵਿੰਦਰ ਸਿੰਘ ਦਿਆਲਗੜ੍, ਲਖਵਿੰਦਰ ਸਿੰਘ ਅਤੇ ਜਤਿੰਦਰ ਸਿੰਘ ਨੇ ਕਿਹਾ ਕਿ ਹੁਣ ਤੱਕ ਸਰਕਾਰ ਨਾਲ ਲੱਗਭਗ 65 ਮੀਟਿੰਗਾ ਹੋ ਚੁੱਕੀਆਂ ਹਨ। ਸਰਕਾਰ ਵਲੋਂ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਈ ਕਮੇਟੀਆਂ ਗਠਿਤ ਕਰਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਸਰਕਾਰ ਬਣਦੇ ਸਾਰ ਹੀ ਸਰਕਾਰ ਵੱਲੋਂ ਕੈਬਨਿਟ ਸਬ ਕਮੇਟੀ ਬਣਾਈ ਗਈ ਸੀ ਜੋ ਕਿ ਹੁਣ ਤੱਕ ਕਿਸੇ ਨਤੀਜੇ ਤੇ ਨਹੀਂ ਪਹੁੰਚੀ ਅਤੇ ਮੰਗਾਂ ਜਿਉਂ ਦੀ ਤਿਉਂ ਲਮਕ ਰਹੀਆਂ ਹਨ।ਉਨ੍ਹਾਂ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਵਿਚ ਕੱਚੇ ਮੁਲਾਜ਼ਮ ਪੱਕੇ ਕਰਨ, ਵਿਭਾਗ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਆਊਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਨ, ਸੰਗੀਨ ਧਰਾਵਾਂ ਤਹਿਤ ਦਰਜ ਕੀਤੇ ਨਜਾਇਜ਼ ਕੇਸ ਰੱਦ ਕਰਨ ਅਤੇ ਪੀਆਰਟੀਸੀ ਵਿਚ ਨਵੀਆਂ ਬੱਸਾਂ ਪਾਉਣ ਆਦਿ ਮੰਗਾਂ ਸ਼ਾਮਲ ਹਨ ਜਿੰਨ੍ਹਾਂ ਦੀ ਪੂਰਤੀ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 4 ਅਗਸਤ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਮੰਗਾਂ ਦੇ ਹੱਲ ਲਈ ਇੱਕ ਮਹੀਨੇ ਦਾ ਭਰੋਸਾ ਦਿੱਤਾ ਸੀ ਪਰੰਤੂ ਕੁੱਝ ਨਹੀਂ ਕੀਤਾ। ਬੀਤੀ 4 ਅਕਤੂਬਰ ਨੂੰ ਮੰਤਰੀ ਵਲੋਂ ਵਾਅਦਾ ਕੀਤਾ ਸੀ ਕਿ ਆਊਟਸੋਰਸ ਕਾਮਿਆਂ ਨੂੰ 15 ਅਕਤੂਬਰ ਨੂੰ ਜੁਆਇੰਨਿੰਗ ਪੱਤਰ ਦੇ ਦਿੱਤੇ ਜਾਣਗੇ ਅਤੇ ਪੁਲਿਸ ਕੇਸ ਰੱਦ ਕਰਕੇ ਲਿਖਤੀ ਪੱਤਰ ਦੇ ਦਿੱਤਾ ਜਾਵੇਗਾ ਪਰੰਤੂ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਚੁੱਕੀ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਤੇਜ ਕਕੀਤਾ ਜਾਵੇਗੇ।