ਕੰਟਰੈਕਟ ਕਾਮਿਆਂ ਦੀ ਹੜਤਾਲ ਜਾਰੀ, ਲੋਕ ਪਰੇਸ਼ਾਨ ਕੰਟਰੈਕਟ ਕਾਮਿਆ ਦੀ ਹੜਤਾਲ ਦੂਜੇ ਦਿਨ ਵੀ ਜਾਰੀ, ਲੋਕ ਪਰੇਸ਼ਾਨ
Publish Date: Thu, 22 Oct 2026 04:37 PM (IST)
Updated Date: Thu, 22 Oct 2026 04:39 PM (IST)
ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, •ਪਟਿਆਲਾ : ਪੰਜਾਬ ਰੋਡਵੇਜ਼ ਪਨਬੱਸ/ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਕਾਮਿਆਂ ਵੱਲੋਂ ਅਣਮਿੱਥੇ ਸਮੇਂ ਦੀ ਸ਼ੁਰੂ ਕੀਤੀ ਹੜਤਾਲ ਵੀਰਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੀ। ਇਸ ਦੌਰਾਨ ਬੱਸ ਸੇਵਾ ਪ੍ਰਭਾਵਿਤ ਰਹਿਣ ਕਾਰਨ ਆਮ ਜਨਤਾ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਕਾਮਿਆਂ ਦੀ ਹੜਤਾਲ ਦਾ ਸਭ ਤੋਂ ਜ਼ਿਆਦਾ ਅਸਰ ਰੋਜ਼ਾਨਾ ਕੰਮਾਕਾਰਾਂ ’ਤੇ ਜਾਣ ਵਾਲੇ ਵਿਅਕਤੀਆਂ ਅਤੇ ਐਮਰਜੈਂਸੀ ਕੰਮਾਂ ਲਈ ਘਰੋਂ ਨਿਕਲੇ ਲੋਕਾਂ ’ਤੇ ਦੇਖਣ ਨੂੰ ਮਿਲ ਰਿਹਾ ਹੈ ਤੇ ਲੋਕ ਪਰੇਸ਼ਾਨ ਹਨ। ਯੂਨੀਅਨ ਦੇ ਨੁਮਾਇੰਦਿਆਂ ਅਨੁਸਾਰ ਲਗਪਗ 70 ਫ਼ੀਸਦੀ ਤੋਂ ਵੱਧ ਬੱਸ ਸਰਵਿਸ ਬੰਦ ਹੈ ਤੇ 80 ਫ਼ੀਸਦੀ ਕਰਮਚਾਰੀ ਹੜਤਾਲ ’ਤੇ ਹਨ, ਜਦੋਂਕਿ ਮੈਨੇਜਮੈਂਟ ਦਾ ਕਹਿਣਾ ਹੈ ਕਿ 65 ਫ਼ੀਸਦੀ ਤੋਂ ਵੱਧ ਮੁਲਾਜ਼ਮ ਡਿਊਟੀਆਂ ਕਰ ਰਹੇ ਹਨ ਤੇ ਹਰ ਰੂਟ ’ਤੇ ਬੱਸ ਸਰਵਿਸ ਚੱਲ ਰਹੀ ਹੈ। ਪਟਿਆਲਾ ਦੇ ਨਵੇਂ ਬੱਸ ਸਟੈਂਡ ’ਤੇ ਰੋਸ ਪ੍ਰਦਰਸ਼ਨ ਕਰਦਿਆਂ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ ਕਿ 23 ਅਕਤੂਬਰ ਨੂੰ ਵਿਧਾਨ ਸਭਾ ਦੇ ਘਿਰਾਓ ਲਈ ਕੂਚ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਹੜਤਾਲ ਦੌਰਾਨ ਜਿਥੇ ਵਿੱਤ ਮੰਤਰੀ ਦੇ ਹਲਕੇ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਸਮੂਹ ਡਿੱਪੂਆਂ ’ਤੇ ਵੀ ਪੱਕੇ ਧਰਨੇ ਜਾਰੀ ਰਹੇ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਵਿੱਚ ਜਿਹੜੇ ਐਕਟ ਪਾਸ ਕੀਤੇ ਗਏ ਹਨ, ਉਹ ਐਕਟ 2026 ਕੱਚੇ ਮੁਲਾਜ਼ਮ ਹੱਥ ਵਿੱਚ ਫੜ ਕੇ ਵਾਪਸ ਕਰਨ ਲਈ ਜਾਣਗੇ ਕਿਉਂਕਿ ਪਹਿਲਾਂ 2016 ਐਕਟ ਬਣਿਆ, ਅਫ਼ਸਰਸ਼ਾਹੀ ਨੇ ਲਾਗੂ ਨਹੀਂ ਕੀਤਾ ਤੇ ਹੁਣ 2026 ਐਕਟ ਵੀ ਅਫ਼ਸਰਸ਼ਾਹੀ ਲਾਗੂ ਨਹੀਂ ਕਰ ਰਹੀ। ਉਨ੍ਹਾਂ ਆਖਿਆ ਕਿ ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਹੜਤਾਲ ਦੌਰਾਨ ਵੱਡੇ ਪੱਧਰ ’ਤੇ ਰੂਟ ਪ੍ਰਭਾਵਿਤ ਰਹੇ ਤੇ ਲੋਕ ਲੰਬਾ ਸਮਾਂ ਬੱਸਾਂ ਦਾ ਇੰਤਜ਼ਾਰ ਕਰਦੇ ਰਹੇ। ਲੋਕ ਹੋਏ ਪਰੇਸ਼ਾਨ : ਹੜਤਾਲ ਕਾਰਨ ਸਵੇਰ ਤੋਂ ਹੀ ਬੱਸ ਅੱਡਿਆਂ ’ਤੇ ਯਾਤਰੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਕਈ ਯਾਤਰੀ ਆਪਣੀਆਂ ਨਿਰਧਾਰਿਤ ਬੱਸਾਂ ਦੀ ਉਡੀਕ ਵਿੱਚ ਘੰਟਿਆਂ ਤੱਕ ਬੱਸ ਅੱਡਿਆਂ ’ਤੇ ਖੜ੍ਹੇ ਰਹੇ। ਜਿੱਥੇ ਪਹਿਲਾਂ 15 ਮਿੰਟ ਬਾਅਦ ਸਰਵਿਸ ਸੀ ਉੱਥੇ ਲੰਬਾ ਸਮਾਂ ਬਾਅਦ ਬੱਸਾਂ ਚੱਲ ਰਹੀਆਂ ਹਨ। ਹੜਤਾਲ ਕਾਰਨ ਦੂਰ-ਦੁਰਾਡੇ ਜਾਣ ਵਾਲੇ ਯਾਤਰੀਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਨੂੰ ਪ੍ਰਾਈਵੇਟ ਬੱਸਾਂ, ਆਟੋ ਅਤੇ ਟੈਕਸੀਆਂ ਦਾ ਸਹਾਰਾ ਲੈਣਾ ਪਿਆ। - 70 ਫ਼ੀਸਦੀ ਬੱਸਾਂ ਚੱਲੀਆਂ : ਜੁਨੇਜਾ ਇਸ ਸਬੰਧੀ ਪੀਆਰਟੀਸੀ ਦੇ ਹਰਪਾਲ ਜੁਨੇਜਾ ਨੇ ਆਖਿਆ ਕਿ 70 ਫ਼ੀਸਦੀ ਬੱਸਾਂ ਚੱਲੀਆਂ ਹਨ ਤੇ ਜ਼ਿਆਦਾਤਰ ਰੂਟਾਂ ’ਤੇ ਬੱਸ ਸੇਵਾ ਦਰੁਸਤ ਰਹੀ। ਚੇਅਰਮੈਨ ਜੁਨੇਜਾ ਨੇ ਆਖਿਆ ਕਿ ਪੀਆਰਟੀਸੀ ਦੀਆਂ 700 ਤੋਂ ਵੱਧ ਬੱਸਾਂ ਚੱਲਦੀਆਂ ਰਹੀਆਂ। ਉਨ੍ਹਾਂ ਆਖਿਆ ਕਿ ਘਾਟੇ ਦਾ ਸਹੀ ਅਨੁਮਾਨ ਤਾਂ ਦੇਰ ਰਾਤ ਤੱਕ ਦੀ ਰਿਪੋਰਟ ਆਉਣ ’ਤੇ ਹੀ ਪਤਾ ਲੱਗੇਗਾ ਪਰ ਜ਼ਿਆਦਾ ਘਾਟਾ ਨਹੀਂ ਹੈ ਕਿਉਂਕਿ ਰੈਗੂਲਰ ਸਟਾਫ ਡਿਊਟੀਆਂ ’ਤੇ ਤਾਇਨਾਤ ਹੈ। ਉਨ੍ਹਾਂ ਆਖਿਆ ਕਿ ਸਰਕਾਰ ਮੁਲਾਜ਼ਮ ਮੰਗਾਂ ਪ੍ਰਤੀ ਸੁਹਿਰਦ ਹੈ ਤੇ ਹਰ ਗੱਲ ਦਾ ਹੱਲ ਟੇਬਲ ਟਾਕ ਰਾਹੀ ਹੀ ਸੰਭਵ ਹੈ ਅਤੇ ਮੁਲਾਜ਼ਮਾਂ ਨੂੰ ਬੈਠ ਕੇ ਗੱਲਬਾਤ ਕਰਨ ਦਾ ਖੁੱਲ੍ਹਾ ਸੱਦਾ ਹੈ।