- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਟਰੈਕਟ ਕਾਮਿਆਂ ਦੀ ਹੜਤਾਲ, ਲੋਕ ਹੋਏ ਖੱਜਲ ਖੁਆਰ

ਪਰਗਟ ਸਿੰਘ,•ਪੰਜਾਬੀ ਜਾਗਰਣ, •ਪਟਿਆਲਾ : ਪੰਜਾਬ ਰੋਡਵੇਜ਼ ਪਨਬਸ/ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਕਾਮਿਆਂ ਵੱਲੋਂ ਬੁੱਧਵਾਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਕਾਰਨ ਵੱਡੀ ਗਿਣਤੀ ’ਚ ਬੱਸ ਸੇਵਾ ਪ੍ਰਭਾਵਿਤ ਰਹੀ ਤੇ ਆਮ ਜਨਤਾ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹੜਤਾਲ ਦਾ ਸਭ ਤੋਂ ਜਿਆਦਾ ਅਸਰ ਰੋਜ਼ਾਨਾ ਕੰਮਾਕਾਰਾਂ ’ਤੇ ਜਾਣ ਵਾਲੇ ਵਿਅਕਤੀਆਂ ਅਤੇ ਐਮਰਜੈਂਸੀ ਕੰਮਾਂ ਲਈ ਘਰੋ ਨਿਕਲੇ ਲੋਕਾਂ ’ਤੇ ਦੇਖਣ ਨੂੰ ਮਿਲਿਆ ਤੇ ਲੋਕ ਇਧਰ ਉਧਰ ਭੱਜ ਦੌੜ ਕਰਦੇ ਵੀ ਦਿਖਾਈ ਦਿੱਤੇ। ਯੂਨੀਅਨ ਨੁਮਾਇੰਦਿਆ ਅਨੁਸਾਰ ਲਗਪਗ 70 ਫੀਸਦ ਤੋਂ ਵੱਧ ਬੱਸ ਸਰਵਿਸ ਬੰਦ ਰਹੀ ਤੇ 80 ਫੀਸਦ ਕਰਮਚਾਰੀ ਹੜਤਾਲ ’ਤੇ ਹਨ ਜਦੋਂ ਕਿ ਮੈਨੇਜਮੈਂਟ ਦਾ ਕਹਿਣਾ ਹੈ ਕਿ 65 ਫੀਸਦ ਤੋਂ ਵੱਧ ਮੁਲਾਜ਼ਮ ਡਿਊਟੀਆਂ ਕਰਦੇ ਰਹੇ, ਜਿਸ ਨਾਲ ਜਿਆਦਾ ਰੂਟ ਪ੍ਰਭਾਵਿਤ ਨਹੀਂ ਹੋਏ। ਦੂਜੇ ਪਾਸੇ ਯੂਨੀਅਨ ਆਗੂਆਂ ਤੇ ਵਿੱਤ ਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਵਿਚਕਾਰ ਹੋਈ ਬੈਠਕ ’ਚ ਸਹਿਮਤੀ ਨਾ ਬਣਨ ਕਾਰਨ ਯੂਨੀਅਨ ਵੱਲੋਂ ਹੜਤਾਲ ਜਾਰੀ ਰੱਖਣ ਦਾ ਐਲਾਨ ਕਰਦਿਆ 22 ਅਕਤੂਬਰ ਨੂੰ ਦਿੜਬਾ ਵਿਖੇ ਵੱਡਾ ਇਕੱਠ ਕਰਕੇ ਟਰਾਂਸਪੋਰਟ ਮੰਤਰੀ ਹਰਪਾਲ ਚੀਮਾ ਦੇ ਹਲਕੇ ’ਚ ਵਿਸ਼ਾਲ ਰੋਸ ਪ੍ਰਦਰਨ ਕਰਨ ਦਾ ਐਲਾਨ ਕਰਨ ਦੇ ਨਾਲ ਹੀ 23 ਅਕਤੂਬਰ ਨੂੰ ਵਿਧਾਨ ਸਭਾ ਦਾ ਘਿਰਾਓ ਤੇ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ ਵੀ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਅਤੇ ਸੀਨੀ. ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਹੜਤਾਲ ਦੌਰਾਨ ਹੀ ਅੱਜ ਚੰਡੀਗੜ੍ਹ ਵਿਖੇ ਵਿੱਤ ਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾਂ ਨਾਲ ਯੂਨੀਅਨ ਆਗੂਆਂ ਦੀ ਮੀਟਿੰਗ ਹੋਈ ਸੀ, ਜਿਸ ’ਚ ਸਰਕਾਰ ਵੱਲੋਂ ਮੰਨੀਆਂ ਮੰਗਾਂ ਦੇ ਲਾਗੂ ਕਰਨ ਲਈ ਮੁੜ ਫਿਰ 29 ਅਕਤੂਬਰ ਤੱਕ ਦਾ ਸਮਾ ਮੰਗਿਆ ਗਿਆ ਸੀ ਪ੍ਰੰਤੂ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਹੁਣ ਹੋਰ ਸਮਾ ਨਹੀਂ ਦਿੱਤਾ ਜਾ ਸਕਦਾ ਤੇ ਹੜਤਾਲ ਲਗਾਤਾਰ ਜਾਰੀ ਰਹੇਗੀ।
ਉਨ੍ਹਾਂ ਦੱਸਿਆ ਕਿ ਹੜਤਾਲ ਦੌਰਾਨ ਕੱਲ (22 ਅਕਤੂਬਰ ਨੂੰ) ਵਿੱਤ ਮੰਤਰੀ ਦੇ ਹਲਕੇ ’ਚ ਇਕੱਠ ਕੀਤਾ ਜਾਵੇਗਾ ਤੇ 23 ਅਕਤੂਬਰ ਨੂੰ ਵਿਧਾਨ ਸਭਾ ਦੇ ਘਿਰਾਓ ਸਮੇਤ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਵੀ ਰੋਸ਼ ਪ੍ਰਦਰਸਨ ਕੀਤਾ ਜਾਵੇਗਾ ਤੇ ਸਮੂਹ ਡਿਪੂ ਅੱਡਿਆਂ ਤੇ ਵੀ ਧਰਨੇ ਪ੍ਰਧਰਸਨ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਯੂਨੀਅਨ ਆਗੂਆਂ ’ਤੇ ਦਰਜ ਕੀਤੇ ਕੇਸ ਵਾਪਸ ਲੈਣ, ਸਾਥੀਆਂ ਦੀ ਰਿਹਾਈ, ਕੱਚੇ ਕਾਮਿਆ ਨੂੰ ਪੱਕੇ ਕਰਨ ਆਦਿ ਸਮੇਤ ਹੋਰ ਵਿਭਾਗੀ ਮੰਗਾ ਸ਼ਾਮਲ ਹਨ, ਜਿਨ੍ਹਾਂ ਬਾਰੇ ਕਈ ਵਾਰ ਮੀਟਿੰਗ ਹੋਣ ਉਪਰੰਤ ਵੀ ਸਰਕਾਰ ਕੋਈ ਸਾਰਥਿਕ ਹੱਲ ਨਹੀਂ ਕੱਢ ਰਹੀ। ਆਗੂਆਂ ਨੇ ਆਖਿਆ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆ ਸੰਘਰਸ ਜਾਰੀ ਰਹੇਗਾ।
- ਲੋਕ ਹੋਏ ਪਰੇਸ਼ਾਨ
ਸਵੇਰ ਤੋਂ ਹੀ ਸੂਬੇ ਦੇ ਪ੍ਰਮੁੱਖ ਬੱਸ ਅੱਡਿਆਂ 'ਤੇ ਯਾਤਰੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਕਈ ਯਾਤਰੀ ਆਪਣੀਆਂ ਨਿਰਧਾਰਤ ਬੱਸਾਂ ਦੀ ਉਡੀਕ ਵਿੱਚ ਘੰਟਿਆਂ ਤੱਕ ਬੱਸ ਅੱਡਿਆਂ 'ਤੇ ਖੜ੍ਹੇ ਰਹੇ। ਦੂਰ-ਦੁਰਾਡੇ ਜਾਣ ਵਾਲੇ ਯਾਤਰੀਆਂ, ਬਜ਼ੁਰਗਾਂ ਅਤੇ ਮਹਿਲਾਵਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਜਬੂਰੀ ਵੱਸ ਯਾਤਰੀਆਂ ਨੂੰ ਪ੍ਰਾਈਵੇਟ ਬੱਸਾਂ, ਆਟੋ ਅਤੇ ਟੈਕਸੀਆਂ ਦਾ ਸਹਾਰਾ ਲੈਣਾ ਪਿਆ।
-ਕਰੋੜ ਰੁਪਏ ਤੋਂ ਵੱਧ ਦਾ ਘਾਟਾ
ਪੀਆਰਟੀਸੀ ਦੇ ਕੱਚੇ ਕਾਮਿਆ ਵੱਲੋਂ ਕੀਤੀ ਹੜਤਾਲ ਦੌਰਾਨ ਅਦਾਰੇ ਨੂੰ ਵੱਡਾ ਵਿੱਤੀ ਨੁਕਸ਼ਾਨ ਹੋਇਆ ਹੈ । ਹੜਤਾਲੀ ਕਰਮੀਆਂ ਅਨੁਸਾਰ ਅੱਜ ਪਹਿਲੇ ਦਿਨ ਹੀ ਪੀਆਰਟੀਸੀ ਨੂੰ ਇੱਕ ਕਰੋੜ ਰੁਪਏ ਤੋਂ ਵੱਧ ਦਾ ਘਾਟਾ ਪਿਆ ਹੈ। ਯੂਨੀਅਨ ਆਗੂਆਂ ਦਾ ਦਾਅਵਾ ਹੈ ਕਿ 80 ਫੀਸਦੀ ਮੁਲਾਜਮ ਹੜਤਾਲ ’ਤੇ ਸਨ ਤੇ ਲਗਪਗ 70 ਫੀਸਦ ਬੱਸਾਂ ਦਾ ਚੱਕਾ ਜਾਮ ਰਿਹਾ ਹੈ। ਜਿਕਰਯੋਗ ਹੈ ਕਿ ਇਹ ਘਾਟਾ ਸਿਰਫ ਇੱਕ ਅਦਾਰੇ ਪੀਆਰਟੀਸੀ ਦੀ ਹੈ ਜਦੋਂ ਕਿ ਪੰਜਾਬ ਰੋਡਵੇਜ-ਪਨ ਬੱਸ ਦੀ ਬੱਸ ਸੇਵਾ ਵੀ ਪ੍ਰਭਾਵਿਤ ਰਹੀ ਹੈ।