ਪੀਆਰਟੀਸੀ ਪੈਨਸ਼ਨਰਾਂ ਦੀ ਚੇਅਰਮੈਨ ਨਾਲ ਹੋਈ ਮੀਟਿੰਗ ਪੀਆਰਟੀਸੀ ਪੈਨਸ਼ਨਰਾਂ ਦੀ ਚੇਅਰਮੈਨ ਨਾਲ ਹੋਈ ਮੀਟਿੰਗ
Publish Date: Thu, 23 Jul 2026 06:18 PM (IST)
Updated Date: Fri, 24 Jul 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੀਆਰਟੀਸੀ ਪੈਨਸ਼ਨਰਜ਼ ਐਸੋਸੀਏਸ਼ਨ ਦੇ ਵਫ਼ਦ ਨੇ ਪੈਨਸ਼ਨ ਅਤੇ ਲੰਬਿਤ ਬਕਾਇਆਂ ਦੇ ਮਸਲੇ ਨੂੰ ਲੈ ਕੇ ਚੇਅਰਮੈਨ ਹਰਪਾਲ ਜਨੇਜਾ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਚੇਅਰਮੈਨ ਨੇ ਭਰੋਸਾ ਦਿੱਤਾ ਕਿ ਜੁਲਾਈ ਮਹੀਨੇ ਦੀ ਪੈਨਸ਼ਨ ਦੇ ਨਾਲ 2016 ਦੇ ਪੇ-ਕਮਿਸ਼ਨ ਦੇ ਗਰੇਡਾਂ ਦੇ ਏਰੀਅਰ ਦੀ ਕਿਸ਼ਤ ਜਾਰੀ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਪੈਨਸ਼ਨ ਵੀ ਸਮੇਂ ਸਿਰ ਅਦਾ ਕਰਨ ਦੇ ਯਤਨ ਕੀਤੇ ਜਾਣਗੇ। ਵਫ਼ਦ ਦੀ ਅਗਵਾਈ ਐਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ ਅਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਕੀਤੀ। ਉਨ੍ਹਾਂ ਦੇ ਨਾਲ ਵਾਈਸ ਚੇਅਰਮੈਨ ਬਚਿੱਤਰ ਸਿੰਘ, ਜਨਰਲ ਸਕੱਤਰ ਬਚਨ ਸਿੰਘ ਅਰੋੜਾ, ਸਕੱਤਰ ਜਨਰਲ ਹਰੀ ਸਿੰਘ ਚਮਕ ਅਤੇ ਕੈਸ਼ੀਅਰ ਅਮੋਲਕ ਸਿੰਘ ਵੀ ਮੌਜੂਦ ਸਨ। ਅਦਾਰੇ ਵੱਲੋਂ ਮੁੱਖ ਲੇਖਾ ਅਫ਼ਸਰ ਰਾਕੇਸ਼ ਕੁਮਾਰ ਗਰਗ ਵੀ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ਦੌਰਾਨ ਵਫ਼ਦ ਨੇ ਕਿਹਾ ਕਿ 2016 ਦੇ ਪੇ-ਕਮਿਸ਼ਨ ਦੇ ਬਕਾਏ ਹੋਰ ਸਰਕਾਰੀ ਅਦਾਰਿਆਂ ਵਿੱਚ ਅਦਾ ਕੀਤੇ ਜਾ ਚੁੱਕੇ ਹਨ, ਪਰ ਪੀਆਰਟੀਸੀ ਦੇ ਪੈਨਸ਼ਨਰ ਅਜੇ ਵੀ ਉਡੀਕ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬਕਾਏ ਮਿਲਣ ਦੀ ਉਡੀਕ ਕਰਦਿਆਂ 200 ਤੋਂ ਵੱਧ ਪੈਨਸ਼ਨਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਪਰਿਵਾਰਾਂ ਵਿੱਚ ਪਤੀ-ਪਤਨੀ ਦੋਵੇਂ ਇਸ ਦੁਨੀਆ ਤੋਂ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗ ਪੈਨਸ਼ਨਰਾਂ ਨੂੰ ਆਪਣੀ ਹੀ ਹੱਕੀ ਰਕਮ ਲਈ ਵਾਰ-ਵਾਰ ਦਫ਼ਤਰਾਂ ਦੇ ਚੱਕਰ ਲਗਾਉਣੇ ਪੈ ਰਹੇ ਹਨ, ਜੋ ਬਹੁਤ ਦੁਖਦਾਈ ਹੈ। ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਕਰੀਬ ਇੱਕ ਸਾਲ ਤੋਂ ਲੰਬਿਤ ਮੈਡੀਕਲ ਬਿਲਾਂ ਅਤੇ ਹੋਰ ਬਕਾਇਆ ਅਦਾਇਗੀਆਂ ਨੂੰ ਵੀ ਜਲਦ ਜਾਰੀ ਕੀਤਾ ਜਾਵੇ, ਕਿਉਂਕਿ ਕਈ ਪੈਨਸ਼ਨਰ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਹਨ ਅਤੇ ਇਲਾਜ ਲਈ ਇਸ ਰਕਮ ਤੇ ਨਿਰਭਰ ਹਨ। ਚੇਅਰਮੈਨ ਹਰਪਾਲ ਜਨੇਜਾ ਨੇ ਭਰੋਸਾ ਦਿਵਾਇਆ ਕਿ ਉਹ ਖ਼ਜ਼ਾਨਾ ਮੰਤਰੀ ਨਾਲ ਗੱਲਬਾਤ ਕਰਕੇ ਲੋੜੀਂਦੇ ਫੰਡ ਪ੍ਰਾਪਤ ਕਰਨਗੇ, ਤਾਂ ਜੋ ਜੁਲਾਈ ਦੀ ਪੈਨਸ਼ਨ ਨਾਲ ਪੇ-ਕਮਿਸ਼ਨ ਦੇ ਏਰੀਅਰ ਦੀ ਕਿਸ਼ਤ ਜਾਰੀ ਕੀਤੀ ਜਾ ਸਕੇ ਅਤੇ ਅੱਗੇ ਵੀ ਪੈਨਸ਼ਨ ਸਮੇਂ ਸਿਰ ਮਿਲਦੀ ਰਹੇ। ਉਨ੍ਹਾਂ ਅਤੇ ਮੁੱਖ ਲੇਖਾ ਅਫ਼ਸਰ ਨੇ ਇਹ ਵੀ ਭਰੋਸਾ ਦਿੱਤਾ ਕਿ ਲੰਬਿਤ ਮੈਡੀਕਲ ਬਿਲਾਂ ਅਤੇ ਹੋਰ ਬਕਾਇਆਂ ਦੀ ਅਦਾਇਗੀ ਵੀ ਜਲਦ ਕਰਵਾਈ ਜਾਵੇਗੀ। ਐਸੋਸੀਏਸ਼ਨ ਦੇ ਆਗੂਆਂ ਨੇ ਮੀਟਿੰਗ ਨੂੰ ਸਕਾਰਾਤਮਕ ਅਤੇ ਸਾਰਥਕ ਕਰਾਰ ਦਿੰਦਿਆਂ ਉਮੀਦ ਜਤਾਈ ਕਿ ਪ੍ਰਬੰਧਨ ਆਪਣੇ ਭਰੋਸੇ ਤੇ ਜਲਦੀ ਅਮਲ ਕਰੇਗਾ।