ਸੋਈ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਪੁਤਲਾ ਫੂਕ ਰੋਸ ਪ੍ਰਦਰਸ਼ਨ ਪੇਪਰ ਲੀਕ ਸਮੇਤ ਭਰਤੀ ਘਪਲਿਆਂ ਖ਼ਿਲਾਫ਼ ਸੋਈ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਪੁਤਲਾ ਫੂਕ ਰੋਸ ਪ੍ਰਦਰਸ਼ਨ
Publish Date: Wed, 29 Jul 2026 05:51 PM (IST)
Updated Date: Wed, 29 Jul 2026 05:55 PM (IST)
ਪੇਪਰ ਲੀਕ ਮਾਮਲਿਆਂ ਨੇ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਦਾਅ ਤੇ ਲਾਇਆ : ਝਿੰਜਰ -ਪੇਪਰ ਲੀਕ ਸਮੇਤ ਭਰਤੀ ਘਪਲਿਆਂ ਦਾ ਮਾਮਲਾ ਫੋਟੋ 29ਪੀਟੀਐੱਲ- 24 ਸਟਾਫ ਰਿਪੋਰਟਰ, •ਪੰਜਾਬੀ ਜਾਗਰਣ•, ਪਟਿਆਲਾ : ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਸੋਈ) ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੱਖ ਗੇਟ ਅੱਗੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੀ ਫਾਰਮਾਸਿਸਟ ਭਰਤੀ ਪ੍ਰੀਖਿਆ ’ਚ ਸਾਹਮਣੇ ਆਏ ਹਾਈ-ਟੈਕ ਨਕਲ ਰੈਕਟ ਤੇ ਪੰਜਾਬ ਦੀਆਂ ਹੋਰ ਸਰਕਾਰੀ ਭਰਤੀਆਂ ਵਿਚ ਸਾਹਮਣੇ ਆਏ ਕਥਿਤ ਪੇਪਰ ਲੀਕ ਅਤੇ ਘਪਲਿਆਂ ਦੇ ਵਿਰੋਧ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸੋਈ ਦੇ ਕੌਮੀ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਸਾਲਾਂ ਤੱਕ ਸਖ਼ਤ ਮਿਹਨਤ ਕਰਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦਾ ਹੈ, ਪਰ ਵਾਰ-ਵਾਰ ਪੇਪਰ ਲੀਕ ਤੇ ਭਰਤੀ ਘਪਲਿਆਂ ਕਾਰਨ ਉਸ ਦੀ ਮਿਹਨਤ ਅਤੇ ਭਵਿੱਖ ਦੋਵੇਂ ਦਾਅ ਤੇ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਪ੍ਰਸ਼ਾਸਨਿਕ ਨਾਕਾਮੀ ਨਹੀਂ, ਸਗੋਂ ਲੱਖਾਂ ਨੌਜਵਾਨਾਂ ਦੇ ਭਵਿੱਖ ਨਾਲ ਧੋਖਾ ਹੈ। ਉਨ੍ਹਾਂ ਮੰਗ ਕੀਤੀ ਕਿ ਪੇਪਰ ਲੀਕ ਤੇ ਭਰਤੀ ਘਪਲਿਆਂ ਨਾਲ ਜੁੜੇ ਹਰ ਮਾਮਲੇ ਦੀ ਉੱਚ ਪੱਧਰੀ, ਨਿਰਪੱਖ ਅਤੇ ਸਮਾਂਬੱਧ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ਸੋਈ ਮਾਲਵਾ ਜ਼ੋਨ-3 ਦੇ ਪ੍ਰਧਾਨ ਕੁਲਦੀਪ ਸਿੰਘ ਝਿੰਜਰ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦਾ ਸਰਕਾਰੀ ਭਰਤੀ ਪ੍ਰਣਾਲੀ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀਪੀਐਸਸੀ ਐਗਰੀਕਲਚਰ ਡਿਵੈਲਪਮੈਂਟ ਅਫ਼ਸਰ ਭਰਤੀ ਪ੍ਰੀਖਿਆ-2024 ’ਚ ਪ੍ਰਸ਼ਨ ਪੱਤਰ ਲੀਕ ਹੋਣ ਅਤੇ ਲੱਖਾਂ ਰੁਪਏ ਲੈ ਕੇ ਪੇਪਰ ਵੇਚੇ ਜਾਣ ਦੇ ਦੋਸ਼, ਪੀਐਸਐਸਐਸਬੀ ਗਰੁੱਪ-ਬੀ ਭਰਤੀਆਂ ਵਿਚ ਨਾਇਬ ਤਹਿਸੀਲਦਾਰ, ਸੀਨੀਅਰ ਅਸਿਸਟੈਂਟ ਸਮੇਤ ਵੱਖ-ਵੱਖ ਅਸਾਮੀਆਂ ਦੀ ਭਰਤੀ ਦੌਰਾਨ ਉੱਠੇ ਵਿਵਾਦ ਅਤੇ ਹੁਣ ਬਾਬਾ ਫਰੀਦ ਯੂਨੀਵਰਸਿਟੀ ਦੇ ਫਾਰਮਾਸਿਸਟ ਭਰਤੀ ਪ੍ਰੀਖਿਆ ਵਿਚ ਹਾਈ-ਟੈਕ ਨਕਲ ਰੈਕਟ ਦਾ ਬੇਨਕਾਬ ਹੋਣਾ ਬਹੁਤ ਹੀ ਗੰਭੀਰ ਮਾਮਲੇ ਹਨ। ਝਿੰਜਰ ਨੇ ਕਿਹਾ, ਸੋਈ ਪੰਜਾਬ ਦੇ ਹਰ ਵਿਦਿਆਰਥੀ ਤੇ ਨੌਜਵਾਨ ਦੀ ਆਵਾਜ਼ ਬਣ ਕੇ ਲੜੇਗੀ। ਸੋਈ ਆਗੂਆਂ ਨੇ ਮੰਗ ਕੀਤੀ ਕਿ ਪੇਪਰ ਲੀਕ ਅਤੇ ਭਰਤੀ ਘਪਲਿਆਂ ਦੀ ਜਾਂਚ ਕਿਸੇ ਸੁਤੰਤਰ ਏਜੰਸੀ ਤੋਂ ਕਰਵਾਈ ਜਾਵੇ, ਨੌਜਵਾਨਾਂ ਨੂੰ ਇਨਸਾਫ਼ ਦਿੱਤਾ ਜਾਵੇ। ਅੰਤ ਵਿੱਚ ਸੋਈਦੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਠੋਸ ਕਾਰਵਾਈ ਨਾ ਕੀਤੀ ਤਾਂ ਪੰਜਾਬ ਭਰ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਨਾਲ ਲੈ ਕੇ ਵੱਡਾ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸਕੱਤਰ ਜਰਨਲ ਸੋਈ ਪੰਜਾਬ ਮਨਵਿੰਦਰ ਸਿੰਘ ਵੜੈਚ, ਸਕੱਤਰ ਮਾਲਵਾ ਜ਼ੋਨ ਲਾਲੀ ਸੰਧੂ, ਮੀਤ ਪ੍ਰਧਾਨ ਸੋਈ ਮਾਲਵਾ ਜ਼ੋਨ ਤਿੰਨ ਅਮਰਿੰਦਰ ਸਿੰਘ ਮਾਨ, ਪੰਜਾਬੀ ਯੂਨੀਵਰਸਿਟੀ ਸੋਈ ਪ੍ਰਧਾਨ ਹੁਸਨਦੀਪ ਸਿੰਘ ਚਹਿਲ, ਸੋਈ ਜ਼ਿਲ੍ਹਾ ਪ੍ਰਧਾਨ ਪਟਿਆਲਾ ਦਿਹਾਤੀ ਵਰਿੰਦਰ ਸਿੰਘ ਨਾਭਾ, ਜ਼ਿਲ੍ਹਾ ਪ੍ਰਧਾਨ ਪਟਿਆਲਾ ਸ਼ਹਿਰੀ ਸਹਿਜਪ੍ਰੀਤ ਸਿੰਘ ਸਾਹਨੀ, ਜ਼ਿਲ੍ਹਾ ਪ੍ਰਧਾਨ ਫ਼ਤਿਹਗੜ੍ਹ ਸਾਹਿਬ ਸਹਿਜਪ੍ਰੀਤ ਸਿੰਘ ਧਾਲੀਵਾਲ ਅਤੇ ਹੋਰ ਆਗੂ ਮੌਜੂਦ ਰਹੇ।