ਨਵੇਂ ਸਕੇਲਾਂ ਸਬੰਧੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਨਵੇਂ ਸਕੇਲਾਂ ਸੰਬੰਧੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆ
Publish Date: Fri, 17 Jul 2026 06:13 PM (IST)
Updated Date: Fri, 17 Jul 2026 06:16 PM (IST)
ਭਾਰਤ ਭੂਸ਼ਣ ਗੋਇਲ, •ਪੰਜਾਬੀ ਜਾਗਰਣ, •ਸਮਾਣਾ : ਪੰਜਾਬ ਸਕੇਲ, ਪੁਰਾਣੀ ਪੈਨਸ਼ਨ ਤੇ ਭੱਤੇ ਬਹਾਲੀ ਮੋਰਚੇ ਵੱਲੋਂ ਨਵੇਂ ਸਕੇਲਾਂ ਸਬੰਧੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਕੇ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਐਲਾਨ ਕੀਤਾ ਕਿ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ 7 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਸੂਬਾ ਪੱਧਰੀ ਰੈਲੀ ’ਚ ਪੰਜਾਬ ਸਕੇਲ, ਪੁਰਾਣੀ ਪੈਨਸ਼ਨ ਤੇ ਭੱਤੇ ਬਹਾਲੀ ਮੋਰਚੇ ਦੇ ਬੈਨਰ ਹੇਠ ਵੱਡੀ ਗਿਣਤੀ ਨਾਲ ਹਿੱਸਾ ਲਿਆ ਜਾਵੇਗਾ। ਇਸ ਮੌਕੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਸਕੱਤਰ ਹਰਦੀਪ ਟੋਡਰਪੁਰ, ਡੀਟੀਐੱਫ਼ ਪਟਿਆਲਾ ਦੇ ਜ਼ਿਲ੍ਹਾ ਆਗੂ ਰਾਜਿੰਦਰ ਸਮਾਣਾ, ਹਰਵਿੰਦਰ ਬੇਲੂਮਾਜਰਾ, ਗੁਰਵਿੰਦਰ ਖੱਟੜਾ ਤੇ ਸਤਪਾਲ ਸਮਾਣਵੀ ਨੇ ਦੱਸਿਆ ਕਿ 6 ਸਾਲ ਪਹਿਲਾਂ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਲਈ ਨਵੇਂ ਤਨਖਾਹ ਸਕੇਲ ਲਾਗੂ ਕਰਨ ਮੌਕੇ ਵਿਰੋਧੀ ਧਿਰ ਦੇ ਤੌਰ ਤੇ ‘ਆਪ’ ਨੇ ਕਾਂਗਰਸ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਸੀ ਅਤੇ ਪੰਜਾਬ ਦੇ ਮੁਲਾਜ਼ਮਾਂ ਨਾਲ ਇਹ ਵਾਅਦਾ ਕੀਤਾ ਸੀ ਕੇ ਉਨ੍ਹਾਂ ਦੀ ਸਰਕਾਰ ਬਣਦਿਆਂ ਹੀ ਇਸ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਜਾਵੇਗਾ ਪਰ ਆਪ ਸਰਕਾਰ ਕੀਤੇ ਹੋਏ ਬਾਕੀ ਵਾਅਦਿਆਂ ਦੀ ਤਰ੍ਹਾਂ ਇਸ ਵਾਅਦੇ ਤੋਂ ਵੀ ਨੰਗੇ ਚਿੱਟੇ ਰੂਪ ’ਚ ਮੁੱਕਰ ਚੁੱਕੀ ਹੈ। ਮੋਰਚੇ ਦੇ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ 17/7/2020 ਦੇ ਮੁਲਾਜ਼ਮ ਵਿਰੋਧੀ ਪੱਤਰ ਨੂੰ ਰੱਦ ਕਰਕੇ ਛੇਵੇਂ ਪੰਜਾਬ ਤਨਖਾਹ ਸਕੇਲ ਸਮੇਤ 15 ਫ਼ੀਸਦੀ ਵਾਧੇ ਅਨੁਸਾਰ ਤਨਖਾਹ ਫਿਕਸ ਕਰੇ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ’ਚ ਜਬਰੀ ਤਨਖਾਹ ਕਟੌਤੀ ਕਰਕੇ ਰੈਗੂਲਰ ਕੀਤੇ 1007 ਨਾਨ ਟੀਚਿੰਗ ਕਰਮਚਾਰੀਆਂ ਲਈ ਪੰਜਾਬ ਤਨਖਾਹ ਸਕੇਲਾਂ ਸਮੇਤ ਸਾਲ 2018 ਤੋਂ ਪੈਂਡਿੰਗ ਸਾਰੇ ਵਿੱਤੀ ਲਾਭ ਬਹਾਲ ਕੀਤੇ ਜਾਣ। ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਹਕੀਕੀ ਰੂਪ ’ਚ ਲਾਗੂ ਕਰਨ ਸੰਬੰਧੀ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (ਐੱਸ.ਓ.ਪੀ.) ਜਾਰੀ ਕਰਨ ਅਤੇ ਸਮੂਹ ਨਵੀਂ ਪੈਨਸ਼ਨ ਸਕੀਮ (ਐਨ.ਪੀ.ਐਸ.) ਮੁਲਾਜ਼ਮਾਂ ਦੇ ਜੀ.ਪੀ.ਐਫ. ਖਾਤੇ ਖੋਲਣ ਦੀ ਮੰਗ ਕੀਤੀ ਗਈ। ਇਸ ਮੌਕੇ ਮਨਦੀਪ ਕੌਰ, ਵੀਰਪਾਲ ਕੌਰ, ਚਰਨਜੀਤ ਕੌਰ, ਲਵਪ੍ਰੀਤ ਸਿੰਘ, ਅਨਮੋਲ ਬੱਲੂਆਣਾ, ਭੁਪਿੰਦਰ ਸਿੰਘ, ਤਲਜਿੰਦਰ ਸਿੰਘ, ਗੁਰਤੇਜ ਸਿੰਘ, ਪਰਗਟ ਸਿੰਘ, ਕੁਲਵੰਤ ਸਿੰਘ, ਜਸਵੀਰ ਸਿੰਘ, ਹਰਜਿੰਦਰ ਸਿੰਘ, ਬੀਰਇੰਦਰ ਸਿੰਘ, ਨਿਖਿਲ ਬਾਂਸਲ, ਕੰਵਲ ਕੰਬੋਜ, ਹਰਬੰਸ ਸਿੰਘ, ਰੋਬਿਨ ਕੁਮਾਰ ਆਦਿ ਸਾਥੀ ਸ਼ਾਮਲ ਰਹੇ।