ਪੰਜਾਬੀ ਯੂਨੀਵਰਸਿਟੀ ਪੂਰਾ ਦਿਨ ਰਹੀ ਬੰਦ, ਗੇਟਾਂ ’ਤੇ ਵਿਦਿਆਰਥੀ ਜਥੇਬੰਦੀ ਦਾ ਧਰਨਾ ਪੰਜਾਬੀ ਯੂਨੀਵਰਸਿਟੀ ਪੂਰਾ ਦਿਨ ਰਹੀ ਬੰਦ, ਗੇਟਾਂ ’ਤੇ ਵਿਦਿਆਰਥੀ ਜਥੇਬੰਦੀ ਦਾ ਧਰਨਾ
Publish Date: Mon, 24 Aug 2026 06:49 PM (IST)
Updated Date: Mon, 24 Aug 2026 06:51 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵੱਲੋਂ ਫੀਸਾਂ ਵਿਚ ਕੀਤਾ ਗਿਆ ਵਾਧਾ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਪਿਛਲੇ 13 ਦਿਨਾਂ ਤੋਂ ਵੀਸੀ ਦਫ਼ਤਰ ਅੱਗੇ ਫੀਸ ਵਾਧੇ ਵਿਰੋਧੀ ਫਰੰਟ ਵਲੋਂ ਪੱਕਾ ਮੋਰਚਾ ਲਗਾਤਾਰ ਜਾਰੀ ਹੈ। ਉਥੇ ਹੀ ਸੋਮਵਾਰ ਪੂਰਾ ਦਿਨ ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ’ਵਰਸਿਟੀ ਦੇ ਗੇਟ ਬੰਦ ਰੱਖੇ ਗਏ। ਇਸ ਦੌਰਾਨ ਵਿਦਿਆਰਥੀ ਆਗੂਆਂ ਦੀ ਦੋ ਗੇੜ ਵਿਚ ਅਥਾਰਟੀ ਨਾਲ ਮੀਟਿੰਗ ਹੋਈ, ਜਿਸ ਤੋਂ ਬਾਅਦ ਦੇਰ ਸ਼ਾਮ ਨੂੰ ਫੀਸਾਂ ਸਬੰਧੀ ਰੀਵੀਊ ਕਮੇਟੀ ਬਣਾਉਣ ਦਾ ਭਰੋਸਾ ਦਿੱਤਾ ਗਿਆ ਹੈ। ਯੂਨਾਈਟਡ ਸਿੱਖ ਸਟੁਡੈਂਟ ਫੈਡਰੇਸ਼ਨ ਆਗੂ ਨਿਰਮਲਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਲੋਂ ਅਗਾਊਂ ਸੂਚਨਾ ਤੋਂ ਬਿਨਾਂ ਹੀ ਵੱਖ ਵੱਖ ਵਿਸ਼ਿਆਂ ਤੇ ਹੋਸਟਲਾਂ ਦੀਆਂ ਫੀਸਾਂ ’ਚ ਵਾਧਾ ਕੀਤਾ ਗਿਆ ਹੈ। ਉਨਾਂ ਅਨੁਸਾਰ ਵਿਦਿਆਰਥੀਆਂ ਦੇ ਦਾਖਲੇ ਤੋਂ ਬਾਅਦ ਕੀਤਾ ਗਿਆ ਵਾਧਾ ਸਿੱਧੇ ਤੌਰ ’ਤੇ ਵੱਡਾ ਧੋਖਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਫੀਸਾਂ ਵਿਚ ਅਥਾਹ ਵਾਧਾ ਕਰਨ ਦਾ ਜਦੋਂ ਵਿਰੋਧ ਸ਼ੁਰੂ ਹੋਇਆ ਤਾਂ ਨਿਗੁਣੀ ਕਮੀ ਕਰਕੇ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਫੀਸਾਂ ਦੇ ਵਾਧੇ ਨੂੰ ਪੂਰਨ ਤੌਰ ’ਤੇ ਵਾਪਸ ਕਰਵਾਉਣ ਲਈ ਤਿੱਖਾ ਸੰਘਰਸ਼ ਵਿੱਢਿਆ ਗਿਆ ਹੈ। -ਪੂਰਾ ਦਿਨ ’ਵਰਸਿਟੀ ਦੇ ਗੇਟ ਰਹੇ ਬੰਦ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਗੇਟ ਸਮੇਤ ਸਾਰੇ ਦਰਵਾਜਿਆਂ ਨੂੰ ਸਵੇਰੇ ਹੀ ਬੰਦ ਕਰ ਦਿੱਤਾ ਗਿਆ। ਜਿਸ ਕਰਕੇ ਵਰਸਿਟੀ ਵਿਚ ਨਾ ਤਾਂ ਵਿਦਿਆਰਥੀ ਦਾਖਲ ਹੋ ਸਕਿਆ ਹੈ ਤੇ ਨਾ ਹੀ ਅਧਿਕਾਰੀ ਤੇ ਕਰਮਚਾਰੀ। ਮੁੱਖ ਗੇਟ ’ਤੇ ਵਾਹਨਾਂ ਤੇ ਵਿਦਿਆਰਥੀਆਂ ਦੀ ਭੀੜ ਲੱਗ ਗਈ। ਕਈ ਕਰਮਚਾਰੀ ਵੀ ਗੇਟ ਖੁੱਲ੍ਹਣ ਦੀ ਉਡੀਕ ਕਰਦੇ ਹੋਏ ਨਜ਼ਰ ਆਏ। ਇਸ ਦੌਰਾਨ ਕੁਝ ਵਿਦਿਆਰਥੀ ਅੰਦਰ ਜਾਣ ਲਈ ਧਰਨਾਕਾਰੀਆਂ ਦੇ ਤਰਲੇ ਵੀ ਕਰਦੇ ਹੋਏ ਦਿਖੇ ਪਰ ਦੇਰ ਸ਼ਾਮ ਤੱਕ ’ਵਰਸਿਟੀ ਦੇ ਗੇਟ ਬੰਦ ਰਹੇ। -ਦੋ ਗੇੜ ’ਚ ਹੋਈ ਮੀਟਿੰਗ ਧਰਨੇ ’ਵਰਸਿਟੀ ਅਥਾਰਟੀ ਵਲੋਂ ਵਿਦਿਆਰਥੀ ਆਗੂਆਂ ਨਾਲ ਦੋ ਵਾਰ ਮੀਟਿੰਗ ਕੀਤੀ ਗਈ। ਪਹਿਲੀ ਮੀਟਿੰਗ ਵਿਚ ਡੀਨ ਅਕਾਦਮਿਕ ਸਮੇਤ ਹੋਰ ਅਧਿਕਾਰੀ ਸ਼ਾਮਿਲ ਹੋਏ। ਜਦੋਂਕਿ ਦੁਪਹਿਰ ਸਮੇਂ ਹੋਈ ਦੂਸਰੇ ਗੇੜ ਦੀ ਮੀਟਿੰਗ ਵਿਚ ਉਪ ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਵਿਦਿਆਰਥੀਆਂ ਆਗੂਆਂ ਨਾਲ ਗੱਲ ਕੀਤੀ ਗਈ। ਜਿਸਤੋਂ ਬਾਅਦ ਛੇ ਵਜੇ ਤੋਂ ਬਾਅਦ ਵਿਦਿਆਰਥੀ ਜਥੇਬੰਦੀਆਂ ਵਲੋਂ ਮੁੱਖ ਗੇਟ ਨੂੰ ਖੋਲ ਦਿੱਤਾ ਗਿਆ ਜਦੋਂਕਿ ਵੀਸੀ ਦਫਤਰ ਅੱਗੇ ਲੱਗਿਆ ਪੱਕਾ ਮੋਰਚਾ ਜਾਰੀ ਰਿਹਾ ਹੈ। -ਵੀਸੀ ਦਫਤਰ ਅੱਗੇ 13ਵੇਂ ਦਿਨ ਧਰਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਫੀਸ ਵਾਧੇ ਵਿਰੋਧੀ ਫਰੰਟ ਵੱਲੋਂ ਪੱਕੇ ਮੋਰਚੇ ਦੇ 13ਵੇਂ ਦਿਨ ਵਿਚ ਹੋਇਆ ਸ਼ਾਮਲ, ਵਿਦਿਆਰਥੀ ਅਗਲੇ ਐਕਸ਼ਨ ਦੀ ਤਿਆਰੀ ਵਿਚ ਜੁੱਟੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਸਟਲ ਅਤੇ ਕੋਰਸ ਫੀਸਾਂ ਵਿਚ ਕੀਤੇ ਭਾਰੀ ਵਾਧੇ ਅਤੇ ਬੁਨਿਆਦੀ ਢਾਂਚੇ ਦੀਆਂ ਸਮੱਸਿਆਵਾਂ ਖਿਲਾਫ ਫੀਸ ਵਾਧੇ ਵਿਰੋਧੀ ਫਰੰਟ ਵੱਲੋਂ ਵੀ.ਸੀ. ਦਫਤਰ ਅੱਗੇ 12 ਅਗਸਤ ਤੋਂ ਸ਼ੁਰੂ ਕੀਤਾ ਪੱਕਾ ਮੋਰਚਾ ਜਾਰੀ ਰਿਹਾ। ਆਗੂ ਡੀਐੱਸਓ ਗੁਰਛਿੰਦਰ ਤੇ ਪਾਰਸ, ਪੰਜਾਬ ਸਟੂਡੈਂਟਸ ਯੂਨੀਅਨ ਤੋਂ ਗੁਰਦਾਸ ਸਿੰਘ ਤੇ ਜਸਪ੍ਰੀਤ ਸਿੰਘ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਤੋਂ ਰਾਹੁਲ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਤੋਂ ਗੁਰਕੀਰਤ ਸਿੰਘ ਤੇ ਜਤਿਨ ਆਦਿ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਲਗਾਤਾਰ ਰੋਸ਼ ਵਧਣ ਦੇ ਨਾਲ ਵਾਈਸ ਚਾਂਸਲਰ ਨੂੰ ਜਿਥੇ ਵਿਦਿਆਰਥੀਆਂ ਦੀ ਸਮੱਸਿਆਵਾਂ ਸੁਣਨੀਆਂ ਚਾਹੀਦੀਆਂ ਸੀ ਉੱਥੇ ਇਸਦੇ ਉਲਟ ਵਾਈਸ ਚਾਂਸਲਰ ਲਗਾਤਾਰ ਵੀ.ਸੀ. ਦਫਤਰ ਵੀ ਨਹੀਂ ਪਹੁੰਚ ਰਹੇ। ਇਸ ਤਰ੍ਹਾਂ ਦੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅਪਣਾਏ ਜਾ ਰਹੇ ਵਿਵਹਾਰ ਕਰਕੇ ਵਿਦਿਆਰਥੀਆਂ ਵਿਚ ਰੋਸ ਵਧ ਰਿਹਾ ਹੈ। -ਵਿੱਤੀ ਹਲਾਤ ਮਾੜੇ, ਫੀਸਾਂ ਲਈ ਰੀਵਿਊ ਕਮੇਟੀ ਬਣਾਈ : ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਅਥਾਰਟੀ ਵਲੋਂ ਵਿਦਿਆਰਥੀਆਂ ਦੀ ਮੰਗ ਨੂੰ ਦੇਖ ਕੇ ਪਿਛਲੇ ਦਿਨੀਂ ਫੀਸਾਂ ’ਚ ਵਾਧੇ ਨੂੰ ਘੱਟ ਕੀਤਾ ਜਾ ਚੁੱਕਅਿਾ ਹੈ ਪ੍ਰੰਤੂ ਹਾਲੇ ਵੀ ਕੁਝ ਜਥੇਬੰਦੀਆਂ ਵਾਧੇ ਨੂੰ ਪੂਰਨ ਤੌਰ ’ਤੇ ਵਾਪਸ ਲੈਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਫਿਲਹਾਲ ਇਸ ਸਬੰਧੀ ਰੀਵੀਊ ਕਮੇਟੀ ਦਾ ਗਠਨ ਕੀਤਾ ਗਿਆ ਹੈ, ਚਰਚਾ ਤੋਂ ਬਾਅਦ ਅਗਲਾ ਫੈਸਲਾ ਹੋਵੇਗਾ। ਉਪ ਕੁਲਪਤੀ ਨੇ ਕਿਹਾ ਕਿ ਹੋਰਾਂ ਵਰਸਿਟੀਆਂ ਦੇ ਮੁਕਾਬਲੇ ’ਚ ਪੰਜਾਬੀ ਯੂਨੀਵਰਸਿਟੀ ਫੀਸ ਬਹੁਤ ਘੱਟ ਹੈ। ’ਵਰਸਿਟੀ ਦੇ ਵਿੱਤੀ ਹਲਾਤ ਕਮਜੋਰ ਹਨ ਅਤੇ ਜੇਕਰ ਫੀਸਾਂ ਵਿਚ ਵਾਧਾ ਨਹੀਂ ਹੁੰਦਾ ਤਾਂ ਹਾਲਾਤ ਹੋਰ ਵੀ ਮਾੜੇ ਹੋਣਗੇ।