- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੱਕੀ ਮੰਗਾਂ ਲਈ ਐੱਸਡੀਐੱਮ ਦਫ਼ਤਰ ਸਾਹਮਣੇ ਧਰਨਾ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਪਿੰਡ ਖਾਨੇਵਾਲ ਦੇ ਲੋਕਾਂ ਦੀਆਂ ਹੱਕੀ ਤੇ ਬੁਨਿਆਦੀ ਮੰਗਾਂ ਨੂੰ ਲੈ ਕੇ ਨੌਜਵਾਨ ਭਾਰਤ ਸਭਾ ਪਿੰਡ ਕਮੇਟੀ ਦੀ ਅਗਵਾਈ ਹੇਠ ਐੱਸਡੀਐੱਮ ਦਫ਼ਤਰ ਪਾਤੜਾਂ ਵਿਖੇ ਰੋਸ ਧਰਨਾ ਦਿੱਤਾ ਗਿਆ। ਧਰਨੇ ਵਿਚ ਪਿੰਡ ਦੇ ਨੌਜਵਾਨਾਂ ਸਮੇਤ ਪਿੰਡ ਵਾਸੀਆਂ ਨੇ ਸ਼ਮੂਲੀਅਤ ਕਰਕੇ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕੀਤੀ। ਨੌਜਵਾਨ ਭਾਰਤ ਸਭਾ ਦੇ ਆਗੂ ਦਵਿੰਦਰ ਛਬੀਲਪੁਰ, ਗੁਰਦੀਪ ਕਲਵਾਣੁ ਅਤੇ ਧਰਮਪਾਲ ਨੇ ਕਿਹਾ ਕਿ ਪਿੰਡ ਖਾਨੇਵਾਲ ਦੀਆਂ ਬੁਨਿਆਦੀ ਸਮੱਸਿਆਵਾਂ ਲੰਮੇ ਸਮੇਂ ਤੋਂ ਸਰਕਾਰ ਅਤੇ ਪ੍ਰਸ਼ਾਸਨ ਦੇ ਧਿਆਨ ਦੀ ਉਡੀਕ ਕਰ ਰਹੀਆਂ ਹਨ। ਪਿੰਡ ਦੇ ਅੱਡੇ ’ਤੇ ਸਰਕਾਰੀ ਬੱਸਾਂ ਨਾ ਰੁਕਣ ਕਾਰਨ ਵਿਦਿਆਰਥੀਆਂ, ਮਜ਼ਦੂਰਾਂ ਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਅੱਡੇ ’ਤੇ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀ ਬੱਸ ਰੋਕੀ ਜਾਵੇ, ਬੰਦ ਪਈ ਸਰਕਾਰੀ ਡਿਸਪੈਂਸਰੀ ਨੂੰ ਲੋੜੀਂਦੇ ਸਟਾਫ਼ ਤੇ ਦਵਾਈਆਂ ਮੁਹੱਈਆ ਕਰਵਾ ਕੇ ਚਾਲੂ ਕੀਤਾ ਜਾਵੇ, ਸਰਕਾਰੀ ਸਕੂਲ ਨੂੰ 10 ਤੋਂ 12 ਤੱਕ ਅਪਗ੍ਰੇਡ ਕੀਤਾ ਜਾਵੇ, ਖੇਡ ਗਰਾਊਂਡ ਤੇ ਵਿਦਿਆਰਥੀਆਂ ਲਈ ਲਾਇਬ੍ਰੇਰੀ ਬਣਾਈਂ ਜਾਵੇ। ਸਟੇਜ ਦੀ ਭੂਮਿਕਾ ਨੌਜਵਾਨ ਆਗੂ ਗੁਰਦੀਪ ਅਜ਼ਾਦ ਵੱਲੋਂ ਨਿਭਾਈ ਗਈ। ਧਰਨੇ ਉਪਰੰਤ ਨੌਜਵਾਨ ਭਾਰਤ ਸਭਾ ਵੱਲੋਂ ਐੱਸ ਡੀ ਐੱਮ ਕਾਲਾ ਰਾਮ ਕਾਂਸਲ ਨੂੰ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਮੰਗ ਪੱਤਰ ਕਰਨ ਉਪਰੰਤ ਬਣਦੀ ਕਾਰਵਾਈ ਕਰਨ ਅਤੇ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ ਹੈ। ਸਭਾ ਦੇ ਆਗੂਆਂ ਨੇ ਕਿਹਾ ਕਿ ਜੇ ਭਰੋਸੇ ਅਨੁਸਾਰ ਮੰਗਾਂ ਨੂੰ ਹੱਲ ਨਹੀਂ ਕੀਤਾ ਜਾਂਦਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਨੌਜਵਾਨ ਆਗੂ ਗੌਰਵ ਸ਼ੁਤਰਾਣਾ, ਖੁਸ਼ਦਿਲ, ਸੁਖਪਾਲ, ਗੁਰਪ੍ਰੀਤ, ਰਾਜੂ, ਜੱਸੀ, ਰਾਣਾ, ਗੁਰਤੇਜ ਖ਼ਾਗ, ਵਿੱਕੀ ਖ਼ਾਗ, ਵਿਸ਼ਾਲ ਹਰਿਆਉ, ਸੁੱਚਾ ਖ਼ਾਗ ਆਦਿ ਹਾਜ਼ਰ ਸਨ।