- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2600 ਅਪ੍ਰੈਂਟਿਸ਼ਿਪ ਲਾਈਨਮੈਨ ਯੂਨੀਅਨ ਦਾ ਟਾਵਰ ਮੋਰਚਾ ਪੁਲਿਸ ਨੇ ਖਦੇੜਿਆ

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ•, ਪਟਿਆਲਾ : ਬਿਜਲੀ ਦੇ ਹਾਈ ਵੋਲਟੇਜ ਟਾਵਰ ’ਤੇ ਚੜ੍ਹੇ 2600 ਅਪ੍ਰੈਂਟਿਸ਼ਿਪ ਲਾਈਨਮੈਨ ਯੂਨੀਅਨ ਦੇ ਨੌਜਵਾਨਾਂ ਦੇ ਹੱਕ ਵਿਚ ਟਾਵਰ ਹੇਠਾਂ ਧਰਨਾ ਦੇ ਰਹੇ ਉਨ੍ਹਾਂ ਦੇ ਸਾਥੀਆਂ ਨੂੰ ਸ਼ੁੱਕਰਵਾਰ ਨੂੰ ਪੁਲਿਸ ਨੇ ਖਦੇੜ ਦਿੱਤਾ ਤੇ ਟਾਵਰ ਮੋਰਚਾ ਖਤਮ ਕਰਵਾਇਆ ਗਿਆ। ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਸਮੇਤ ਕਈ ਕਾਰਕੁਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਯੂਨੀਅਨ ਦੇ ਕੁਝ ਹੋਰ ਕਾਰਕੁਨ ਵੱਖ-ਵੱਖ ਬਿਜਲੀ ਟਾਵਰਾਂ ’ਤੇ ਚੜ੍ਹ ਗਏ ਤੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਪ੍ਰਧਾਨ ਸਮੇਤ ਹਿਰਾਸਤ ਵਿਚ ਲਏ ਸਾਰੇ ਆਗੂਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਹ ਹੇਠਾਂ ਨਹੀਂ ਉਤਰਨਗੇ। ਇਸ ਦੌਰਾਨ ਪੁਲਿਸ ਅਤੇ ਰਾਊਂਡਅਪ ਕੀਤੇ ਗਏ ਯੂਨੀਅਨ ਦੇ ਆਗੂਆਂ ਨਾਲ ਹੋਈ ਮੀਟਿੰਗ ਉਪਰੰਤ ਯੂਨੀਅਨ ਆਗੂਆਂ ਨੇ ਟਾਵਰ ਮੋਰਚਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ 17 ਨਵੰਬਰ ਤੋਂ ਯੂਨੀਅਨ ਦੇ ਕਈ ਨੌਜਵਾਨ ਸੰਗਰੂਰ ਰੋਡ ’ਤੇ ਪਿੰਡ ਭੇਡਪੁਰਾ ਨੇੜੇ ਹਾਈਵੋਲਟੇਜ ਬਿਜਲੀ ਟਾਵਰ ’ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਦੇ ਸਾਥੀਆਂ ਵੱਲੋਂ ਹੇਠਾਂ ਧਰਨਾ ਲਗਾਇਆ ਗਿਆ ਸੀ। ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਅਪ੍ਰੈਂਟਿਸ਼ਿਪ ਪਾਸ ਸਿਖਿਆਰਥੀਆਂ ਦੀ ਜੁਆਇਨਿੰਗ ਕਰਵਾਉਣ ਦੀ ਹੈ। ਜਾਣਕਾਰੀ ਅਨੁਸਾਰ ਉਕਤ ਧਰਨੇ ਨੂੰ ਖਦੇੜਨ ਲਈ ਵੱਡੀ ਗਿਣਤੀ ’ਚ ਪੁਲਿਸ ਬਲ ਧਰਨੇ ਵਾਲੀ ਥਾਂ ਤਾਇਨਾਤ ਕੀਤਾ ਗਿਆ ਤੇ ਤੜਕ ਸਵੇਰ ਟਾਵਰ ਹੇਠਾਂ ਲਗਾਏ ਟੈਂਟ ਪੁੱਟ ਦਿੱਤੇ ਗਏ ਤੇ ਆਗੂਆਂ ਨੂੰ ਹਿਰਾਸ਼ਤ ’ਚ ਲੈ ਲਿਆ ਗਿਆ। ਇਸ ਦੌਰਾਨ ਕਈ ਧਰਨਾਕਾਰੀ ਨੌਜਵਾਨ ਮੌਕੇ ਤੋਂ ਭੱਜ ਗਏ, ਜਿਨ੍ਹਾਂ ’ਚੋਂ ਕੁਝ ਨੇੜਲੇ ਟਾਵਰਾਂ ’ਤੇ ਚੜ੍ਹ ਗਏ। ਮੀਟਿੰਗ ਉਪਰੰਤ ਯੂਨੀਅਨ ਆਗੂਆਂ ਵੱਲੋਂ ਸਮਝਾਉਣ ਤੋਂ ਬਾਅਦ ਉਕਤ ਨੌਜਵਾਨ ਵੀ ਟਾਵਰਾਂ ਤੋਂ ਹੇਠਾਂ ਉਤਰ ਆਏ ਤੇ ਧਰਨਾ ਖਤਮ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਯੂਨੀਅਨ ਪ੍ਰਧਾਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨਾਲ ਹੋਈ ਮੀਟਿੰਗ ’ਚ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ ਹੈ। ਇਸ ਸਬੰਧੀ ਐਸਪੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਧਰਨਾਕਾਰੀਆਂ ਦਾ ਮਾਮਲਾ ਕੋਰਟ ’ਚ ਵਿਚਾਰ ਅਧੀਨ ਹੈ ਤੇ 18 ਨਵੰਬਰ ਦੀ ਪੇਸ਼ੀ ਸੀ। ਇਨ੍ਹਾਂ ਦੀ ਮੰਗ ਸੀ ਕਿ ਜੇਕਰ ਉਨ੍ਹਾਂ ਦੇ ਕੇਸ ਦੀ ਰਿਪਲਾਈ ਕੋਰਟ ’ਚ ਚਲੀ ਜਾਵੇ ਤਾਂ ਉਹ ਧਰਨਾ ਖਤਮ ਕਰ ਦੇਣਗੇ ਪਰ ਇਹ ਰਿਪਲਾਈ ਤੋਂ ਬਾਅਦ ਵੀ ਹੇਠਾਂ ਨਹੀਂ ਉਤਰੇ, ਜਿਸ ਕਾਰਨ ਕਾਰਵਾਈ ਕੀਤੀ ਗਈ ਹੈ।