- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਜਨਾਂ ਪਿੰਡਾਂ ਨੂੰ ਜੋੜਨ ਵਾਲੀ ਟੁੱਟੀ ਸੜਕ ਨੂੰ ਬਣਵਾਉਣ ਲਈ ਦਿੱਤਾ ਰੋਸ ਧਰਨਾ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਸਰਹਿੰਦ ਰੋਡ ’ਤੇ ਪਿੰਡ ਬਸੰਤਪੁਰਾ ਅੱਡੇ ਦੇ ਫਲਾਈਓਵਰ ਹੇਠਾਂ ਬਸੰਤਪੁਰਾ ਤੋਂ ਚੁੰਨੀ ਵਾਇਆ ਪਿੰਡ ਭਗੜਾਣਾ ਦੇ 2 ਦਰਜਨ ਤੋਂ ਵੱਧ ਪਿੰਡਾਂ ਨੂੰ ਜੋੜਣ ਵਾਲੀ ਟੁੱਟੀ ਤੇ ਵੱਡੇ—ਵੱਡੇ ਟੋਇਆਂ ਵਾਲੀ ਸੜਕ ਨੂੰ ਬਣਾਉਣ ਲਈ ਕਾਂਗਰਸੀ ਵਰਕਰਾਂ ਤੇ ਪਿੰਡਾਂ ਦੇ ਵਸਨੀਕਾਂ ਵੱਲੋਂ ਲਗਾਏ ਗਏ ਧਰਨੇ ’ਚ ਲੋਕਾਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕਾ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਧਰਨੇ ਦੌਰਾਨ ਵਿਸ਼ੇਸ਼ ਤੌਰ ’ਤੇ ਪੁੱਜੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਹਲਕਾ ਵਿਚ ਮੌਜੂਦਾ ਹਲਕਾ ਵਿਧਾਇਕਾ ਨੀਨਾ ਮਿੱਤਲ ਨੇ ਦਰਜਨਾਂ ਨੀਂਹ ਪੱਥਰ ਰੱਖੇ ਹਨ ਪਰ ਕੰਮ ਕਿਸੇ ਦਾ ਵੀ ਸ਼ੁਰੂ ਨਹੀਂ ਕਰਵਾ ਸਕੀ। ਉਨ੍ਹਾਂ ਕਿਹਾ ਕਿ ਬਸੰਤਪੁਰਾ ਤੋਂ ਚੁੰਨੀ ਵਾਇਆ ਭਗੜਾਣਾ ਜਾਣ ਵਾਲੀ ਸੜਕ ਦਾ ਬਣਵਾਉਣ ਲਈ ਨੀਂਹ ਪੱਥਰ ਇਕ ਸਾਲ ਪਹਿਲਾਂ ਰੱਖਿਆ ਗਿਆ ਸੀ ਤੇ ਸੜਕ ਅਜੇ ਤੱਕ ਨਹੀਂ ਬਣਨੀ ਸ਼ੁਰੂ ਹੋਈ। ਇਸ ਸੜਕ ਦੇ ਉੱਤੇ ਪਏ ਵੱਡੇ ਖੱਡਿਆਂ ਕਾਰਨ ਸੜਕ ਤੋਂ ਲੰਘਣ ਵਾਲੇ ਦਰਜਨਾਂ ਲੋਕ ਆਪਣੀਆਂ ਹੱਡੀਆਂ—ਪਸਲੀਆਂ, ਲੱਤਾਂ—ਗੋਡੇ ਤੁੜਵਾ ਚੁੱਕੇ ਹਨ। ਇਸ ਵਿਧਾਇਕਾ ਨੂੰ ਲੋਕਾਂ ਦੀਆਂ ਤਕਲੀਫਾਂ ਤੋਂ ਕੁੱਝ ਨਹੀਂ ਲੈਣਾ—ਦੇਣਾ ਪਰ ਨੀਂਹ ਪੱਥਰ ਲਗਾ ਕੇ ਆਪਣਾ ਸ਼ੌਂਕ ਪੂਰਾ ਕਰਨਾ ਹੈ। ਕੰਬੋਜ ਨੇ ਕਿਹਾ ਕਿ ਉਨ੍ਹਾਂ ਹਲਕੇ ਦੀਆਂ ਲਿੰਕ ਰੋਡਾਂ ਨੂੰ 12 ਫੁੱਟ ਤੋਂ 18 ਫੁੱਟ ਦਾ ਬਣਵਾਇਆ। ਲੰਘੇ ਸਾਢੇ 4 ਸਾਲਾਂ ’ਚ ਕਿਸੇ ਪਿੰਡ ਨੂੰ ਕੋਈ ਗ੍ਰਾਂਟ ਨਹੀਂ ਮਿਲੀ ਤੇ ਵਿਧਾਇਕਾ ਬੀਡੀਪੀਓ ਰਾਜਪੁਰਾ ਤੇ ਪੰਚਾਇਤ ਸਕੱਤਰ ਨਾਲ ਮਿਲ ਕੇ ਪਿੰਡਾਂ ਦੀਆਂ ਜ਼ਮੀਨਾਂ ਹੜੱਪਣ ਦੀ ਕੋਸ਼ਿਸ਼ ’ਚ ਲੱਗੇ ਹਨ। ਉਨ੍ਹਾਂ ਦੱਸਿਆ ਕਿ ਉਨਾਂ ਨੇ ਕਾਂਗਰਸ ਰਾਜ ’ਚ ਹਲਕੇ ਦੇ ਪਿੰਡਾਂ ਨੂੰ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਅਤੇ ’ਆਪ’ ਸਰਕਾਰ ਬਣਨ ’ਤੇ ਸਰਕਾਰ ਨੇ ਪੰਚਾਇਤਾਂ ਨੂੰ ਵਿਕਾਸ ਲਈ ਦਿੱਤਾ ਕਰੀਬ 55 ਕਰੋੜ ਵਾਪਿਸ ਲੈ ਲਿਆ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਸੜਕ 10 ਦਿਨਾਂ ਦੇ ਅੰਦਰ ਬਣਨੀ ਸ਼ੁਰੂ ਨਾਂਹ ਹੋਈ ਤਾਂ ਮੁੱਖ ਰਾਜ ਮਾਰਗ ਜਾਮ ਕੀਤਾ ਜਾਵੇਗਾ। ਇਸ ਮੋਕੇ ਨਿਰਮਲ ਸਿੰਘ ਨਿੰਮਾ, ਜਸਵੰਤ ਸਿੰਘ ਅਲੂਣਾ, ਗੁਰਸੇਵਕ ਸਿੰਘ ਬਲਸੂਆਂ, ਹਰਨੇਕ ਸਿੰਘ ਅਲੂਣਾ, ਜੀਤ ਸਿੰਘ ਪੰਮੀ ਉਗਾਣੀ, ਗੁਰਮੀਤ ਸਿੰਘ ਬਸੰਤਪੁਰਾ, ਰਮਨਦੀਪ ਸਿੰਘ ਬਲਸੂਆਂ, ਸੇਵਕ ਸਿੰਘ, ਕਰਮਜੀਤ ਸਿੰਘ ਨੈਣਾ, ਅਮਰਿੰਦਰ ਸਿੰਘ ਬਲਸੂਆਂ, ਰਸ਼ਨਦੀਪ ਸਿੰਘ, ਨੀਲੂ ਸਰਾਏਬੰਜਾਰਾ, ਹਰਪ੍ਰੀਤ ਸਿੰਘ ਅਲੂਣਾ ਸਮੇਤ ਸੈਂਕੜੇ ਲੋਕ ਹਾਜ਼ਰ ਸਨ।