ਨਹਿਰੀ ਪੁਲੀ ਤੇ ਖਾਲ ਦੇ ਵਿਰੋਧ ’ਚ ਸੀਐਮ ਦੇ ਓਐੱਸਡੀ ਖ਼ਿਲਾਫ਼ ਪ੍ਰਦਰਸ਼ਨ ਨਹਿਰੀ ਪੁਲੀ ਤੇ ਖਾਲ ਦੇ ਵਿਰੋਧ 'ਚ ਸੀਐਮ ਦੇ ਓਐਸਡੀ ਖਿਲਾਫ ਪ੍ਰਦਰਸ਼ਨ
Publish Date: Sun, 19 Jul 2026 05:25 PM (IST)
Updated Date: Sun, 19 Jul 2026 05:28 PM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ/ਸ਼ੇਰਪੁਰ : ਬਲਾਕ ਦੇ ਪਿੰਡ ਖੇੜੀ ਕਲਾਂ ਵਿੱਚ ਬਾਬਾ ਭਾਈ ਬਹਿਲੋ ਜੀ ਦੇ ਧਾਰਮਿਕ ਸਥਾਨ ਤੇ ਖੇੜੀ ਕਲਾਂ-ਸ਼ੇਰਪੁਰ ਨੂੰ ਜੋੜਨ ਵਾਲੀ ਨਵੀਂ ਸੜਕ ਉੱਪਰ ਪ੍ਰਸਤਾਵਿਤ ਨਹਿਰੀ ਪੁਲੀ ਤੇ ਖਾਲ ਦੇ ਨਿਰਮਾਣ ਨੂੰ ਲੈ ਕੇ ਵਿਵਾਦ ਹੋਰ ਗਹਿਰਾ ਗਿਆ ਹੈ। ਇਸ ਮਾਮਲੇ ਦੇ ਵਿਰੋਧ ਵਿੱਚ ਸ਼ਹੀਦ ਗੁਰਪ੍ਰੀਤ ਸਿੰਘ ਰਾਜੂ ਬੱਸ ਸਟੈਂਡ, ਸ਼ੇਰਪੁਰ ਵਿਖੇ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਕਿਸਾਨ ਅਤੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਦਾ ਪੁਤਲਾ ਫੂਕ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੀੜਤ ਕਿਸਾਨ ਜਗਰੂਪ ਸਿੰਘ, ਬਘੇਲ ਸਿੰਘ, ਜਸਪਾਲ ਸਿੰਘ ਤੇ ਦਰਸ਼ਨ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਖੇਤਾਂ ’ਚ ਪਿਛਲੇ ਪੰਜ ਦਹਾਕਿਆਂ ਤੋਂ ਨਾ ਕੋਈ ਖਾਲ ਹੈ ਅਤੇ ਨਾ ਹੀ ਪੁਲੀ ਹੈ ਪਰ ਹੁਣ ਰਾਜਨੀਤਿਕ ਦਬਾਅ ਹੇਠ ਨਹਿਰੀ ਵਿਭਾਗ ਅਤੇ ਮੰਡੀ ਬੋਰਡ ਵੱਲੋਂ ਜ਼ਬਰਦਸਤੀ ਪੁਲੀ ਅਤੇ ਖਾਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੋਣ ਦੇ ਬਾਵਜੂਦ ਕੰਮ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ, ਸਾਬਕਾ ਵਿਧਾਇਕ ਤੇ ਭਾਜਪਾ ਆਗੂ ਹਰਚੰਦ ਕੌਰ ਘਨੌਰੀ, ਭਾਜਪਾ ਆਗੂ ਵਿੱਕੀ ਪਰੋਚਾ, ਮਜ਼ਦੂਰ ਆਗੂ ਹਰਜੀਤ ਸਿੰਘ ਖਿਆਲੀ ਤੇ ਕਿਸਾਨ ਆਗੂ ਕਰਮਜੀਤ ਸਿੰਘ ਗੰਡੇਵਾਲ ਨੇ ਦੋਸ਼ ਲਾਇਆ ਕਿ ਸਰਕਾਰ ਆਪਣੇ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਲਾਭ ਪਹੁੰਚਾਉਣ ਲਈ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੁਲੀ ਤੇ ਖਾਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਘਰਸ਼ ਨੂੰ ਸੂਬਾ ਪੱਧਰ ਤੱਕ ਵਧਾਇਆ ਜਾਵੇਗਾ। ----------- ਸਰਕਾਰ ਦਾ ਅਕਸ ਖ਼ਰਾਬ ਕਰਨ ’ਚ ਲਗੇ ਵਿਰੋਧੀ : ਪੰਡੋਰੀ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਦੋਸ਼ਾਂ ਨੂੰ ਝੂਠੇ ਕਰਾਰ ਦਿੰਦਿਆ ਕਿਹਾ ਕਿ ਨਹਿਰੀ ਪੁਲੀ ਤੇ ਖਾਲ ਮਾਮਲੇ ’ਚ ਨਿਰਪੱਖਤਾ ਨਾਲ ਕੰਮ ਹੋਵੇਗਾ। ਪੁਤਲਾ ਫੂਕੇ ਜਾਣ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਨਾ ਹੋਣ ਕਰ ਕੇ ਉਹ ਕਿਸਾਨਾਂ ਦੀ ਆੜ ’ਚ ਮਾਮਲੇ ਨੂੰ ਤੂਲ ਦੇ ਰਹੀਆਂ ਹਨ ਜੋ ਕਿ ਅਤਿ ਨਿੰਦਣਯੋਗ ਹੈ।