- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਕਾਲੀ ਮਾਤਾ ਮੰਦਰ ’ਚ ਲੰਗਰ ਭਵਨ ਨੇੜੇ ਦੀਵਾਰ ਬਣਾਉਣ ਦਾ ਹਿੰਦੂ ਸੰਗਠਨਾਂ ਨੇ ਕੀਤਾ ਵਿਰੋਧ

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, •ਪਟਿਆਲਾ : ਸ਼੍ਰੀ ਕਾਲੀ ਮਾਤਾ ਮੰਦਰ ਵਿਚ ਕਰੀਬ 75 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਨਵੀਨੀਕਰਨ ਤੇ ਸੁੰਦਰੀਕਰਨ ਕਾਰਜ ਦੌਰਾਨ ਲੰਗਰ ਭਵਨ ਨੂੰ ਮੰਦਰ ਕੰਪਲੈਕਸ ਤੋਂ ਵੱਖ ਕਰਨ ਲਈ ਕੰਧ ਬਣਾਏ ਜਾਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਲੰਗਰ ਟਰੱਸਟ ਤੇ ਵੱਖ-ਵੱਖ ਹਿੰਦੂ ਸੰਗਠਨਾਂ ਨੇ ਕੰਧ ਦੇ ਨਿਰਮਾਣ ਦਾ ਵਿਰੋਧ ਕਰਦਿਆਂ ਕਿਹਾ ਕਿ ਲੰਗਰ ਭਵਨ ਨੂੰ ਮੰਦਰ ਤੋਂ ਪੂਰੀ ਤਰ੍ਹਾਂ ਵੱਖ ਕਰਨਾ ਸ਼ਰਧਾਲੂਆਂ ਦੀ ਸਹੂਲਤ ਅਤੇ ਧਾਰਮਿਕ ਭਾਵਨਾਵਾਂ ਦੇ ਅਨੁਕੂਲ ਨਹੀਂ ਹੈ। ਮੌਜੂਦਾ ਸਮੇਂ ਮੰਦਰ ਦੇ ਅੰਦਰੋਂ ਹੀ ਲੰਗਰ ਭਵਨ ਵਿੱਚ ਦਾਖ਼ਲਾ ਹੁੰਦਾ ਹੈ, ਜਦਕਿ ਮੁੱਖ ਦਰਵਾਜ਼ੇ ਤੋਂ ਬਾਹਰ ਜਾਣ ਦਾ ਰਸਤਾ ਹੈ। ਹੁਣ ਜੇਕਰ ਮੰਦਰ ਅਤੇ ਲੰਗਰ ਭਵਨ ਦੇ ਵਿਚਕਾਰ ਦੀਵਾਰ ਬਣਾਈ ਜਾਂਦੀ ਹੈ ਤਾਂ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਮੁੱਦੇ ਨੂੰ ਲੈ ਕੇ ਸੰਗਠਨਾਂ ਵੱਲੋਂ ਸ਼੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਕਰੀਬ ਇਕ ਘੰਟੇ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਐਡਵਾਈਜ਼ਰੀ ਕਮੇਟੀ ਅਤੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਤੋਂ ਬਾਅਦ ਪ੍ਰਦਰਸ਼ਨ ਸਮਾਪਤ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਜਗਤ ਗੁਰੂ ਭੁਵਨੇਸ਼ਵਰੀ ਨੰਦ ਗਿਰੀ ਮਹਾਰਾਜ ਦੀ ਅਗਵਾਈ ਹੇਠ ਧਰਮਾਧੀਸ਼ ਪ੍ਰਮੁੱਖ ਸ਼੍ਰੀ ਸ਼ਿਵ ਸ਼ਕਤੀ ਸੇਵਾਦਲ ਲੰਗਰ ਚੈਰੀਟੇਬਲ ਟਰੱਸਟ, ਅਖਿਲ ਭਾਰਤੀ ਹਿੰਦੂ ਸੁਰੱਖਿਆ ਕਮੇਟੀ, ਸ਼੍ਰੀ ਹਿੰਦੂ ਤਖ਼ਤ ਸਮੇਤ ਵੱਖ-ਵੱਖ ਹਿੰਦੂ ਸੰਗਠਨਾਂ ਦੇ ਅਹੁਦੇਦਾਰ ਅਤੇ ਵਰਕਰ ਮੌਜੂਦ ਰਹੇ। ਪ੍ਰਦਰਸ਼ਨਕਾਰੀਆਂ ਨੇ ਮੰਦਰ ’ਚ ਚੱਲ ਰਹੇ ਨਿਰਮਾਣ ਕਾਰਜ ਦੌਰਾਨ ਇਸ ਦੇ ਪ੍ਰਾਚੀਨ ਸਰੂਪ, ਇਤਿਹਾਸਕ ਨਿਸ਼ਾਨੀਆਂ ਅਤੇ ਸ਼ਰਧਾਲੂਆਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਣ ਦੀ ਮੰਗ ਕੀਤੀ। ਭੁਵਨੇਸ਼ਵਰੀ ਨੰਦ ਗਿਰੀ ਮਹਾਰਾਜ ਨੇ ਕਿਹਾ ਕਿ ਲੰਗਰ ਭਵਨ ਸਿਰਫ਼ ਇੱਕ ਇਮਾਰਤ ਨਹੀਂ, ਸਗੋਂ ਪਿਛਲੇ ਕਰੀਬ 45 ਸਾਲਾਂ ਤੋਂ ਸ਼ਰਧਾਲੂਆਂ ਦੀ ਆਸਥਾ ਅਤੇ ਸੇਵਾ ਨਾਲ ਜੁੜਿਆ ਸਥਾਨ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੰਦਰ ਦੇ ਨਵੀਨੀਕਰਨ ਦੀ ਆੜ ਵਿਚ ਪ੍ਰਾਚੀਨ ਨਿਸ਼ਾਨੀਆਂ ਅਤੇ ਇਤਿਹਾਸਕ ਸਰੂਪ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਦਰ ਨਾਲ ਜੁੜੀ ਹਰ ਇਤਿਹਾਸਕ ਅਤੇ ਧਾਰਮਿਕ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਜ਼ਰੂਰੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ ਦਰਸ਼ਨਾਂ ਦੇ ਨਾਲ ਲੰਗਰ ਸੇਵਾ ਵੀ ਧਾਰਮਿਕ ਆਸਥਾ ਦਾ ਮਹੱਤਵਪੂਰਨ ਹਿੱਸਾ ਹੈ। ਜੇਕਰ ਲੰਗਰ ਭਵਨ ਅਤੇ ਮੰਦਰ ਦੇ ਵਿਚਕਾਰ ਦੀਵਾਰ ਖੜ੍ਹੀ ਕਰ ਦਿੱਤੀ ਜਾਂਦੀ ਹੈ ਤਾਂ ਸ਼ਰਧਾਲੂਆਂ, ਖ਼ਾਸ ਕਰਕੇ ਬਜ਼ੁਰਗਾਂ ਅਤੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਨਿਰਮਾਣ ਕਾਰਜ ਇਸ ਤਰ੍ਹਾਂ ਕੀਤਾ ਜਾਵੇ ਕਿ ਮੰਦਰ ਦੇ ਸੁੰਦਰੀਕਰਨ ਦੇ ਨਾਲ ਇਸ ਦੀ ਇਤਿਹਾਸਕ ਪਛਾਣ, ਧਾਰਮਿਕ ਪਰੰਪਰਾਵਾਂ ਅਤੇ ਸ਼ਰਧਾਲੂਆਂ ਦੀਆਂ ਸਹੂਲਤਾਂ ਵੀ ਸੁਰੱਖਿਅਤ ਰਹਿਣ। ਰੋਸ ਪ੍ਰਦਰਸ਼ਨ ਵਿਚ ਹਰੀਸ਼ ਸਿੰਗਲ, ਸੂਬਾ ਪ੍ਰਧਾਨ ਸ਼ਿਵਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ, ਅਖਿਲ ਭਾਰਤੀ ਜਾਗਰਣ ਸੁਧਾਰ ਮੰਡਲ ਦੇ ਨੁਮਾਇੰਦੇ, ਕੁਸ਼ਲ ਚੋਪੜਾ, ਪ੍ਰਧਾਨ ਹਿੰਦੂ ਸੁਰੱਖਿਆ ਕਮੇਟੀ, ਹਿੰਦੂ ਯੁਵਾ ਵਾਹਿਨੀ ਦੀ ਸੋਨੀਆ ਬਘੇਲ, ਯਾਦਵਿੰਦਰ ਸ਼ਰਮਾ, ਅਸ਼ਵਨੀ ਸ਼ਰਮਾ, ਅਮਿਤ ਸ਼ਰਮਾ (ਹਰੀ ਸਭ ਦਾ ਸਹਾਰਾ ਵੈਲਫੇਅਰ ਸੋਸਾਇਟੀ), ਕਰਨ ਮੌਦਗਿਲ, ਆਰਵੀ ਵਿਸ਼ਿਸ਼ਟ, ਰਾਜੀਵ ਕੁਕਰੇਜਾ, ਨਿਤਿਨ ਸੂਦ, ਵਿਨੈ ਸਚਦੇਵਾ, ਵਿਨੋਦ ਚਾਵਲਾ, ਅਰੁਣ ਕਾਲੜਾ, ਵਰਿੰਦਰ ਗੁਪਤਾ ਸਮੇਤ ਵੱਖ-ਵੱਖ ਹਿੰਦੂ ਸੰਗਠਨਾਂ ਦੇ ਅਹੁਦੇਦਾਰ ਮੌਜੂਦ ਰਹੇ।