ਆਦਰਸ਼ ਸਕੂਲ ਕਰਮਚਾਰੀਆਂ ਦਾ ਪੱਕਾ ਮੋਰਚਾ ਤੀਜੇ ਦਿਨ ਵੀ ਜਾਰੀ ਆਦਰਸ਼ ਸਕੂਲ ਕਰਮਚਾਰੀਆਂ ਦਾ ਪੱਕਾ ਮੋਰਚਾ ਤੀਜੇ ਦਿਨ ਵੀ ਜਾਰੀ
Publish Date: Fri, 07 Aug 2026 04:21 PM (IST)
Updated Date: Sat, 08 Aug 2026 04:02 AM (IST)
ਵਿਧਾਇਕ ਭਰਾਜ ਦੀ ਰਿਹਾਇਸ਼ ਅੱਗੇ ਅੱਜ ਪ੍ਰਦਰਸ਼ਨ ਕਰਨ ਦਾ ਐਲਾਨ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਆਦਰਸ਼ ਸਕੂਲ ਟੀਚਿੰਗ ਐਂਡ ਨਾਨ-ਟੀਚਿੰਗ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਡੀਸੀ ਦਫ਼ਤਰ ਸੰਗਰੂਰ ਅੱਗੇ ਚੱਲ ਰਿਹਾ ਪੱਕਾ ਮੋਰਚਾ ਅਤੇ ਕਲਮ ਛੱਡ ਹੜਤਾਲ ਸ਼ੁੱਕਰਵਾਰ ਤੀਜੇ ਦਿਨ ਵੀ ਜਾਰੀ ਰਹੀ। ਇਸ ਦੌਰਾਨ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਕੀਤੀ ਜਾ ਰਹੀ ਅਣਦੇਖੀ ਨੇ ਕਰਮਚਾਰੀਆਂ ਨੂੰ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ 8 ਅਗਸਤ ਨੂੰ ਸੰਗਰੂਰ ਹਲਕੇ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਰਿਹਾਇਸ਼ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਤਾਂ ਜੋ ਸਰਕਾਰ ਨੂੰ ਉਸ ਦੀ ਸੁੱਤੀ ਨੀਂਦ ਵਿੱਚੋਂ ਜਗਾਇਆ ਜਾ ਸਕੇ ਅਤੇ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਦੀ ਆਵਾਜ਼ ਸੱਤਾ ਦੇ ਦਰਵਾਜ਼ਿਆਂ ਤੱਕ ਪਹੁੰਚਾਈ ਜਾ ਸਕੇ। ਯੂਨੀਅਨ ਨੇ ਦੱਸਿਆ ਕਿ ਇਸ ਸੰਘਰਸ਼ ਵਿੱਚ ਆਦਰਸ਼ ਸਕੂਲਾਂ ਵਿੱਚ ਪੜ੍ਹ ਰਹੇ ਕਰੀਬ 4000 ਵਿਦਿਆਰਥੀਆਂ ਦੇ ਮਾਪੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਇਸ ਤੋਂ ਇਲਾਵਾ ਵੱਖ-ਵੱਖ ਭਰਾਤਰੀ ਜਥੇਬੰਦੀਆਂ ਨੇ ਵੀ ਸੰਘਰਸ਼ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਹੁਣ ਸਿਰਫ਼ ਕਰਮਚਾਰੀਆਂ ਦੀ ਨਹੀਂ ਰਹੀ, ਸਗੋਂ ਸਿੱਖਿਆ ਅਤੇ ਬੱਚਿਆਂ ਦੇ ਭਵਿੱਖ ਦੀ ਲੜਾਈ ਬਣ ਚੁੱਕੀ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਤਿੱਖਾ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਵਿਧਾਨ ਸਭਾ ਦੇ ਅੰਦਰ ਸਿੱਖਿਆ ਕ੍ਰਾਂਤੀ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਵਿਧਾਨ ਸਭਾ ਤੋਂ ਬਾਹਰ ਉਹੀ ਸਿੱਖਿਆ ਕ੍ਰਾਂਤੀ ਸੜਕਾਂ ਤੇ ਆਪਣੇ ਹੱਕਾਂ ਲਈ ਰੁਲ ਰਹੀ ਹੈ। ਜਿਹੜੇ ਅਧਿਆਪਕ ਪੰਜਾਬ ਦੇ ਭਵਿੱਖ ਨੂੰ ਤਿਆਰ ਕਰਦੇ ਹਨ, ਉਹੀ ਅੱਜ ਨਿਗੂਣੀਆਂ ਤਨਖ਼ਾਹਾਂ, ਅਸੁਰੱਖਿਅਤ ਨੌਕਰੀ ਅਤੇ ਸਰਕਾਰ ਦੀ ਬੇਰੁਖ਼ੀ ਕਾਰਨ ਧਰਨਿਆਂ ਤੇ ਬੈਠਣ ਲਈ ਮਜਬੂਰ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਤੁਰੰਤ ਗੱਲਬਾਤ ਕਰਕੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਦੇ ਆਗੂ ਜਗਸੀਰ ਸਿੰਘ ਗੰਢੂਆਂ, ਸਲੀਮ ਮੁਹੰਮਦ, ਜਸਵਿੰਦਰ ਕੌਰ,ਅਮਨਦੀਪ ਸ਼ਾਸਤਰੀ, ਅਮਰਜੋਤ ਜੋਸ਼ੀ, ਭੁਪਿੰਦਰ ਕੌਰ, ਸੋਨਾ ਜੈਨ, ਰਮਨਦੀਪ ਸ਼ਰਮਾ, ਸੰਦੀਪ ਕੌਰ, ਦੀਪਿਕਾ ਅਹੂਜਾ, ਅਮਨ ਸ਼ਰਮਾ, ਜਸਵੀਰ ਕੌਰ ਗੰਢੂਆਂ, ਗੋਪਾਲ ਕ੍ਰਿਸ਼ਨ, ਗੁਰਜਿੰਦਰ ਸਿੰਘ, ਗੁਰਜੀਤ ਸਿੰਘ, ਜਗਤਾਰ ਸਿੰਘ, ਰਾਕੇਸ਼ ਕੁਮਾਰ ਹਾਜ਼ਰ ਸਨ।